ਉੱਤਰ ਪੱਛਮੀ ਸੀਮਾ ਨੀਤੀ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਕੀ ਮਹੱਤਵ ਹੈ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਪੰਜਾਬ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਤੋਂ ਮਹਾਰਾਜੇ ਦੀ ਦੂਰ-ਦ੍ਰਿਸ਼ਟੀ, ਕੂਟਨੀਤੀ ਅਤੇ ਪ੍ਰਸ਼ਾਸਨਿਕ ਯੋਗਤਾ ਦਾ ਪ੍ਰਮਾਣ ਮਿਲਦਾ ਹੈ। ਉਨ੍ਹਾਂ ਨੇ ਮੁਲਤਾਨ, ਕਸ਼ਮੀਰ, ਪਿਸ਼ਾਵਰ ਆਦਿ ਪ੍ਰਦੇਸ਼ਾਂ ‘ਤੇ ਕਬਜ਼ਾ ਕਰਕੇ ਅਫ਼ਗਾਨਿਸਤਾਨ ਦਾ ਇਨ੍ਹਾਂ ਪ੍ਰਦੇਸ਼ਾਂ ‘ਤੇ ਪ੍ਰਭਾਵ ਖ਼ਤਮ ਕਰ ਦਿੱਤਾ। ਇਹ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਮਹਾਨ ਸਫਲਤਾ ਸੀ ਕਿ ਉਨ੍ਹਾਂ ਨੇ ਉੱਤਰ-ਪੱਛਮੀ ਸੀਮਾ ਪ੍ਰਦੇਸ਼ਾਂ ਵਿੱਚ ਹੋਣ ਵਾਲੇ ਵਿਦਰੋਹਾਂ ਨੂੰ ਕੁਚਲ ਕੇ ਉੱਥੇ ਸ਼ਾਂਤੀ ਦੀ ਸਥਾਪਨਾ ਕੀਤੀ।
ਮਹਾਰਾਜਾ ਰਣਜੀਤ ਸਿੰਘ ਨੇ ਕਬੀਲਿਆਂ ਵਿੱਚ ਪ੍ਰਚਲਿਤ ਕਾਨੂੰਨਾਂ ਅਤੇ ਰਸਮਾਂ-ਰਿਵਾਜਾਂ ਨੂੰ ਬਣਾਈ ਰੱਖਿਆ। ਉਹ ਫਜੂਲ ਹੀ ਉਨ੍ਹਾਂ ਦੇ ਮਾਮਲਿਆਂ ਵਿੱਚ ਦਖਲ-ਅੰਦਾਜ਼ੀ ਨਹੀਂ ਕਰਦੇ ਸਨ।
ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਆਵਾਜਾਈ ਦੇ ਸਾਧਨਾਂ ਨੂੰ ਵਿਕਸਿਤ ਕੀਤਾ। ਖੇਤੀ-ਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਗਏ। ਲਗਾਨ ਦੀ ਦਰ ਵਿੱਚ ਪਹਿਲਾਂ ਨਾਲੋਂ ਬਹੁਤ ਕਮੀ ਕਰ ਦਿੱਤੀ ਗਈ। ਸਿੱਟੇ ਵਜੋਂ ਨਾ ਕੇਵਲ ਉੱਥੋਂ ਦੇ ਲੋਕ ਖੁਸ਼ਹਾਲ ਹੋਏ ਸਗੋਂ ਰਣਜੀਤ ਸਿੰਘ ਦੇ ਵਪਾਰ ਨੂੰ ਵੀ ਇੱਕ ਨਵਾਂ ਉਤਸ਼ਾਹ ਮਿਲਿਆ। ਇਨ੍ਹਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਆਪਣੇ ਸਾਮਰਾਜ ਨੂੰ ਅਫ਼ਗਾਨਾਂ ਦੇ ਹਮਲਿਆਂ ਤੋਂ ਸੁਰੱਖਿਅਤ ਰੱਖਣ ਵਿੱਚ ਸਫਲ ਰਹੇ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਕਾਫ਼ੀ ਸਫਲ ਰਹੀ।