ਕਰਤਾਰਪੁਰ ਦੀ ਲੜਾਈ
ਪ੍ਰਸ਼ਨ. ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਹੋਈ ਕਰਤਾਰਪੁਰ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ : 1635 ਈ. ਵਿੱਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਕਰਤਾਰਪੁਰ ਵਿਖੇ ਤੀਸਰੀ ਲੜਾਈ ਹੋਈ। ਇਹ ਲੜਾਈ ਪੈਂਦਾ ਖ਼ਾਂ ਕਾਰਨ ਹੋਈ। ਉਹ ਗੁਰੂ ਹਰਿਗੋਬਿੰਦ ਸਾਹਿਬ ਦੀ ਫ਼ੌਜ ਵਿੱਚ ਪਠਾਣ ਟੁਕੜੀ ਦਾ ਸੈਨਾਪਤੀ ਸੀ।
ਅੰਮ੍ਰਿਤਸਰ ਦੀ ਲੜਾਈ ਵਿੱਚ ਉਸ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਸੀ। ਪਰ ਹੁਣ ਉਹ ਬੜਾ ਘਮੰਡੀ ਹੋ ਗਿਆ ਸੀ। ਉਸ ਨੇ ਗੁਰੂ ਸਾਹਿਬ ਦਾ ਇੱਕ ਬਾਜ਼ ਚੁਰਾ ਕੇ ਆਪਣੇ ਜਵਾਈ ਨੂੰ ਦੇ ਦਿੱਤਾ। ਗੁਰੂ ਸਾਹਿਬ ਦੇ ਪੁੱਛਣ ‘ਤੇ ਉਸ ਨੇ ਉਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੂੰ ਬਾਜ਼ ਬਾਰੇ ਕੋਈ ਜਾਣਕਾਰੀ ਹੈ। ਬਾਅਦ ਵਿੱਚ ਜਦੋਂ ਗੁਰੂ ਸਾਹਿਬ ਨੂੰ ਪੈਂਦਾ ਖ਼ਾਂ ਦੇ ਝੂਠ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਪੈਂਦਾ ਖ਼ਾਂ ਨੂੰ ਨੌਕਰੀ ਵਿੱਚੋਂ ਕੱਢ ਦਿੱਤਾ।
ਪੈਂਦਾ ਖ਼ਾਂ ਨੇ ਇਸ ਅਪਮਾਨ ਦਾ ਬਦਲਾ ਲੈਣ ਦਾ ਫੈਸਲਾ ਕੀਤਾ। ਉਹ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਸ਼ਰਨ ਵਿੱਚ ਚਲਾ ਗਿਆ। ਉਸ ਨੇ ਸ਼ਾਹਜਹਾਂ ਨੂੰ ਗੁਰੂ ਸਾਹਿਬ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ਬਹੁਤ ਉਕਸਾਇਆ।
ਸਿੱਟੇ ਵਜੋਂ ਸ਼ਾਹਜਹਾਂ ਨੇ ਪੈਂਦਾ ਖ਼ਾਂ ਅਤੇ ਕਾਲੇ ਖ਼ਾਂ ਅਧੀਨ ਇੱਕ ਵਿਸ਼ਾਲ ਸੈਨਾ ਗੁਰੂ ਹਰਿਗੋਬਿੰਦ ਜੀ ਦੇ ਵਿਰੁੱਧ ਭੇਜੀ। ਕਰਤਾਰਪੁਰ ਵਿਖੇ ਦੋਹਾਂ ਫ਼ੌਜਾਂ ਵਿਚਾਲੇ ਬੜੀ ਘਮਸਾਣ ਦੀ ਲੜਾਈ ਹੋਈ। ਇਸ ਲੜਾਈ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਦੋ ਪੁੱਤਰਾਂ ਭਾਈ ਗੁਰਦਿੱਤਾ ਜੀ ਅਤੇ ਤੇਗ਼ ਬਹਾਦਰ ਜੀ ਨੇ ਵੀ ਆਪਣੇ ਬਹਾਦਰੀ ਦੇ ਜੌਹਰ ਵਿਖਾਏ। ਇਸ ਲੜਾਈ ਵਿੱਚ ਗੁਰੂ ਸਾਹਿਬ ਨਾਲ ਲੜਦੇ ਹੋਏ ਕਾਲੇ ਖ਼ਾਂ, ਪੈਂਦਾ ਖ਼ਾਂ ਅਤੇ ਉਸ ਦਾ ਪੁੱਤਰ ਕੁਤਬ ਖ਼ਾਂ ਮਾਰੇ ਗਏ। ਮੁਗ਼ਲ ਫ਼ੌਜਾਂ ਦਾ ਵੀ ਭਾਰੀ ਗਿਣਤੀ ਵਿੱਚ ਨੁਕਸਾਨ ਹੋਇਆ ਅਤੇ ਅੰਤ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਸ ਤਰ੍ਹਾਂ ਗੁਰੂ ਜੀ ਨੂੰ ਇੱਕ ਹੋਰ ਸ਼ਾਨਦਾਰ ਜਿੱਤ ਪ੍ਰਾਪਤ ਹੋਈ।