ਇਕ ਹੋਰ ਨਵਾਂ ਸਾਲ : ਕਹਾਣੀ
ਪਾਤਰ ਦਾ ਚਰਿੱਤਰ-ਚਿਤਰਨ : ਬੰਤਾ
ਪ੍ਰਸ਼ਨ. ਬੰਤੇ ਦਾ ਚਰਿੱਤਰ ਚਿਤਰਨ ਕਰੋ।
ਜਾਂ
ਪ੍ਰਸ਼ਨ. ‘ਇਕ ਹੋਰ ਨਵਾਂ ਸਾਲ’ ਨਾਵਲ ਦੇ ਮੁੱਖ ਪਾਤਰ ਦਾ ਚਰਿੱਤਰ ਚਿਤਰਨ ਕਰੋ।
ਉੱਤਰ : ਬੰਤਾ ਇਕ ਹੋਰ ਨਵਾਂ ਸਾਲ ਨਾਵਲ ਦਾ ਮੁੱਖ ਪਾਤਰ ਹੈ। ਤਾਰੋ ਉਸ ਦੀ ਪਤਨੀ ਹੈ। ਉਸ ਦੇ ਤਿੰਨ ਬੱਚੇ ਹਨ- ਦੋ ਧੀਆਂ ਤੇ ਇਕ ਮੁੰਡਾ ਫੁੰਮਣ। ਉਹ ਅੰਮ੍ਰਿਤਸਰ ਵਿਚ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਉਸਦਾ ਬਾਪ ਗ਼ਰੀਬ ਖੇਤ ਮਜ਼ਦੂਰ ਸੀ, ਜੋ ਉਸ (ਬੰਤੇ) ਦੇ ਸਿਰ ਕਰਜ਼ਾ ਛੱਡ ਕੇ ਮਰਿਆ ਸੀ। ਉਸ ਦਾ ਬਾਪ ਪਰਿਵਾਰ ਸਮੇਤ ਪਾਕਿਸਤਾਨ ਤੋਂ ਆਇਆ ਸੀ। ਬੰਤੇ ਦੇ ਸਿਰ ਦੇ ਵਾਲ ਭਾਵੇਂ ਕੱਟੇ ਹੋਏ ਹਨ, ਪਰੰਤੂ ਉਹ ਪੱਗ ਬੰਨ੍ਹਦਾ ਹੈ। ਉਹ ਦਾੜ੍ਹੀ ਪੰਜ-ਛੇ ਮਹੀਨਿਆਂ ਪਿੱਛੋਂ ਕਟਾ ਲੈਂਦਾ ਹੈ ਤੇ ਸਿਗਰਟਾਂ ਵੀ ਪੀਂਦਾ ਹੈ। ਉਸ ਨੇ ਕੱਪੜੇ ਤਾਂ ਬਥੇਰੇ ਪਾਏ ਹੋਏ ਸਨ, ਪਰ ਠੰਢ ਉਸ ਨੂੰ ਅੰਦਰ ਵੜਦੀ ਮਹਿਸੂਸ ਹੁੰਦੀ ਹੈ। ਉਸ ਦਾ ਸਵੈਟਰ ਤਿੰਨ ਥਾਂਵਾਂ ਤੋਂ ਪਾਟਿਆ ਹੋਇਆ ਅਤੇ ਕੋਟ ਦੀਆਂ ਸਿਰਫ਼ ਅਰਕਾਂ ਹੀ ਪਾਟੀਆਂ ਹੋਈਆਂ ਹਨ। ਠੰਢ ਵਿਚ ਰਿਕਸ਼ਾ ਚਲਾਉਣ ਕਰਕੇ ਉਸ ਦੇ ਹੱਥ ਪੈਰ ਠਰੇ ਹੋਏ ਹਨ। ਹੱਥਾਂ ਨੂੰ ਖ਼ੁਸ਼ਕੀ ਚੜ੍ਹੀ ਹੋਈ ਹੈ ਤੇ ਥਾਂ-ਥਾਂ ‘ਤੋਂ ਚਮੜੀ ਉਖੜੀ ਹੋਈ ਹੈ। ਉਸ ਦੇ ਹੱਥ ਕਾਲੇ-ਕਾਲੇ ਤੇ ਖੁਸ਼ਕ ਸਨ।
ਇਕ ਕਿਰਤੀ ਆਦਮੀ : ਬੰਤਾ ਇਕ ਕਿਰਤੀ ਆਦਮੀ ਹੈ। ਉਹ ਉਦੋਂ ਤੋਂ ਰਿਕਸ਼ਾ ਚਲਾਉਣ ਦਾ ਕੰਮ ਕਰ ਰਿਹਾ ਹੈ, ਜਦੋਂ ਉਸ ਦੇ ਹਾਲੇ ਮੁੱਛ ਵੀ ਨਹੀਂ ਸੀ ਫੁੱਟੀ। ਉਹ ਸਖ਼ਤ ਸਰਦੀ ਵਿਚ ਵੀ ਹਰ ਰੋਜ਼ ਸਵੇਰੇ ਉੱਠ ਕੇ ਚਾਹ ਨਾਲ ਰਾਤ ਦੀ ਬਚੀ ਹੋਈ ਰੋਟੀ ਖਾ ਕੇ ਸਵੇਰੇ ਛੇ ਵਜੇ ਕਾਲਕਾ ਮੇਲ ਦੀਆਂ ਸਵਾਰੀਆਂ ਚੁੱਕਣ ਲਈ ਸਟੇਸ਼ਨ ਉੱਤੇ ਪਹੁੰਚ ਜਾਂਦਾ ਹੈ।
ਹੱਕ-ਹਲਾਲ ਦੀ ਖਾਣ ਵਾਲਾ : ਬੰਤਾ ਸਵਾਰੀਆਂ ਤੋਂ ਯੋਗ ਪੈਸੇ ਮੰਗਦਾ ਹੈ। ਉਸ ਦੀ ਇਹ ਆਦਤ ਨਹੀਂ ਕਿ ਕਿਸੇ ਦੀ ਮੁਸੀਬਤ ਜਾਂ ਖ਼ੁਸ਼ੀ-ਗ਼ਮੀ ਦਾ ਫ਼ਾਇਦਾ ਉਠਾ ਕੇ ਵੱਧ ਪੈਸੇ ਮੰਗੇ। ਉਹ ਦਸਾਂ ਨਹੁੰਆਂ ਦੀ ਕਿਰਤ ਵਿਚ ਵਿਸ਼ਵਾਸ ਰੱਖਦਾ ਹੈ। ਉਹ ਹੋਰਨਾਂ ਰਿਕਸ਼ੇ ਵਾਲਿਆਂ ਵਾਂਗ ਨਜਾਇਜ਼ ਕੰਮ ਕਰ ਕੇ ਪੈਸੇ ਨਹੀਂ ਸੀ ਕਮਾਉਣੇ ਚਾਹੁੰਦਾ।
ਆਰਥਿਕ ਤੰਗੀ ਦਾ ਸ਼ਿਕਾਰ : ਬੰਤਾ ਮਹਿੰਗਾਈ ਤੋਂ ਪਰੇਸ਼ਾਨ ਅਤੇ ਆਰਥਿਕ ਤੌਰ ‘ਤੇ ਤੰਗ ਹੈ। ਬਾਪ ਦੀ ਮੌਤ ਤੇ ਉਸ ਦੇ ਚੜ੍ਹਾਏ ਕਰਜ਼ੇ ਕਾਰਨ ਉਸ ਨੂੰ ਪੰਜਵੀਂ ਦੀ ਪੜ੍ਹਾਈ ਵਿੱਚੇ ਛੱਡਣੀ ਪਈ। ਉਹ ਮਹਿੰਗਾਈ ਦੀ ਮਾਰ ਦਾ ਮਾਰਿਆ ਹੋਇਆ ਹੈ ਤੇ ਅਨੁਭਵ ਕਰਦਾ ਹੈ “………….. ਜੋ ਮਰਜੀ ਐ ਕਮਾ ਲਉ, ਕੁੱਝ ਬਣਦਾ ਈ ਨਹੀਂ। ਹੋਰ ਗੱਲਾਂ ਤਾਂ ਛੱਡੋ, ਢਿੱਡ ਭਰਨ ਯੋਗੇ ਵੀ ਪੈਸੇ ਨਹੀਂ ਕਮਾਏ ਜਾਂਦੇ।” ਅਜਿਹੀ ਸਥਿਤੀ ਵਿਚ ਉਹ ਸੋਚਦਾ ਹੈ ਕਿ ਉਹ ਪਰਦੇਸ ਚਲਾ ਜਾਵੇ ਤੇ ਖੂਬ ਪੈਸਾ ਕਮਾ ਕੇ ਸੋਹਣਾ ਘਰ ਬਣਾ ਕੇ ਚੰਗਾ ਖਾਵੇ-ਹੰਢਾਵੇ।
ਅਣਖ਼ੀਲਾ : ਉਹ ਬਹੁਤ ਅਣਖ਼ੀਲਾ ਸੀ। ਇਕ ਦਿਨ ਜਦੋਂ ਉਸ ਨੂੰ ਖੇਤ ਮਜ਼ਦੂਰ ਬਣੇ ਨੂੰ ਸਰਦਾਰਾਂ ਦੇ ਮੁੰਡੇ ਨੇ ਕੁੱਟਿਆ, ਤਾਂ ਉਸ ਨੇ ਵੀ ਉਸ ਦੇ ਦੋ ਟਿਕਾ ਦਿੱਤੀਆਂ। ਉਸ ਦਾ ਦਿਲ ਸਰਦਾਰਾਂ ਦੀ ਗ਼ੁਲਾਮੀ ਤੋਂ ਭਰ ਗਿਆ ਤੇ ਉਹ ਪਿੰਡ ਛੱਡ ਕੇ ਸ਼ਹਿਰ ਚਲਾ ਗਿਆ। ਕਈ ਕੰਮਾਂ ਪਿੱਛੋਂ ਰਿਕਸ਼ਾ ਚਲਾਉਣਾ ਹੀ ਉਸ ਦੇ ਰਾਸ ਆਇਆ, ਕਿਉਂਕਿ ਉਹ ਸਮਝਦਾ ਸੀ ਕਿ ਇਸ ਵਿਚ ਕਿਸੇ ਦੀ ਆਕੜ ਨਹੀਂ ਝੱਲਣੀ ਪੈਂਦੀ। ਅਣਖ਼ੀਲਾ ਹੋਣ ਕਰਕੇ ਹੀ ਜਦੋਂ ਉਹ ਇਕ ਦਫ਼ਤਰ ਵਿਚ ਚਪੜਾਸੀ ਲੱਗਾ ਸੀ, ਤਾਂ ਉਸ ਨੇ ਸਾਬ੍ਹ ਦੀ ਘਰ ਵਾਲੀ ਦੇ ਕਹਿਣ ਉੱਤੇ ਕੱਪੜੇ ਧੋਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਬ੍ਹ ਦੇ ਕੜਕਣ ਤੇ ਉਸ ਨੇ ਦਫ਼ਤਰ ਜਾਣਾ ਹੀ ਬੰਦ ਕਰ ਦਿੱਤਾ ਸੀ। ਉਹ ਕਿਸੇ ਦੁਆਰਾ ਆਪਣੀ ਮਿਹਨਤ ਤੋਂ ਵੱਧ ਪੈਸੇ ਦਿੱਤੇ ਜਾਣ ਨੂੰ ਵੀ ਪਸੰਦ ਨਹੀਂ ਕਰਦਾ।
ਪੜ੍ਹਾਈ ਵਿੱਚੇ ਰਹਿਣ ਦੇ ਝੋਰੇ ਦਾ ਸ਼ਿਕਾਰ : ਉਸ ਨੂੰ ਝੋਰਾ ਸੀ ਕਿ ਉਸ ਦੀ ਪੜ੍ਹਾਈ ਪੰਜਵੀਂ ਵਿਚ ਹੀ ਛੁੱਟ ਗਈ ਸੀ। ਉਹ ਜਦੋਂ ਆਪਣੇ ਜਮਾਤੀਆਂ ਨੂੰ ਸਕੂਲ ਜਾਂਦੇ ਦੇਖਦਾ, ਤਾਂ ਉਸ ਦੇ ਅੰਦਰੋਂ ਬਦੋਬਦੀ ਇਕ ਹਉਕਾ ਨਿਕਲ ਜਾਂਦਾ। ਫਿਰ ਜਿਸ ਦਿਨ ਪੰਜਵੀਂ ਦਾ ਸਾਲਾਨਾ ਇਮਤਿਹਾਨ ਸੀ, ਤਾਂ ਉਹ ਵੀ ਇਮਤਿਹਾਨ ਦੇਣ ਜਾ ਪੁੱਜਾ। ਘੂਰੀ ਵੱਟ ਕੇ ਦੇਖ ਰਹੇ ਮਾਸਟਰ ਦੇ ਕਹੇ ਅਨੁਸਾਰ ਉਹ ਪਿਛਲੇ ਸਾਰੇ ਮਹੀਨਿਆਂ ਦੀ ਫ਼ੀਸ ਦੇ ਕੇ ਇਮਤਿਹਾਨ ਵਿਚ ਬੈਠ ਗਿਆ, ਬੇਸ਼ਕ ਉਸ ਨੂੰ ਆਉਂਦਾ ਕੁੱਝ ਨਹੀਂ ਸੀ। ਅਸਲ ਵਿਚ ਉਹ ਚੌਥੀ ਪਾਸ ਨਾਲੋਂ ਪੰਜਵੀਂ ਫੇਲ੍ਹ ਕਹਾਉਣਾ ਵਧੇਰੇ ਪਸੰਦ ਕਰਦਾ ਸੀ। ਉਹ ਸਮਝਦਾ ਸੀ ਕਿ ਪੜ੍ਹੇ-ਲਿਖੇ ਬੰਦੇ ਦੀ ਟੋਰ ਹੀ ਹੋਰ ਹੁੰਦੀ ਹੈ। ਉਹ ਆਪਣੇ ਆਪ ਨੂੰ ਪੜ੍ਹਿਆ-ਲਿਖਿਆ ਜ਼ਾਹਰ ਕਰਨ ਲਈ ਸਹੁਰੇ ਘਰ ਜਾਂਦਾ ਹੋਇਆ ਹੱਥ ਵਿਚ ਪੰਜਾਬੀ ਦੀ ਅਖ਼ਬਾਰ ਫੜ ਕੇ ਜਾਂਦਾ ਸੀ।
ਇਕ ਜ਼ਿੰਮੇਵਾਰ ਵਿਅਕਤੀ : ਬੰਤਾ ਇਕ ਜ਼ਿੰਮੇਵਾਰ ਵਿਅਕਤੀ ਹੈ। ਉਂਞ ਜਦੋਂ ਕੋਈ ਸੋਹਣੀ ਕੁੜੀ ਉਸ ਦੇ ਰਿਕਸ਼ੇ ਵਿਚ ਬੈਠ ਜਾਂਦੀ ਹੈ, ਤਾਂ ਉਸ ਦੇ ਮਨ ਨੂੰ ਇਕ ਚਾਅ ਜਿਹਾ ਚੜ੍ਹ ਜਾਂਦਾ ਹੈ, ਪਰ ਫਿਰ ਵੀ ਉਸ ਪ੍ਰਤੀ ਉਸ ਦੇ ਵਿਚਾਰ ਬੁਰੇ ਨਹੀਂ ਸਨ ਹੁੰਦੇ। ਇਸ ਦੇ ਨਾਲ ਹੀ ਉਹ ਆਪਣੇ ਰਿਕਸ਼ੇ ਵਿਚ ਬੈਠੀ ਸਵਾਰੀ ਦੀ ਰੱਖਿਆ ਕਰਨਾ ਆਪਣਾ ਫ਼ਰਜ਼ ਸਮਝਦਾ ਹੈ। ਇਸੇ ਕਰਕੇ ਇਕ ਵਾਰ ਜਦੋਂ ਉਸ ਦੇ ਰਿਕਸ਼ੇ ਵਿਚ ਬੈਠੀਆਂ ਕੁੜੀਆਂ ਨੂੰ ਦੋ ਮੁੰਡੇ ਛੇੜਣ ਲੱਗੇ, ਤਾਂ ਉਸ ਨੂੰ ਗੁੱਸਾ ਚੜ੍ਹ ਗਿਆ ਤੇ ਉਸ ਨੇ ਰਿਕਸ਼ਾ ਰੋਕ ਕੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ l।
ਪਤਨੀ ਦਾ ਖ਼ਿਆਲ ਰੱਖਣ ਵਾਲਾ : ਉਸ ਨੂੰ ਆਪਣੀ ਪਤਨੀ ਦੀ ਸਿਹਤ ਦਾ ਬਹੁਤ ਫ਼ਿਕਰ ਰਹਿੰਦਾ ਹੈ। ਉਸ ਦੇ ਪਾਟੇ-ਪੁਰਾਣੇ ਕੱਪੜੇ ਦੇਖ ਕੇ ਉਸ ਨੂੰ ਦੁੱਖ ਹੁੰਦਾ ਹੈ। ਉਹ ਚਾਹੁੰਦਾ ਸੀ ਕਿ ਖ਼ੂਬ ਕਮਾਈ ਕਰੇ l। ਚੰਗਾ ਘਰ ਬਣਾ ਕੇ ਚੰਗਾ ਖਾਵੇ-ਹੰਢਾਏ ਤੇ ਤਾਰੋ ਨੂੰ ਖ਼ੁਸ਼ ਰੱਖੇ।
ਅਮੀਰ ਹੋਣ ਦੇ ਸੁਪਨੇ ਵੇਖਣ ਵਾਲਾ : ਇਕ ਵਾਰੀ ਉਸ ਤੋਂ ਗੁੱਸੇ ਵਿੱਚ ਤਾਰੋ ਨੂੰ ਤਿੰਨ ਚਾਰ ਧੱਫੇ ਮਾਰ ਹੋ ਗਏ, ਪਰ ਇਸ ਤੋਂ ਮਗਰੋਂ ਉਸ ਨੂੰ ਦੁੱਖ ਵੀ ਬਹੁਤ ਹੋਇਆ। ਉਹ ਦਿਆਲੇ ਵਾਂਗ ਪਤਨੀ ਨਾਲ ਆਪਣੇ ਬੁਰੇ ਸਲੂਕ ਸੰਬੰਧੀ ਅਸੰਵੇਦਨਸ਼ੀਲ ਨਹੀਂ ਸੀ।
ਧਾਰਮਿਕ ਬਿਰਤੀ ਵਾਲਾ : ਬੰਤਾ ਧਾਰਮਿਕ ਬਿਰਤੀ ਵਾਲਾ ਹੈ। ਉਹ ਆਪਣੀਆਂ ਗੱਲਾਂ ਵਿਚ ‘ਵਾਹਗੁਰੂ ਨੇ ਚਾਹਿਆ’ ਸ਼ਬਦਾਂ ਦੀ ਵਰਤੋਂ ਕਰਦਾ ਹੈ। ਉਹ ਗੁਰਦੁਆਰੇ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੋਣ ਕਰਕੇ ਉਹ ਦਰਬਾਰ ਸਾਹਿਬ ਮੱਥਾ ਟੇਕਣਾ ਚਾਹੁੰਦਾ ਹੈ।
ਕਿਸਮਤ ਨੂੰ ਮੰਨਣ ਵਾਲਾ ਤੇ ਵਹਿਮੀ : ਬੰਤਾ ਜੇ ਪੜ੍ਹ ਨਹੀਂ ਸਕਿਆ, ਤਾਂ ਉਹ ਸਮਝਦਾ ਹੈ, ‘ਕਿਸਮਤਾਂ ਵਾਲੇ ਈ ਪੜ੍ਹਦੇ ਐ।” ਉਹ ਚੰਗੀ ਬੋਹਣੀ ਵਿਚ ਵੀ ਵਿਸ਼ਵਾਸ ਕਰਦਾ ਹੈ। ਉਹ ਸਮਝਦਾ ਹੈ ਕਿ ਜੇਕਰ ਉਸ ਨੇ ਨਵੇਂ ਸਾਲ ਦੇ ਪਹਿਲੇ ਦਿਨ ਬਹੁਤੀ ਕਮਾਈ ਕੀਤੀ, ਤਾਂ ਸਾਰਾ ਸਾਲ ਕਮਾਈ ਵਿਚ ਬਰਕਤ ਪਈ ਰਹੇਗੀ। ਉਸ ਦਾ ਚੰਗੇ-ਮਾੜੇ ਕਰਮਾਂ ਤੇ ਜੂਨਾਂ ਵਿਚ ਵੀ ਵਿਸ਼ਵਾਸ ਹੈ।
ਬੱਚਿਆਂ ਨਾਲ ਮੋਹ ਰੱਖਣ ਵਾਲਾ : ਬੰਤਾ ਬੱਚਿਆਂ ਨਾਲ ਮੋਹ ਰੱਖਦਾ ਹੈ। ਜਦੋਂ ਉਹ ਗਲੀ ਮਸਤ ਰਾਮ ਜਾਣ ਵਾਲੇ ਜੋੜੇ ਦੇ ਵੱਡੇ ਮੁੰਡੇ ਨੂੰ ਪਿੱਛੇ ਜਗ੍ਹਾ ਨਾ ਬਚਣ ਕਰਕੇ ਆਪਣੇ ਅੱਗੇ ਮੋਹਰਲੇ ਡੰਡੇ ਉੱਤੇ ਬਿਠਾ ਲੈਂਦਾ ਹੈ, ਤਾਂ ਉਹ ਉਸ ਨੂੰ ਆਪਣੇ ਮੁੰਡੇ ਫੁੰਮਣ ਦੀ ਉਮਰ ਦਾ ਹੀ ਲਗਦਾ ਸੀ। ਉਹ ਨਹੀਂ ਚਾਹੁੰਦਾ ਕਿ ਉਸ ਦਾ ਪੁੱਤਰ ਰਿਕਸ਼ਾ ਚਲਾਏ। ਉਹ ਆਪਣੇ ਬੱਚਿਆਂ ਨੂੰ ਵੀ ਕਿਸੇ ਚੀਜ਼ ਤੋਂ ਨਾਂਹ ਕਰ ਕੇ ਉਨ੍ਹਾਂ ਦਾ ਦਿਲ ਨਹੀਂ ਤੋੜਦਾ। ਉਹ ਆਸ ਕਰਦਾ ਹੈ ਕਿ ਉਸ ਦੇ ਪੁੱਤਰ ਦੇ ਵੱਡਾ ਹੋ ਜਾਣ ਨਾਲ ਉਸ ਦਾ ਦਲਿੱਦਰ ਕੱਟਿਆ ਜਾਵੇਗਾ। ਉਹ ਆਪਣੇ ਪੁੱਤਰ ਨੂੰ ਪੂਰੀਆਂ ਚੌਦਾਂ ਜਮਾਤਾਂ ਪੜ੍ਹਾਉਣੀਆਂ ਚਾਹੁੰਦਾ ਹੈ।
ਮਾਂ ਦਾ ਖ਼ਿਆਲ ਰੱਖਣ ਵਾਲਾ : ਬੰਤੇ ਦੀ ਮਾਂ ਭਾਵੇਂ ਉਸ ਦੀ ਪਤਨੀ ਨਾਲ ਨਰਾਜ਼ ਹੋ ਕੇ ਪਿੰਡ ਚਲੀ ਗਈ ਸੀ, ਪਰੰਤੂ ਉਹ ਉਸ ਦਾ ਖ਼ਿਆਲ ਰੱਖਦਾ ਹੈ। ਮਹੀਨੇ-ਦੋ ਮਹੀਨਿਆਂ ਮਗਰੋਂ ਜਾ ਕੇ ਉਸ ਨੂੰ ਕੁੱਝ ਨਾ ਕੁੱਝ ਰੁਪਏ ਦੇ ਆਉਂਦਾ ਹੈ।
ਦੇਸ਼-ਭਗਤੀ ਦੀ ਭਾਵਨਾ ਵਾਲਾ : ਉਹ ਜਲ੍ਹਿਆ ਵਾਲ਼ੇ ਬਾਗ਼ ਦੇ ਦੁਖਾਂਤ ਨੂੰ ਯਾਦ ਕਰ ਕੇ ਦੁਖੀ ਹੁੰਦਾ ਹੈ ਤੇ ਉਸ ਦੇਸ਼-ਭਗਤ ਬਜ਼ੁਰਗ ਦੇ ਦਰਸ਼ਨ ਕਰਨੇ ਚਾਹੁੰਦਾ ਹੈ, ਜਿਸਦੀ ਲੱਤ ਵਿਚ ਗੋਲੀ ਲੱਗੀ ਸੀ।
ਹੀਣਤਾ-ਭਾਵ ਵਾਲਾ : ਬੰਤਾ ਜਦੋਂ ਜਲ੍ਹਿਆਂ ਵਾਲੇ ਬਾਗ਼ ਵਿਚ ਜ਼ਖ਼ਮੀ ਹੋਣ ਵਾਲੇ ਬਜ਼ੁਰਗ ਦੇ ਦਰਸ਼ਨ ਕਰਨ ਬਾਰੇ ਸੋਚਦਾ ਹੈ, ਤਾਂ ਨਾਲ ਹੀ ਉਸ ਦੇ ਮਨ ਵਿਚ ਖ਼ਿਆਲ ਆਉਂਦਾ ਹੈ, “ਪਰ ਬੰਤਿਆ, ਤੂੰ ਹੈਂ ਕੌਣ? ਕੀ ਹੈਸੀਅਤ ਐ ਤੇਰੀ? ਕਿਵੇਂ ਜਾਏਂਗਾ ਕਿਸੇ ਦੇ ਘਰ? ਕੱਪੜੇ ਵੇਖ ਆਪਣੇ, ਔਕਾਤ ਵੇਖ ਆਪਣੀ। ਐਵੇਂ ਨਾ ਛਾਲਾਂ ਮਾਰ ਉੱਚੀਆਂ-ਉੱਚੀਆਂ………।”
ਹੱਸਮੁੱਖ ਸੁਭਾ ਨੂੰ ਪਸੰਦ ਕਰਨ ਵਾਲਾ : ਬੰਤਾ ਮੱਖਣ ਦੇ ਹੱਸਮੁੱਖ ਸੁਭਾ ਤੋਂ ਖ਼ੁਸ਼ ਹੁੰਦਾ ਹੈ ਤੇ ਕਹਿੰਦਾ ਹੈ, ਬੰਦਾ ਹੋਵੇ, ਤਾਂ ਹੱਸਮੁੱਖ ਹੋਵੇ ਇਓਂ ਨਾ ਜਾਪੇ, ਜਿਵੇਂ ਰੱਬ ਦੀ ਮਕਾਣੇ ਆਇਆ ਹੋਇਐ।”
ਹੀਰ ਗਾ ਲੈਣ ਵਾਲਾ : ਬੰਤਾ ਕੰਨ ਉੱਤੇ ਹੱਥ ਰੱਖ ਕੇ ਬਹੁਤ ਸੋਹਣੀ ਹੀਰ ਗਾ ਲੈਂਦਾ ਹੈ। ਉਸ ਦੇ ਮੂੰਹੋਂ ਹੀਰ ਸੁਣ ਕੇ ਦਿਆਲਾ ਝੂੰਮਦਾ ਹੈ।
ਰੁਮਾਂਟਿਕ ਰੁਚੀਆਂ ਵਾਲਾ : ਬੰਤਾ ਆਮ ਵਿਅਕਤੀਆਂ ਵਾਂਗ ਕੁੱਝ ਰੁਮਾਂਟਿਕ ਰੁਚੀਆਂ ਵਾਲਾ ਵੀ ਹੈ। ਜਦੋਂ ਕੋਈ ਸੋਹਣੀ ਕੁੜੀ ਉਸ ਦੇ ਰਿਕਸੇ ਵਿਚ ਬੈਠਦੀ ਹੈ, ਤਾਂ ਉਸ ਦਾ ਜੀ ਕਰਦਾ ਹੈ ਕਿ ਰਸਤਾ ਮੁੱਕੇ ਹੀ ਨਾ, ਪਰੰਤੂ ਇਸ ਦੇ ਨਾਲ ਹੀ ਉਹ ਉੱਚੇ ਚਰਿੱਤਰ ਦਾ ਮਾਲਕ ਵੀ ਹੈ।
ਇਨਸਾਨੀ ਭਾਵਨਾਵਾਂ ਨਾਲ ਭਰਪੂਰ : ਬੰਤਾ ਇਨਸਾਨੀ ਭਾਵ ਨਾਲ ਭਰਪੂਰ ਸੀ। ਉਸ ਨੇ ਹਸਪਤਾਲ ਵਿਚ ਇਕ ਲੋੜੀਂਦੀ ਜ਼ਨਾਨੀ ਨੂੰ ਬਿਨਾਂ ਲੋਭ ਲਾਲਚ ਤੋਂ ਖੂਨ ਦਿੱਤਾ। ਉਸ ਨੂੰ ਲੋਕਾਂ ਦਾ ਮਤਲਬੀ ਵਤੀਰਾ ਦੇਖ ਕੇ ਦੁਖ ਹੁੰਦਾ ਹੈ।