ਇਮਾਨਦਾਰ ਕਰਮਚਾਰੀ ਦੀ ਸਿਫ਼ਤ ਦਾ ਪੱਤਰ


ਕਿਸੇ ਰੋਜ਼ਾਨਾ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਕਿਸੇ ਚੰਗੇ ਅਥਵਾ ਇਮਾਨਦਾਰ ਕਰਮਚਾਰੀ ਦੀ ਸਿਫ਼ਤ ਕਰੋ।


ਸੇਵਾ ਵਿਖੇ

ਸੰਪਾਦਕ ਸਾਹਿਬ,

ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ’ ਚੰਡੀਗੜ੍ਹ।

ਵਿਸ਼ਾ: ਇੱਕ ਚੰਗੇ ਕਰਮਚਾਰੀ ਦੀ ਸਿਫ਼ਤ।

ਸ੍ਰੀਮਾਨ ਜੀ,

ਇਸ ਪੱਤਰ ਰਾਹੀਂ ਮੈਂ ਇੱਕ ਸਰਕਾਰੀ ਦਫ਼ਤਰ ਦੇ ਇਮਾਨਦਾਰ ਤੇ ਮਿਹਨਤੀ ਕਰਮਚਾਰੀ ਨਾਲ ਤੁਹਾਡੇ ਪਾਠਕਾਂ ਦੀ ਜਾਣ-ਪਛਾਣ ਕਰਾਉਣਾ ਚਾਹੁੰਦਾ ਹਾਂ।

ਆਮ ਤੌਰ ‘ਤੇ ਇਹ ਸਮਝਿਆ ਜਾਂਦਾ ਹੈ ਕਿ ਸਰਕਾਰੀ ਦਫ਼ਤਰਾਂ ਦੇ ਕਰਮਚਾਰੀ ਇਮਾਨਦਾਰੀ ਨਾਲ ਡਿਊਟੀ ਨਹੀਂ ਨਿਭਾਉਂਦੇ ਅਤੇ ਕੰਮ-ਕਾਜ ਲਈ ਆਏ ਲੋਕਾਂ ਨੂੰ ਗਲੋਂ ਲਾਹੁਣ ਦੀ ਕੋਸ਼ਸ਼ ਕਰਦੇ ਹਨ। ਪਰ ਜੇਕਰ ਉਹਨਾਂ ਦੀ ਸੇਵਾ ਕਰ ਦਿੱਤੀ ਜਾਵੇ ਤਾਂ ਸਾਰਾ ਕੰਮ ਜਲਦੀ ਹੀ ਹੋ ਜਾਂਦਾ ਹੈ। ਇਸ ਪੱਤਰ ਰਾਹੀਂ ਮੈਂ ਸਤਿੰਦਰ ਸਿੰਘ ਨਾਂ ਦੇ ਅਜਿਹੇ ਨੌਜਵਾਨ ਕਰਮਚਾਰੀ ਬਾਰੇ ਆਪ ਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਜਿਸ ਨੂੰ ਇੱਕ ਆਦਰਸ਼ ਕਰਮਚਾਰੀ ਕਿਹਾ ਜਾ ਸਕਦਾ ਹੈ।

ਪਿਛਲੇ ਦਿਨੀ ਮੈਨੂੰ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਇੱਕ ਕੁਨੈਕਸ਼ਨ ਲੈਣ ਲਈ ਜਾਣਾ ਪਿਆ। ਮੈਂ ਪਹਿਲਾਂ ਵੀ ਦਫ਼ਤਰ ਦੇ ਕਈ ਚੱਕਰ ਮਾਰ ਚੁੱਕਾ ਸਾਂ ਪਰ ਕੋਈ ਗੱਲ ਨਹੀਂ ਸੀ ਸੁਣਦਾ। ਦੂਜੇ ਪਾਸੇ ਪੈਸੇ ਦੇ ਕੇ ਕੰਮ ਕਰਾਉਣ ਦੇ ਹੱਕ ਵਿੱਚ ਤਾਂ ਮੈਂ ਵੀ ਨਹੀਂ ਸਾਂ। ਇਸ ਵਾਰ ਜਦ ਮੈਂ ਦਫ਼ਤਰ ਵਿੱਚ ਪੁੱਜਿਆ ਤਾਂ ਦੇਖਿਆ ਕਿ ਸੀਟ ‘ਤੇ ਕੋਈ ਨਵਾਂ ਕਲਰਕ ਬੈਠਾ ਸੀ। ਦਫ਼ਤਰ ਦੇ ਚੱਕਰ ਮਾਰ ਕੇ ਥੱਕ ਚੁੱਕੇ ਮੇਰੇ ਵਰਗੇ ਹੀ ਇੱਕ ਵਿਅਕਤੀ ਨੇ ਮੈਨੂੰ ਦੱਸਿਆ ਕਿ ਇਹ ਕਲਰਕ ਕੁਝ ਦਿਨ ਪਹਿਲਾਂ ਹੀ ਕਿਸੇ ਦੂਜੀ ਜਗ੍ਹਾ ਤੋਂ ਬਦਲ ਕੇ ਆਇਆ ਹੈ ਤੇ ਬੜਾ ਇਮਾਨਦਾਰ ਹੈ। ਉਸ ਵਿਅਕਤੀ ਨੇ ਦੱਸਿਆ ਕਿ ਇਸ ਨਵੇਂ ਕਲਰਕ ਨੇ ਇੱਕ ਦਿਨ ਵਿੱਚ ਹੀ ਉਸ ਦਾ ਸਾਰਾ ਕੰਮ ਕਰ ਦਿੱਤਾ ਹੈ। ਉਹ ਬੜਾ ਖ਼ੁਸ਼ ਹੋ ਕੇ ਘਰ ਪਰਤ ਰਿਹਾ ਸੀ। ਉਸ ਨੇ ਦੱਸਿਆ ਕਿ ਇਸ ਕਲਰਕ ਨੂੰ ਇਮਾਨਦਾਰੀ ਦੀ ਇਹ ਸਜ਼ਾ ਮਿਲੀ ਹੈ ਕਿ
ਉਸ ਨੂੰ ਉਸ ਦੇ ਪਿੰਡ ਤੋਂ ਬਹੁਤ ਦੂਰ ਅਥਵਾ ਇੱਥੇ ਬਦਲ ਦਿੱਤਾ ਗਿਆ ਹੈ।

ਜਦ ਮੈਂ ਉਸ ਨੇਕ ਕਲਰਕ ਨੂੰ ਆਪਣੀ ਸਮੱਸਿਆ ਦੱਸੀ ਤਾਂ ਉਸ ਨੇ ਮੇਰੇ ਕੰਮ ਦੀ ਰਹਿੰਦੀ ਕਾਰਵਾਈ ਪੂਰੀ ਕਰ ਕੇ ਕੁਨੈਕਸ਼ਨ ਲਈ ਸਾਹਿਬ ਦੇ ਦਸਖ਼ਤ ਕਰਵਾ ਦਿੱਤੇ। ਹੁਣ ਮੈਨੂੰ ਯਕੀਨ ਹੋ ਗਿਆ ਕਿ ਦੋ-ਚਾਰ ਦਿਨਾਂ ਵਿੱਚ ਹੀ ਮੈਨੂੰ ਬੱਤੀ ਦਾ ਕੁਨੈਕਸ਼ਨ ਮਿਲ ਜਾਵੇਗਾ। ਮੈਂ ਹੈਰਾਨ ਸਾਂ ਕਿ ਏਨੇ ਹੀ ਕੰਮ ਲਈ ਪਹਿਲੇ ਕਲਰਕ ਨੇ ਮੇਰੇ ਪੰਜ ਛੇ ਚੱਕਰ ਲਗਵਾ ਦਿੱਤੇ ਸਨ ਤੇ ਕੰਮ ਫਿਰ ਉੱਥੇ ਦਾ ਉੱਥੇ ਹੀ ਪਿਆ ਸੀ।

ਇਸ ਤਰ੍ਹਾਂ ਇਹ ਕਹਿਣਾ ਪੈਂਦਾ ਹੈ ਕਿ ਅਜੇ ਵੀ ਚੰਗੇ ਤੇ ਇਮਾਨਦਾਰ ਕਰਮਚਾਰੀ ਜ਼ਰੂਰ ਹਨ। ਲੋੜ ਇਸ ਗੱਲ ਦੀ ਹੈ ਕਿ ਅਜਿਹੇ ਚੰਗੇ/ ਇਮਾਨਦਾਰ ਕਰਮਚਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਉਹਨਾਂ ਨੂੰ ਵਿਸ਼ੇਸ਼ ਤਰੱਕੀ ਦਿੱਤੀ ਜਾਵੇ। ਜੇਕਰ ਸਾਡੇ ਕਰਮਚਾਰੀ ਅਜਿਹੇ
ਚੰਗੇ/ਇਮਾਨਦਾਰ ਕਰਮਚਾਰੀਆਂ ਤੋਂ ਉਤਸ਼ਾਹ ਤੇ ਪ੍ਰੇਰਨਾ ਲੈ ਸਕਣ ਤਾਂ ਸਾਡੇ ਸਮਾਜ ਦਾ ਕਲਿਆਣ ਹੋ ਸਕਦਾ ਹੈ।

ਆਸ ਹੈ ਤੁਸੀਂ ਇਹ ਪੱਤਰ ਛਾਪ ਕੇ ਧੰਨਵਾਦੀ ਬਣਾਉਗੇ ਤਾਂ ਜੋ ਦੂਜੇ ਕਰਮਚਾਰੀ ਵੀ ਇਸ ਤੋਂ ਪ੍ਰੇਰਨਾ ਪ੍ਰਾਪਤ ਕਰ ਸਕਣ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸਪਾਤਰ,

ਜੰਗ ਬਹਾਦਰ ਸਿੰਘ

ਪਿੰਡ ਤੇ ਡਾਕਘਰ…………,

ਜ਼ਿਲ੍ਹਾ…………।

ਮਿਤੀ : …………….. .