ਉਦਾਸੀ ਪ੍ਰਥਾ / ਉਦਾਸੀ ਮਤ
ਪ੍ਰਸ਼ਨ. ਉਦਾਸੀ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ : 1. ਬਾਬਾ ਸ੍ਰੀ ਚੰਦ ਜੀ : ਉਦਾਸੀ ਮਤ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਕੀਤੀ ਸੀ। ਇਹ ਮਤ ਸੰਨਿਆਸ ਜਾਂ ਤਿਆਗ ਦੇ ਜੀਵਨ ‘ਤੇ ਜ਼ੋਰ ਦਿੰਦਾ ਸੀ ਜਦਕਿ ਗੁਰੂ ਨਾਨਕ ਦੇਵ ਜੀ ਗ੍ਰਹਿਸਥ ਜੀਵਨ ਦੇ ਹੱਕ ਵਿੱਚ ਸਨ। ਉਦਾਸੀ ਮਤ ਦੇ ਬਾਕੀ ਸਾਰੇ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨਾਲ ਮਿਲਦੇ ਸਨ। ਇਸ ਕਾਰਨ ਬਹੁਤ ਸਾਰੇ ਸਿੱਖ ਉਦਾਸੀ ਮਤ ਨੂੰ ਮਾਨਤਾ ਦੇਣ ਲੱਗ ਪਏ ਸਨ। ਅਜਿਹੇ ਹਾਲਾਤ ਵਿੱਚ ਇਹ ਖ਼ਤਰਾ ਪੈਦਾ ਹੋ ਗਿਆ ਕਿ ਕਿਤੇ ਸਿੱਖ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਭੁੱਲ ਕੇ ਉਦਾਸੀ ਮਤ ਨਾ ਅਪਣਾ ਲੈਣ। ਇਸ ਸੰਬੰਧੀ ਇੱਕ ਤਕੜੇ ਅਤੇ ਤੁਰੰਤ ਨਿਰਣੇ ਦੀ ਲੋੜ ਸੀ।
2. ਗੁਰੂ ਅੰਗਦ ਦੇਵ ਜੀ : ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮਤ ਦਾ ਕਰੜਾ ਵਿਰੋਧ ਕੀਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਦਾਸੀ ਮਤ ਦੇ ਸਿਧਾਂਤ ਸਿੱਖ ਧਰਮ ਦੇ ਸਿਧਾਂਤਾਂ ਤੋਂ ਉਲਟ ਹਨ ਅਤੇ ਜਿਹੜਾ ਸਿੱਖ ਇਸ ਮਤ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਸੱਚਾ ਸਿੱਖ ਨਹੀਂ ਹੋ ਸਕਦਾ।
3. ਗੁਰੂ ਅਮਰਦਾਸ ਜੀ : ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਇਹ ਸਮਝਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਕਿ ਸਿੱਖ ਮਤ ਉਦਾਸੀ ਮਤ ਨਾਲੋਂ ਬਿਲਕੁਲ ਵੱਖਰਾ ਹੈ। ਗੁਰੂ ਸਾਹਿਬ ਦੇ ਅਣਥੱਕ ਯਤਨਾਂ ਸਦਕਾ ਸਿੱਖਾਂ ਨੇ ਉਦਾਸੀ ਮਤ ਤੋਂ ਆਪਣੇ ਸੰਬੰਧ ਤੋੜ ਲਏ।
4. ਗੁਰੂ ਰਾਮਦਾਸ ਜੀ : ਗੁਰੂ ਰਾਮਦਾਸ ਜੀ ਦੀ ਗੁਰਿਆਈ ਕਾਲ ਦੀ ਇੱਕ ਹੋਰ ਮਹੱਤਵਪੂਰਨ ਘਟਨਾ ਉਦਾਸੀਆਂ ਦਾ ਸਿੱਖਾਂ ਨਾਲ ਸਮਝੌਤਾ ਕਰਨਾ ਸੀ। ਇੱਕ ਵਾਰੀ ਉਦਾਸੀ ਮਤ ਦੇ ਮੋਢੀ ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਏ। ਸ੍ਰੀ ਚੰਦ ਜੀ ਗੁਰੂ ਸਾਹਿਬ ਦੀ ਨਿਮਰਤਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਦਿਨ ਤੋਂ ਬਾਅਦ ਸਿੱਖ ਮਤ ਦਾ ਵਿਰੋਧ ਕਰਨਾ ਬੰਦ ਕਰ ਦਿੱਤਾ। ਸਿੱਖਾਂ ਦਾ ਉਦਾਸੀਆਂ ਨਾਲ ਇਹ ਸਮਝੌਤਾ ਸਿੱਖ ਪੰਥ ਲਈ ਬੜਾ ਲਾਹੇਵੰਦ ਸਿੱਧ ਹੋਇਆ। ਇਸ ਨਾਲ ਇੱਕ ਤਾਂ ਸਿੱਖਾਂ ਅਤੇ ਉਦਾਸੀਆਂ ਵਿਚਕਾਰ ਚਲਿਆ ਆ ਰਿਹਾ ਆਪਸੀ ਤਣਾਅ ਦੂਰ ਹੋ ਗਿਆ। ਦੂਜਾ, ਉਦਾਸੀਆਂ ਨੇ ਸਿੱਖ ਮਤ ਦੇ ਪ੍ਰਚਾਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।