ਉਖਲੀਆਂ ਨਾਸਾਂ……….ਘਣੀਅਰ ਕਾਲੇ॥
ਬੀਰ-ਕਾਵਿ : ਗੁਰੂ ਗੋਬਿੰਦ ਸਿੰਘ ਜੀ
ਚੰਡੀ ਦੀ ਵਾਰ : ਗੁਰੂ ਗੋਬਿੰਦ ਸਿੰਘ ਜੀ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ :
ਉਖਲੀਆਂ ਨਾਸਾਂ ਜਿਨਾ ਮੁਹਿ ਜਾਪਨ ਆਲੇ ॥
ਧਾਏ ਦੇਵੀ ਸਾਹਮਣੇ ਬੀਰ ਮੁਛਲੀਆਲੇ ।।
ਸੁਰਪਤ ਜੇਹੇ ਲੜ ਹਟੇ ਬੀਰ ਟਲੇ ਨਾ ਟਾਲੇ ॥
ਗੱਜੇ ਦੁਰਗਾ ਘੇਰਿ ਕੈ ਜਣੁ ਘਣੀਅਰ ਕਾਲੇ ॥
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਵਾਰ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਲੜਦੇ ਦੇਵਤਿਆਂ ਦੇ ਰਾਕਸ਼ਾਂ ਨਾਲ ਹੋਏ ਮਿਥਿਹਾਸਿਕ ਯੁੱਧ ਦਾ ਵਰਣਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਗੁਰੂ ਜੀ ਨੇ ਰਾਕਸ਼ਾਂ ਦੀ ਬਹਾਦਰੀ ਨੂੰ ਚਿਤਰਿਆ ਹੈ।
ਵਿਆਖਿਆ : ਲੜਾਈ ਦੇ ਮੈਦਾਨ ਵਿੱਚ ਲੜ ਰਹੇ ਰਾਕਸ਼ਾਂ ਦੀਆਂ ਨਾਸਾਂ ਉੱਖਲੀਆਂ ਵਰਗੀਆਂ ਸਨ ਅਤੇ ਮੂੰਹ ਆਲਿਆਂ ਵਰਗੇ ਖੁੱਲ੍ਹੇ ਸਨ। ਮੁੱਛਾਂ ਵਾਲੇ ਯੋਧੇ ਰਾਕਸ਼ਾਂ ਨੇ ਦੁਰਗਾ ਦੇਵੀ ਉੱਪਰ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਨਾਲ ਇੰਦਰ ਵਰਗੇ ਦੇਵਤੇ ਲੜ-ਲੜ ਕੇ ਥੱਕ ਗਏ, ਪਰ ਰਾਕਸ਼ ਪਿੱਛੇ ਨਾ ਹਟੇ। ਉਹ ਦੁਰਗਾ ਦੇਵੀ ਨੂੰ ਘੇਰ ਕੇ ਗੁੱਸੇ ਨਾਲ ਏਦਾਂ ਗੱਜੇ, ਜਿਵੇਂ ਬੱਦਲ ਗੱਜ ਰਹੇ ਹੋਣ।