ਇਕ ਹੋਰ ਨਵਾਂ ਸਾਲ : ਮੱਖਣ
ਪਾਤਰ ਚਿਤਰਨ : ਮੱਖਣ
ਪ੍ਰਸ਼ਨ. ਮੱਖਣ ਦਾ ਚਰਿੱਤਰ ਚਿੱਤਰਨ ਲਗਪਗ 150 ਸ਼ਬਦਾਂ ਵਿਚ ਕਰੋ।
ਉੱਤਰ : ਮੱਖਣ ‘ਇਕ ਹੋਰ ਨਵਾਂ ਸਾਲ’ ਨਾਵਲ ਦਾ ਬਹੁਤ ਹੀ ਗੌਣ ਪਾਤਰ ਹੈ। ਉਹ ਆਪਣੇ ਇਕ ਸਾਥੀ ਨਾਲ ਚੌਂਕ ਬਾਬਾ ਸਾਹਿਬ ਕੋਲੋਂ ਚਾਟੀਵਿੰਡ ਦਰਵਾਜ਼ੇ ਤੀਕ ਜਾਣ ਲਈ ਬੰਤੇ ਦੇ ਰਿਕਸ਼ੇ ਵਿਚ ਬੈਠਦਾ ਹੈ। ਉਨ੍ਹਾਂ ਦੋਹਾਂ ਨੇ ਅੱਗੋਂ ਤਰਨ ਤਾਰਨ ਜਾਣ ਦੀ ਬੱਸ ਫੜਨੀ ਹੈ ਤੇ ਫਿਰ ਹੋਰ ਅੱਗੇ ਪਿੰਡ ਤਕ ਪੈਦਲ ਜਾਣਾ ਹੈ।
ਰੱਜ ਕੇ ਖਾਣ-ਪੀਣ ਵਾਲਾ : ਮੱਖਣ ਰੱਜ ਕੇ ਖਾਣ-ਪੀਣ ਵਾਲਾ ਜਾਪਦਾ ਹੈ। ਜਦੋਂ ਉਸ ਦਾ ਸਾਥੀ ਉਸ ਨੂੰ ਰਹੁ ਦਾ ਗਲਾਸ ਪੀਣ ਲਈ ਕਹਿੰਦਾ ਹੈ, ਤਾਂ ਇਹ ਆਖਦਾ ਹੈ, “ਇਹਨਾਂ ਛੁਛੜੀਆਂ ਨਾਲ ਸਾਡਾ ਕੀ ਬਣਨਾ ਐਂ, ਪਿੰਡ ਚਲ ਕੇ ਪੀਆਂਗੇ ਬਾਟੇ ਵਿੱਚ।”
ਕਾਹਲੇ ਸੁਭਾ ਦਾ : ਮੱਖਣ ਆਪਣੇ ਸਾਥੀ ਨਾਲੋਂ ਜ਼ਰਾ ਕਾਹਲੇ ਸੁਭਾ ਦਾ ਜਾਪਦਾ ਹੈ। ਇਸ ਦਾ ਸਾਥੀ ਬੰਤੇ ਨੂੰ ਹੌਲੀ ਰਿਕਸ਼ਾ ਚਲਾਉਂਦਾ ਦੇਖ ਕੇ ਕੋਸਦਾ ਹੋਇਆ ਇਸ ਨੂੰ ਕਹਿੰਦਾ ਹੈ, “ਮੱਖਣਾ, ਕਿਉਂ ਕਾਹਲਾ ਪੈਂਦੇ? ਖਿੱਚਣ ਦੇ ਸੂ ਮੌਜ ਨਾਲ, ਬੱਸਾਂ ਵੀ ਜਾਂਦੀਆਂ ਈ ਰਹਿੰਦੀਆਂ ਆਪਣੇ ਪਿੰਡ ਨੂੰ।”
ਲੋਕਾਂ ਦੀਆਂ ਬੇਸ਼ਰਮੀ ਭਰੀਆਂ ਹਰਕਤਾਂ ਤੋਂ ਹੈਰਾਨ : ਉਹ ਆਪਣੇ ਸਾਥੀ ਸਮੇਤ ਔਰਤਾਂ ਦੇ ਸ਼ਿੰਗਾਰ ਤੇ ਤੀਵੀਂ-ਆਦਮੀ ਦੀ ਸਕੂਟਰ ਦੀ ਸਵਾਰੀ ਆਦਿ ਨੂੰ ਸ਼ਰਮ-ਹਯਾ ਤੋਂ ਰਹਿਤ ਦੇਖ ਕੇ ਟੀਕਾ-ਟਿਪਣੀ ਕਰਦਾ ਹੈ। ਹੱਸਮੁਖ-ਬੰਤੇ ਨੂੰ ਮੱਖਣ ਦਾ ਸੁਭਾ ਬਹੁਤ ਚੰਗਾ ਲਗਦਾ ਹੈ। ਉਹ ਆਪਣੇ ਮਨ ਵਿਚ ਕਹਿੰਦਾ ਹੈ, ”ਨਹੀਂ ਰੀਸਾਂ ਤੇਰੀਆਂ, ਚਿੱਤ ਖ਼ੁਸ਼ ਕਰ ਦਿੱਤਾ ਈ, ਮੱਖਣਾ, ਜੀਊਂਦਾ ਰਹੁ, ਜਵਾਨੀਆਂ ਮਾਣ…….।”