ਇਕ ਘੜੀ…………. ਗੁਰ ਦਰਬਾਰ ਜੀਉ।
ਮੇਰਾ ਮਨ ਲੋਚੈ ਗੁਰਦਰਸਨ ਤਾਈ : ਸ੍ਰੀ ਗੁਰੂ ਅਰਜਨ ਦੇਵ ਜੀ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਇਕ ਘੜੀ ਨ ਮਿਲਤੇ ਤਾ ਕਲਜੁਗੁ ਹੋਤਾ ॥
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
ਮੋਹਿ ਰੈਣਿ ਨ ਵਿਹਾਵੈ ਨੀਦ ਨਾ ਆਵੇ ਬਿਨੁ ਦੇਖੇ ਗੁਰ ਦਰਬਾਰੇ ਜੀਉ ॥
ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੀ ਬਾਣੀ ‘ਮੇਰਾ ਮਨੁ ਲੋਚੈ ਗੁਰਦਰਸਨ ਤਾਈਂ’ ਵਿੱਚੋਂ ਲਿਆ ਗਿਆ ਹੈ। ਇਸ ਬਾਣੀ ਦੇ ਪਹਿਲੇ ਤਿੰਨ ਬੰਦਾਂ ਵਿੱਚ ਗੁਰੂ ਸਾਹਿਬ ਨੇ ਆਪਣੇ ਗੁਰੂ-ਪਿਤਾ ਤੋਂ ਵਿਛੋੜੇ ਤੇ ਚੌਥੇ ਬੰਦ ਵਿੱਚ ਮਿਲਾਪ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਗੁਰੂ ਜੀ ਨੇ ਗੁਰੂ-ਪਿਤਾ ਤੋਂ ਵਿਛੋੜੇ ਦੀ ਤੜਫ ਤੇ ਮਿਲਾਪ ਲਈ ਬੇਕਰਾਰੀ ਨੂੰ ਬਿਆਨ ਕੀਤਾ ਹੈ।
ਵਿਆਖਿਆ : ਗੁਰੂ ਜੀ ਆਖਦੇ ਹਨ, ਹੇ ਗੁਰੂ-ਪਿਤਾ ਜੀਓ ! ਜੇਕਰ ਆਪ ਮੈਨੂੰ ਇਕ ਘੜੀ ਲਈ ਨਹੀਂ ਮਿਲਦੇ, ਤਾਂ ਮੇਰੇ ਲਈ ਉਹ ਘੜੀ ਬਿਤਾਉਣੀ ਔਖੀ ਹੋ ਜਾਂਦੀ ਹੈ ਤੇ ਉਹ ਘੜੀ ਕਲਜੁਗ ਦੇ ਬਰਾਬਰ ਬੀਤਦੀ ਹੈ। ਹੇ ਪਿਆਰੇ ਗੁਰੂ ਜੀ ! ਤੁਸੀਂ ਮੈਨੂੰ ਕਦੋਂ ਮਿਲੋਗੇ? ਜਿੰਨਾ ਚਿਰ ਮੈਂ ਗੁਰੂ ਦੇ ਦੁਆਰੇ ਨੂੰ ਨਹੀਂ ਦੇਖ ਲੈਂਦਾ, ਤਦ ਤਕ ਮੇਰੇ ਲਈ ਰਾਤ ਗੁਜ਼ਾਰਨੀ ਮੁਸ਼ਕਲ ਹੈ। ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਇਸ ਪ੍ਰਕਾਰ ਰਾਤ ਬੜੀ ਮੁਸ਼ਕਲ ਨਾਲ ਬੀਤਦੀ ਹੈ। ਮੈਂ ਸੱਚੇ ਗੁਰੂ ਦੇ ਦੁਆਰੇ ਤੋਂ ਕੁਰਬਾਨ ਜਾਂਦਾ ਹਾਂ।