ਉੱਡਣਾ ਸਿੱਖ – ਮਿਲਖਾ ਸਿੰਘ (ਜੀਵਨੀ) – ਪ੍ਰਕਾਸ਼ ਸਿੰਘ ਗਿੱਲ
ਸਾਹਿਤਕ ਰੰਗ – 2
ਦਸਵੀਂ ਜਮਾਤ
ਪ੍ਰਸ਼ਨ 1 . ਮਿਲਖਾ ਸਿੰਘ ਨੇ ਕਿੰਨੇ ਦੌੜ ਮੁਕਾਬਲਿਆਂ ‘ਚ ਹਿੱਸਾ ਲਿਆ ਅਤੇ ਕਿੰਨੇ ਮੁਕਾਬਲਿਆਂ ਵਿਚ ਜਿੱਤ ਹਾਸਲ ਕੀਤੀ ?
ਉੱਤਰ – ਮਿਲਖਾ ਸਿੰਘ ਨੇ ਕੁੱਲ ਬਿਆਸੀ (82) ਦੌੜ ਮੁਕਾਬਲਿਆਂ ‘ਚ ਹਿੱਸਾ ਲਿਆ ਸੀ। ਜਿਨ੍ਹਾਂ ਵਿਚੋਂ ਉਸ ਨੇ ਉਨਾਸੀ (79) ਦੌੜ ਮੁਕਾਬਲਿਆਂ ਵਿਚ ਜਿੱਤ ਹਾਸਲ ਕੀਤੀ ਸੀ।
ਪ੍ਰਸ਼ਨ 2 . ਚਾਰ ਸੌ ਮੀਟਰ ਦੀ ਦੌੜ ਵਿੱਚ ਜਗਤ – ਪ੍ਰਸਿੱਧੀ ਹਾਸਲ ਕਰਨ ਲਈ ਮਿਲਖਾ ਸਿੰਘ ਨੂੰ ਕਿੰਨਾ ਕੁ ਅਭਿਆਸ ਕਰਨਾ ਪਿਆ ?
ਉੱਤਰ – ਚਾਰ ਸੌ ਮੀਟਰ ਦੀ ਦੌੜ ਵਿੱਚ ਜਗਤ – ਪ੍ਰਸਿੱਧੀ ਹਾਸਲ ਕਰਨ ਲਈ ਮਿਲਖਾ ਸਿੰਘ ਨੂੰ ਤੀਹ ਹਜ਼ਾਰ ਮੀਲ ਦੌੜਨ ਦਾ ਅਭਿਆਸ ਕਰਨਾ ਪਿਆ ।
ਪ੍ਰਸ਼ਨ 3 . ਮੈਲਬਰਨ ਦੀ ਕਿਹੜੀ ਚੀਜ਼ ਨੇ ਮਿਲਖਾ ਸਿੰਘ ਨੂੰ ਪ੍ਰਭਾਵਿਤ ਕੀਤਾ ?
ਉੱਤਰ – ਮੈਲਬਰਨ ਦੇ ਵਿਸ਼ਾਲ ਸਟੇਡੀਅਮ ਅਤੇ ਜੇਤੂਆਂ ਦੇ ਸ਼ਾਹੀ ਸਨਮਾਨ ਨੇ ਮਿਲਖਾ ਸਿੰਘ ਨੂੰ ਪ੍ਰਭਾਵਿਤ ਕੀਤਾ। ਉਹ ਉੱਥੋਂ ਦਾ ਵਿਸ਼ਾਲ ਤੇ ਰੰਗ – ਬਰੰਗਾ ਸਟੇਡੀਅਮ ਵੇਖ ਕੇ ਹੈਰਾਨ ਰਹਿ ਗਿਆ। ਜੇਤੂਆਂ ਦਾ ਸ਼ਾਹੀ ਸਨਮਾਨ ਵੇਖ ਕੇ ਉਸ ਦੇ ਮਨ ਵਿਚ ਨਵਾਂ ਉਤਸ਼ਾਹ ਜਾਗਿਆ। ਭਾਵੇਂ ਉਹ ਉੱਥੋਂ ਦੌੜਾਂ ਵਿੱਚ ਹਾਰ ਗਿਆ ਪਰ ਅਗਾਂਹ ਜਿੱਤਣ ਲਈ ਨਵਾਂ ਉਤਸ਼ਾਹ ਲੈ ਕੇ ਮੁੜਿਆ।
ਪ੍ਰਸ਼ਨ 4 . 1958 ਦੀਆਂ ਟੋਕੀਓ ਏਸ਼ਿਆਈ ਖੇਡਾਂ ਵਿੱਚ ਮਿਲਖਾ ਸਿੰਘ ਮੂਹਰੇ ਕਿਹੜਾ ਖਿਡਾਰੀ ਸਭ ਤੋਂ ਵੱਡੀ ਚੁਨੌਤੀ ਸੀ?
ਉੱਤਰ – 1958 ਦੀਆਂ ਟੋਕੀਓ ਏਸ਼ਿਆਈ ਖੇਡਾਂ ਵਿੱਚ ਮਿਲਖਾ ਸਿੰਘ ਮੂਹਰੇ ਪਾਕਿਸਤਾਨ ਦਾ ਖਿਡਾਰੀ ਅਬਦੁਲ ਖ਼ਾਲਿਦ ਸਭ ਤੋਂ ਵੱਡੀ ਚੁਨੌਤੀ ਸੀ।
ਪ੍ਰਸ਼ਨ 5 . ਕਿਹੜੀ ਦੌੜ ਜਿੱਤਣ ਪਿੱਛੋਂ ਦੁਨੀਆਂ ਵਿੱਚ ਮਿਲਖਾ ਸਿੰਘ – ਮਿਲਖਾ ਸਿੰਘ ਹੋ ਗਈ ਸੀ ?
ਉੱਤਰ – 1958 ਵਿੱਚ ਟੋਕੀਓ ਵਿੱਚ ਦੌੜ ਜਿੱਤਣ ਪਿੱਛੋਂ ਦੁਨੀਆਂ ਭਰ ਵਿੱਚ ਮਿਲਖਾ ਸਿੰਘ – ਮਿਲਖਾ ਸਿੰਘ ਹੋ ਗਈ ਸੀ। ਇਹ ਇੱਕ ਫ਼ੈਸਲਾਕੁਨ ਦੌੜ ਸੀ, ਕਿਉਂਕਿ ਇਸ ਦੌੜ ਵਿੱਚ ਉਸ ਦਾ ਮੁਕਾਬਲਾ ਪਾਕਿਸਤਾਨ ਦੇ ਖਿਡਾਰੀ ਅਬਦੁਲ ਖ਼ਾਲਿਦ ਨਾਲ ਸੀ, ਜੋ 200 ਮੀਟਰ ਦਾ ਤੇਜ਼ ਤਰਾਰ ਦੌੜਾਕ ਸੀ।
ਪ੍ਰਸ਼ਨ 6 . ਮਿਲਖਾ ਸਿੰਘ ਨੂੰ ‘ਫ਼ਲਾਇੰਗ ਸਿੱਖ’ ਦਾ ਖ਼ਿਤਾਬ ਸੱਭ ਤੋਂ ਪਹਿਲਾਂ ਕਿੱਥੇ ਮਿਲਿਆ ?
ਉੱਤਰ – ਮਿਲਖਾ ਸਿੰਘ ਨੂੰ ‘ਫ਼ਲਾਇੰਗ ਸਿੱਖ’ ਦਾ ਖ਼ਿਤਾਬ ਸੱਭ ਤੋਂ ਪਹਿਲਾਂ ਲਹੌਰ ਵਿੱਚ ਮਿਲਿਆ। ਉਸਨੇ ਇੰਡੋ – ਪਾਕਿ ਮੀਟ ਲਹੌਰ ਵਿੱਚ ਹਿੱਸਾ ਲਿਆ। ਇੰਚਾਂ ਜਾਂ ਫੁੱਟਾਂ ਦੀ ਥਾਂ ਗਜ਼ਾਂ ਦੇ ਫ਼ਾਸਲੇ ਨਾਲ ਜਿੱਤ ਹਾਸਲ ਕੀਤੀ। ਉਸ ਦੀ ਸ਼ਾਨਦਾਰ ਜਿੱਤ ਨੂੰ ਦੇਖ ਕੇ ਅਨਾਉਂਸਰ ਨੇ ਕਿਹਾ ਕਿ ਮਿਲਖਾ ਸਿੰਘ ਨੇ ਇਹ ਦੌੜ, ਦੌੜ ਕੇ ਨਹੀਂ, ਸਗੋਂ ਉੱਡ ਕੇ ਪੂਰੀ ਕੀਤੀ ਹੈ। ਇਸਲਈ ਮਿਲਖਾ ਸਿੰਘ ਨੂੰ ‘ਫ਼ਲਾਇੰਗ ਸਿੱਖ’ ਕਹਿਣਾ ਚਾਹੀਦਾ ਹੈ।
ਪ੍ਰਸ਼ਨ 7 . ਮਿਲਖਾ ਸਿੰਘ ਕਿਹੜੀ ਦੌੜ ਕਾਰਨ ਉਦਾਸ ਹੋ ਗਿਆ ?
ਉੱਤਰ – ਮਿਲਖਾ ਸਿੰਘ ਰੋਮ ਵਿੱਚ ਹੋਈ ਦੌੜ ਕਾਰਨ ਉਦਾਸ ਹੋ ਗਿਆ ਸੀ ਕਿਉਂਕਿ ਇਥੇ ਉਹ ਚਾਰ ਸੌ ਮੀਟਰ ਦੀ ਦੌੜ ਹਾਰ ਗਿਆ ਸੀ। ਇਸ ਤੋਂ ਪਹਿਲਾਂ ਉਸ ਨੇ 400 ਮੀਟਰ ਦੌੜ ਜਿੱਤ ਕੇ ਸ਼ਾਨਦਾਰ ਕੀਰਤੀਮਾਨ ਸਥਾਪਤ ਕੀਤੇ ਸਨ ਤੇ ਉਸ ਨੇ ਆਪ ਹੀ ਫ਼ੈਸਲਾ ਕੀਤਾ ਸੀ ਕਿ ਉਹ ਕੇਵਲ 400 ਮੀਟਰ ਦੀ ਦੌੜ ਹੀ ਦੌੜੇਗਾ ਤੇ ਦੋ ਸੌ ਮੀਟਰ ਦੀ ਦੌੜ ਛੱਡ ਦੇਵੇਗਾ। ਇਸਲਈ ਉਸ ਨੂੰ ਆਪਣੇ ਫੈਸਲੇ ਤੇ ਪਛਤਾਵਾ ਵੀ ਹੋ ਰਿਹਾ ਸੀ ਤੇ ਉਹ ਉਦਾਸ ਹੋ ਗਿਆ।
ਪ੍ਰਸ਼ਨ 8 . ਫੌਜੀ ਅਥਲੀਟਾਂ ਦੀ ਟੀਮ ਦੇ ਕਪਤਾਨ ਵਜੋਂ ਮਿਲਖਾ ਸਿੰਘ ਨੇ ਕੀ – ਕੀ ਪ੍ਰਾਪਤੀਆਂ ਕੀਤੀਆਂ ?
ਉੱਤਰ – ਫੌਜੀ ਅਥਲੀਟਾਂ ਦੀ ਟੀਮ ਦੇ ਕਪਤਾਨ ਵਜੋਂ ਮਿਲਖਾ ਸਿੰਘ ਨੂੰ ਦੌੜ ਦੇ ਕਾਫ਼ੀ ਸਖ਼ਤ ਮੁਕਾਬਲੇ ਪੇਸ਼ ਆਏ। ਸਵੀਡਨ ਵਿਚ ਚਾਰ ਸੌ ਮੀਟਰ (400/੪00) ਦੌੜ ਦੌੜਦਿਆਂ ਉਸਨੇ ਆਪਣਾ ਪਹਿਲਾ ਉਲੰਪਿਕ ਰਿਕਾਰਡ 45.9 ਸੈਕੰਡ ਕਾਇਮ ਰੱਖਿਆ। ਪੈਰਿਸ ਵਿੱਚ ਦੌੜਦਿਆਂ ਉਸਨੇ 45.8 ਸੈਕੰਡ ਟਾਈਮ ਕੱਢਿਆ।
ਪ੍ਰਸ਼ਨ 9 . ਇਸ ਸਿੱਖੜੇ ਨੇ ਮੇਰਾ ਧੱਕਾ ਕਿੱਥੋਂ ਸਹਿਣਾ ਏ? ਇਹ ਵਾਕ ਕਿਸ ਨੇ, ਕਿਸ ਨੂੰ, ਕਦੋਂ ਅਤੇ ਕਿਉਂ ਕਹੇ ?
ਉੱਤਰ – ਇਹ ਵਾਕ ਪਾਕਿਸਤਾਨ ਦੇ ਤੇਜ਼ ਦੌੜਾਕ ਅਬਦੁਲ ਖ਼ਾਲਿਦ ਨੇ ਖੇਡ ਅਧਿਕਾਰੀਆਂ ਨੂੰ ਵਿਅੰਗ ਵਿੱਚ ਉਦੋਂ ਕਹੇ ਜਦੋਂ ਉਹ ਉਸਦੀ ਜਾਨ ਪਹਿਚਾਣ ਮਿਲਖਾ ਸਿੰਘ ਨਾਲ ਕਰਵਾ ਰਹੇ ਸਨ।
ਪ੍ਰਸ਼ਨ 10 . ਮਿਲਖਾ ਸਿੰਘ ਦੇ ਨਾਂ ਕਿਹੜਾ ਵਿਸ਼ਵ ਰਿਕਾਰਡ ਦਰਜ ਹੈ ?
ਉੱਤਰ – ਮਿਲਖਾ ਸਿੰਘ ਦੇ ਨਾਂ ‘ਵਿਸ਼ਵ ਦੇ ਸਭ ਤੋਂ ਤੇਜ਼ ਦੌੜਾਕ’ ਹੋਣ ਦਾ ‘ਵਿਸ਼ਵ ਰਿਕਾਰਡ’ ਦਰਜ ਹੈ ਜੋ ਉਸਨੇ 1960 ਈ. ਵਿੱਚ 400 ਮੀਟਰ ਦੀ ਦੌੜ ਨੂੰ 45.6 ਸੈਕੰਡ ਵਿੱਚ ਜਿੱਤ ਕੇ ਹਾਸਲ ਕੀਤਾ।
ਪ੍ਰਸ਼ਨ 11 . ਮਿਲਖਾ ਸਿੰਘ ਨੂੰ ਕਿਹੜੇ – ਕਿਹੜੇ ਮਾਣ – ਸਨਮਾਨ ਮਿਲੇ ਤੇ ਉਸ ਦੀ ਸਵੈ – ਜੀਵਨੀ ਦਾ ਕੀ ਨਾਂ ਹੈ ?
ਉੱਤਰ – ਮਿਲਖਾ ਸਿੰਘ ਨੂੰ ‘ਪਦਮ ਸ੍ਰੀ’ ਦਾ ਸਨਮਾਨ ਮਿਲਿਆ ਤੇ
‘ਫ਼ਲਾਇੰਗ ਸਿੱਖ’ ਦਾ ਰੁੱਤਬਾ ਵੀ। ਉਸ ਦੀ ਸਵੈ – ਜੀਵਨੀ ਦਾ ਨਾਂ ਹੈ – ਫ਼ਲਾਇੰਗ ਸਿੱਖ ਮਿਲਖਾ ਸਿੰਘ।
ਪ੍ਰਸ਼ਨ 12 . ਮਿਲਖਾ ਸਿੰਘ ਫੌਜ ਵਿੱਚ ਕਦੋਂ ਤੇ ਕਿਸ ਤਰ੍ਹਾਂ ਭਰਤੀ ਹੋਇਆ ?
ਉੱਤਰ – ਮਿਲਖਾ ਸਿੰਘ ਫੌਜ ਵਿਚ 1952 ਵਿੱਚ ਭਰਤੀ ਹੋਇਆ। ਉਹ ਆਪਣੇ ਵੱਡੇ ਭਰਾ ਮੱਖਣ ਸਿੰਘ ਦੀ ਕੋਸ਼ਿਸ਼ ਰਾਹੀਂ ਫੌਜ ਵਿੱਚ ਭਰਤੀ ਹੋਇਆ ਕਿਉਂਕਿ ਉਸ ਦਾ ਭਰਾ ਵੀ ਮੁਲਤਾਨ ਵਿੱਚ ਫੌਜ ਵਿੱਚ ਨੌਕਰੀ ਕਰਦਾ ਸੀ।
ਉਸਦੀ ਛਾਤੀ ਦਾ ਨਾਪ ਘੱਟ ਹੋਣ ਕਰਕੇ ਉਸਨੂੰ ਸਫ਼ਲਤਾ ਨਹੀਂ ਮਿਲ ਰਹੀ ਸੀ, ਅਖੀਰ 1952 ਵਿੱਚ ਉਹ ਕਾਮਯਾਬ ਹੋ ਗਿਆ।
ਪ੍ਰਸ਼ਨ 13 . ਚਾਰ ਸੌ ਮੀਟਰ ਦੀ ਦੌੜ ਵਿੱਚ ਜਗਤ – ਪ੍ਰਸਿੱਧੀ ਹਾਸਲ ਕਰਨ ਲਈ ਮਿਲਖਾ ਸਿੰਘ ਨੂੰ ਕਿੰਨਾ ਕੁ ਅਭਿਆਸ ਕਰਨਾ ਪਿਆ ?
ਉੱਤਰ – ਚਾਰ ਸੌ ਮੀਟਰ ਦੀ ਦੌੜ ਵਿੱਚ ਜਗਤ – ਪ੍ਰਸਿੱਧੀ ਹਾਸਲ ਕਰਨ ਲਈ ਮਿਲਖਾ ਸਿੰਘ ਨੂੰ ਤੀਹ ਹਜ਼ਾਰ ਮੀਟਰ ਦੌੜਨ ਦਾ ਅਭਿਆਸ ਕਰਨਾ ਪਿਆ ਸੀ। ਉਹ ਦਿਨ ਰਾਤ ਅਭਿਆਸ ਕਰਦਾ।
ਪ੍ਰਸ਼ਨ 14 . ਮਿਲਖਾ ਸਿੰਘ ਦਾ ਪਾਲਨ ਪੋਸ਼ਣ ਕਿਸਨੇ ਕੀਤਾ ?
ਉੱਤਰ – ਮਿਲਖਾ ਸਿੰਘ ਦਾ ਪਾਲਨ ਪੋਸ਼ਣ ਉਸਦੀ ਸਭ ਤੋਂ ਵੱਡੀ ਭੈਣ ਨੇ ਕੀਤਾ ਸੀ ਕਿਉਂਕਿ ਬਚਪਨ ਤੋਂ ਹੀ ਉਸਦੇ ਸਿਰ ਤੋਂ ਮਾਤਾ – ਪਿਤਾ ਦਾ ਸਾਇਆ ਉੱਠ ਗਿਆ ਸੀ।
ਪ੍ਰਸ਼ਨ 15 . ਰੋਮ ਵਿੱਚ ਹੋਈ ਹਾਰ ਤੋਂ ਬਾਅਦ ਮਿਲਖਾ ਸਿੰਘ ਦੀ ਕੀ ਹਾਲਤ ਹੋਈ ਤੇ ਉਹ ਕਿਵੇਂ ਸੰਭਲਿਆ ?
ਉੱਤਰ – ਰੋਮ ਵਿੱਚ ਹੋਈ ਹਾਰ ਤੋਂ ਬਾਅਦ ਮਿਲਖਾ ਸਿੰਘ ਉਦਾਸ ਹੋ ਗਿਆ, ਪਰ ਆਪਣੇ ਦੋਸਤਾਂ – ਮਿੱਤਰਾਂ ਤੇ ਅਫ਼ਸਰਾਂ ਦੇ ਦਿਲਾਸੇ ਤੋਂ ਬਾਅਦ ਉਹ ਫਿਰ ਤੋਂ ਸੰਭਲ ਗਿਆ।
ਪ੍ਰਸ਼ਨ 16 . ਮਿਲਖਾ ਸਿੰਘ ਹੋਰੀਂ ਕਿੰਨੇ ਭੈਣ ਭਰਾ ਸਨ ਤੇ ਉਸ ਦਾ ਪਾਲਨ ਪੋਸ਼ਣ ਕਿਸ ਨੇ ਕੀਤਾ ?
ਉੱਤਰ – ਮਿਲਖਾ ਸਿੰਘ ਹੋਰੀਂ ਅੱਠ ਭੈਣ ਭਰਾ ਸਨ। ਇਹ ਆਪਣੇ ਸਾਰੇ ਭੈਣ ਭਰਾਵਾਂ ਨਾਲੋਂ ਛੋਟਾ ਸੀ। ਉਸਦੇ ਪੰਜ ਭਰਾ ਤੇ ਤਿੰਨ ਭੈਣਾਂ ਸਨ। ਉਸਦਾ ਪਾਲਣ ਪੋਸ਼ਣ ਉਸਦੀ ਸਭ ਤੋਂ ਵੱਡੀ ਭੈਣ ਨੇ ਕੀਤਾ ਸੀ ਕਿਉਂਕਿ ਮਿਲਖਾ ਸਿੰਘ ਅਜੇ ਬਚਪਨ ਵਿੱਚ ਹੀ ਸੀ, ਜਦੋਂ ਉਸਦੇ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ।
ਪ੍ਰਸ਼ਨ 17 .ਮਿਲਖਾ ਸਿੰਘ ਦੇ ਜੀਵਨ ਦੀਆਂ ਪਹਿਲੀਆਂ ਦੌੜਾਂ ਕਿਹੜੀਆਂ ਸਨ ?
ਉੱਤਰ – ਮਿਲਖਾ ਸਿੰਘ ਦੇ ਜੀਵਨ ਦੀਆਂ ਪਹਿਲੀਆਂ ਦੌੜਾਂ ਉਹ ਸਨ ਜਿਹੜੀਆਂ ਉਸਨੇ ਬਚਪਨ ਵਿੱਚ ਸਕੂਲ ਜਾਂਦੇ ਸਮੇਂ ਠੰਡੀ ਛਾਂ ਤਕ ਪਹੁੰਚਣ ਲਈ ਤਪਦੀਆਂ ਧੁੱਪਾਂ ਵਿੱਚ ਰੇਤਲੇ ਰਾਹਾਂ ‘ਤੇ ਦੌੜੀਆਂ ਸਨ। ਉਹ ਨੰਗੇ ਪੈਰੀਂ ਪੰਜ – ਛੇ ਮੀਲ ਦੂਰ ਸਕੂਲ ਪੜ੍ਹਨ ਲਈ ਜਾਂਦਾ ਸੀ। ਜਦੋਂ ਤਪਦੀਆਂ ਧੁੱਪਾਂ ਵਿੱਚ ਉਸਦੇ ਪੈਰ ਸੜਦੇ ਤਾਂ ਇਹ ਦੌੜ ਕੇ ਕਿਸੇ ਰੁੱਖ ਦੀ ਛਾਂ ਹੇਠ ਜਾ ਰੁੱਕਦਾ।
ਪ੍ਰਸ਼ਨ 18. ਮਿਲਖਾ ਸਿੰਘ ਨੇ ਦੌੜ ਨੂੰ ਅਲਵਿਦਾ ਕਦੋਂ ਆਖੀ ?
ਉੱਤਰ – ਮਿਲਖਾ ਸਿੰਘ ਨੇ ਸਨ 1964 ਦੀਆਂ ਉਲੰਪਿਕ ਖੇਡਾਂ ਵਿੱਚ ਤੀਜੀ ਵਾਰ ਹਿੱਸਾ ਲਿਆ। ਅਖ਼ੀਰ ਟੋਕੀਓ ਦੀ ਓਲੰਪਿਕ ਦੌੜ ਦੌੜਨ ਪਿੱਛੋਂ ਦੌੜ ਨੂੰ ਅਲਵਿਦਾ ਕਹਿ ਕੇ ਕਿੱਲਾਂ ਵਾਲੇ ਬੂਟ ਕਿੱਲੀ ਉੱਤੇ ਟੰਗ ਦਿੱਤੇ, ਜੋ ਵੰਗਾਰ ਰਹੇ ਹਨ, ਆਵੇ ਕੋਈ ਨਿਤਰੇ।
ਵਿਦਿਆਰਥੀਆਂ ਨੂੰ ਇਹ ਤਸਦੀਕ ਦਿੱਤੀ ਜਾਂਦੀ ਹੈ ਕਿ ਉਹ ਪੂਰਾ ਪਾਠ ਧਿਆਨ ਨਾਲ ਪੜ੍ਹ ਕੇ ਪ੍ਰੀਖਿਆ ਦੇਣ ਜਾਣ, ਕਿਉਂਕਿ ਕਈ ਵਾਰ ਪੇਪਰ ਪਾਠ ਦੇ ਵਿੱਚੋਂ ਆ ਜਾਂਦਾ ਹੈ।