ਔਖੇ ਸ਼ਬਦਾਂ ਦੇ ਅਰਥ : ਬੁੱਲ੍ਹਾ ਕੀ ਜਾਣਾ ਮੈਂ ਕੌਣ


ਮੋਮਨ : ਮੁਸਲਮਾਨੀ ਸ਼ਰ੍ਹਾ ਦਾ ਪਾਬੰਦ ।

ਕੁਫਰ : ਝੂਠ ।

ਪਾਕਾਂ : ਪਵਿੱਤਰ ਲੋਕ।

ਪਲੀਤਾਂ : ਅਪਵਿੱਤਰ ਲੋਕ ।

ਮੂਸਾ : ਯਹੂਦੀਆਂ ਦਾ ਧਰਮ-ਗੁਰੂ, ਜੋ ਈਸਾ ਤੋਂ 1200 ਵਰ੍ਹੇ ਪਹਿਲਾਂ ਹੋਇਆ ।

ਫਿਰਔਨ : ਫਰਊਨ ਫਰਊਨ ਮਿਸਰ ਦਾ ਇਕ ਹੰਕਾਰੀ ਤੇ ਜ਼ਾਲਮ ਬਾਦਸ਼ਾਹ ਸੀ, ਜਿਸ ਦਾ ਮਾਣ ਮੂਸਾ ਨੇ ਤੋੜਿਆ ਸੀ।

ਵੇਦ : ਹਿੰਦੂ ਧਰਮ ਦੇ ਚਾਰ ਵੇਦ ।

ਕਿਤਾਬਾਂ : ਇਸਲਾਮ ਦੇ ਧਰਮ-ਗ੍ਰੰਥ ।

ਰਿੰਦਾਂ : ਮਲੰਗਾਂ ।

ਮਸਤ ਖ਼ਰਾਬਾਂ : ਸ਼ਰਾਬ ਵਿੱਚ ਬਦਮਸਤ ।

ਸ਼ਾਦੀ : ਖ਼ੁਸ਼ੀ ।

ਗ਼ਮਨਾਕੀ : ਗ਼ਮੀ ।

ਪਲੀਤੀ : ਗੰਦਗੀ, ਅਪਵਿੱਤਰ ।

ਪਾਕੀ : ਪਵਿੱਤਰ ।

ਆਬੀ : ਪਾਣੀ ਦਾ ਬਣਿਆ ਹੋਇਆ ।

ਖ਼ਾਕੀ : ਮਿੱਟੀ ਦਾ ਬਣਿਆ ਹੋਇਆ।

ਆਤਸ਼ : ਅੱਗ ।

ਸ਼ਹਿਰ ਨਗੌਰੀ : ਨਗੌਰ ਸ਼ਹਿਰ ਦਾ ਵਾਸੀ ।

ਨਦੌਣ : ਜ਼ਿਲ੍ਹਾ ਕਾਂਗੜਾ ਦਾ ਇਕ ਸ਼ਹਿਰ, ਜਿੱਥੇ ਸੂਫ਼ੀਆਂ ਦਾ ਪ੍ਰਸਿੱਧ ‘ਤਕੀਆ’ ਹੈ ।

ਆਦਮ ਹੱਵਾ : ਸੰਸਾਰ ਦੇ ਪਹਿਲੇ ਆਦਮੀ ਤੇ ਤੀਵੀਂ, ਜਿਨ੍ਹਾਂ ਨੂੰ ਰੱਬ ਨੇ ਆਪਣੇ ਸਵਰਗ ਵਿੱਚੋਂ ਕੱਢ ਕੇ ਧਰਤੀ ‘ਤੇ ਸੁੱਟ ਦਿੱਤਾ ਸੀ । ਕਹਿੰਦੇ ਹਨ ਕਿ ਉਨ੍ਹਾਂ ਦੋਹਾਂ ਦੀ ਔਲਾਦ ਇਹ ਸਾਰੀ ਸ੍ਰਿਸ਼ਟੀ ਹੈ ।

ਨਾ ਵਿੱਚ ਬੈਠਣ ਨਾ ਵਿੱਚ ਭੌਣ : ਫ਼ਕੀਰ ਦੋ ਤਰ੍ਹਾਂ ਦੇ ਹੁੰਦੇ ਸਨ : ਇਕ ਡੇਰਾ ਲਾ ਕੇ ਬੈਠਣ ਵਾਲੇ, ਜਿਨ੍ਹਾਂ ਨੂੰ ‘ਕੁਟੀਚਰ’ ਕਿਹਾ ਜਾਂਦਾ ਹੈ ਅਤੇ ਦੂਸਰੇ ਥਾਂ-ਥਾਂ ਘੁੰਮਣ ਵਾਲੇ, ਜਿਨ੍ਹਾਂ ਨੂੰ ‘ਜੰਗਮ’ ਕਿਹਾ ਜਾਂਦਾ ਹੈ ।

ਅੱਵਲ ਆਖ਼ਰ : ਸ਼ੁਰੂ ਤੋਂ ਅਖ਼ੀਰ ਤਕ, ਇੱਕ ਗੱਲ ।

ਸਿਆਣਾ : ਪਛਾਣਾ ।


‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਕਾਫ਼ੀ ਦਾ ਕੇਂਦਰੀ ਭਾਵ

ਪ੍ਰਸ਼ਨ. ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਕਾਫ਼ੀ ਦਾ ਕੇਂਦਰੀ (ਅੰਤ੍ਰੀਵ) ਭਾਵ ਲਿਖੋ।

ਉੱਤਰ : ਸੂਫ਼ੀ ਰਹੱਸਵਾਦੀ ਅਨੁਭਵ ਰਾਹੀਂ ਰੱਬ ਨਾਲ ਇਕਮਿਕਤਾ ਨੂੰ ਪ੍ਰਾਪਤ ਕਰ ਕੇ ਮਨੁੱਖ ਦੀ ਆਪਣੀ ‘ਮੈਂ’ ਦੀ ਕਿਸੇ ਸਥਿਤੀ ਵਿੱਚ ਵੀ ਕੋਈ ਹੋਂਦ ਨਹੀਂ ਰਹਿੰਦੀ ਤੇ ਉਸ ਨੂੰ ਆਪਣੀ ‘ਮੈਂ’ ਸਮੇਤ ਸਾਰਾ ਸੰਸਾਰ ਰੱਬ ਦਾ ਰੂਪ ਹੀ ਦਿਖਾਈ ਦਿੰਦਾ ਹੈ।