ਇਕ ਹੋਰ ਨਵਾਂ ਸਾਲ : ਬੰਤਾ


ਪ੍ਰਸ਼ਨ. ਬੰਤੇ ਦਾ ਚਰਿੱਤਰ ਚਿਤਰਨ ਲਗਪਗ 150 ਸ਼ਬਦਾਂ ਵਿਚ ਕਰੋ।

ਉੱਤਰ : ਬੰਤਾ ‘ਇਕ ਹੋਰ ਨਵਾਂ ਸਾਲ’ ਨਾਵਲ ਦਾ ਮੁੱਖ ਪਾਤਰ ਹੈ। ਤਾਰੋ ਉਸ ਦੀ ਪਤਨੀ ਹੈ। ਉਸ ਦੇ ਤਿੰਨ ਬੱਚੇ ਹਨ – ਇਕ ਮੁੰਡਾ ਫੁੰਮਣ ਤੇ ਦੋ ਧੀਆਂ। ਉਸ ਦਾ ਖੇਤ ਮਜ਼ਦੂਰ ਬਾਪ ਉਸ ਦੇ ਸਿਰ ਕਰਜ਼ਾ ਛੱਡ ਕੇ ਮਰਿਆ ਸੀ, ਜਿਸ ਕਰਕੇ ਆਪਣੇ ਮਨ ਵਿਚ ਪੜ੍ਹਾਈ ਦੀ ਤੀਬਰ ਇੱਛਾ ਦੇ ਬਾਵਜੂਦ ਉਸ ਨੂੰ ਪੰਜਵੀਂ ਵਿਚੋਂ ਪੜ੍ਹਾਈ ਛੱਡਣੀ ਪਈ। ਪਹਿਲਾਂ ਉਹ ਖੇਤ ਮਜ਼ਦੂਰ ਬਣਿਆ ਤੇ ਫਿਰ ਅੰਮ੍ਰਿਤਸਰ ਦੇ ਇਕ ਦਫ਼ਤਰ ਵਿਚ ਚਪੜਾਸੀ, ਅਣਖੀਲਾ ਹੋਣ ਕਰਕੇ ਉਸਨੂੰ ਕੋਈ ਕੰਮ ਰਾਸ ਨਾ ਆਇਆ ਤੇ ਉਹ ਮੁੱਛ ਫੁੱਟਣ ਤੋਂ ਪਹਿਲਾਂ ਹੀ ਰਿਕਸ਼ਾ ਚਲਾਉਣ ਲਗ ਪਿਆ। ਉਸ ਦੇ ਸਿਰ ਦੇ ਵਾਲ ਕੱਟੇ ਹੋਏ ਹਨ। ਉਹ ਦਾੜ੍ਹੀ ਵੀ ਕਟਾ ਲੈਂਦਾ ਹੈ ਤੇ ਸਿਗਰਟਾਂ ਵੀ ਪੀਂਦਾ ਹੈ, ਪਰ ਸਿਰ ਉੱਤੇ ਪੱਗ ਰੱਖਦਾ ਹੈ। ਉਸ ਨੇ ਗਲ ਫਤੂਹੀ, ਉੱਪਰ ਕੁੜਤਾ, ਫਿਰ ਪਾਟਿਆ ਸਵੈਟਰ ਅਤੇ ਸਭ ਤੋਂ ਉੱਤੇ ਕੂਹਣੀਆਂ ਤੋਂ ਫਟਿਆ ਕੋਟ ਪਾਇਆ ਹੋਇਆ ਹੈ। ਠੰਢ ਵਿਚ ਰਿਕਸ਼ਾ ਚਲਾਉਣ ਕਰਕੇ ਉਸਦੇ ਹੱਥ-ਪੈਰ ਠਰੇ ਹੋਏ, ਕਾਲੇ ਤੇ ਖ਼ੁਸ਼ਕ ਸਨ। ਉਹ ਸਵੇਰੇ ਪੰਜ ਵਜੇ ਉੱਠ ਕੇ ਚਾਹ ਨਾਲ ਬੇਹੀ ਰੋਟੀ ਖਾ ਕੇ ਸਾਰਾ ਦਿਨ ਰਿਕਸ਼ੇ ਉੱਤੇ ਸਵਾਰੀਆਂ ਢੋਣ ਵਾਲਾ ਪਰ ਆਰਥਿਕ ਤੰਗੀਆਂ ਵਿਚ ਘਿਰਿਆ ਇਕ ਕਿਰਤੀ ਆਦਮੀ ਹੈ। ਉਹ ਅਮੀਰ ਹੋਣ ਦੇ ਸੁਪਨੇ ਦੇਖਦਾ ਹੈ, ਪਰ ਨਜਾਇਜ਼ ਧੰਦਿਆਂ ਦੀ ਥਾਂ ਹੱਕ-ਹਲਾਲ ਦੀ ਕਮਾਈ ਖਾਣੀ ਪਸੰਦ ਕਰਦਾ ਹੈ। ਉਹ ਆਪਣੇ ਰਿਕਸ਼ੇ ਵਿਚ ਸਵਾਰ ਲੜਕੀਆਂ ਪ੍ਰਤੀ ਜ਼ਿੰਮੇਵਾਰ ਤੇ ਧਾਰਮਿਕ ਬਿਰਤੀ ਵਾਲਾ ਆਦਮੀ ਹੈ। ਉਸ ਦਾ ਆਪਣੀ ਮਾਂ, ਬੱਚਿਆਂ ਤੇ ਪਤਨੀ ਨਾਲ ਬਹੁਤ ਪਿਆਰ ਹੈ ਤੇ ਖ਼ੁਸ਼ਹਾਲ ਭਵਿੱਖ ਦੀ ਆਸ ਵਿਚ ਪੁੱਤਰ ਨੂੰ ਪੜ੍ਹਾਉਣਾ ਚਾਹੁੰਦਾ ਹੈ। ਉਹ ਹੀਣਤਾ-ਭਾਵ ਦਾ ਸ਼ਿਕਾਰ ਵੀ ਹੈ, ਪਰੰਤੂ ਨਾਲ ਹੀ ਇਨਸਾਨੀ ਭਾਵਾ ਤੇ ਹਮਦਰਦੀ ਨਾਲ ਭਰਪੂਰ ਹੈ। ਉਸਨੂੰ ਹੱਸਮੁੱਖ ਸੁਭਾ ਦਾ ਬੰਦਾ ਵਧੇਰੇ ਪਸੰਦ ਹੈ l। ਉਹ ਗਾ ਵੀ ਲੈਂਦਾ ਹੈ।


ਪਾਤਰ ਚਿਤਰਨ : ਬੰਤਾ