ਇਕਾਂਗੀ : ਜ਼ਫ਼ਰਨਾਮਾ



ਵੱਡੇ ਉੱਤਰਾਂ ਵਾਲੇ ਪ੍ਰਸ਼ਨ : ਜ਼ਫ਼ਰਨਾਮਾ


ਪ੍ਰਸ਼ਨ 1. ‘ਜ਼ਫ਼ਰਨਾਮਾ’ ਇਕਾਂਗੀ ਦੇ ਵਿਸ਼ੇ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ‘ਜ਼ਫ਼ਰਨਾਮਾ’ ਇਕਾਂਗੀ ਦਾ ਵਿਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਨੂੰ ‘ਜ਼ਫ਼ਰਨਾਮਾ’ ਨਾਂ ਦੇ ਲਿਖੇ ਖ਼ਤ ਵਿੱਚ ਪਾਈਆਂ ਲਾਹਨਤਾਂ ਅਤੇ ਇਸ ਖ਼ਤ ਦੇ ਔਰੰਗਜ਼ੇਬ ‘ਤੇ ਪਏ ਪ੍ਰਭਾਵ ਨਾਲ ਸੰਬੰਧਿਤ ਹੈ। ਇਸ ਖ਼ਤ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਉਸ ਦੇ ਅਕੀਦੇ ਅਤੇ ਅਮਲਾਂ ‘ਤੇ ਲਾਹਨਤਾਂ ਪਾਈਆ ਹਨ ਅਤੇ ਉਸ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਇਸ ਖ਼ਤ ਨੂੰ ਪੜ੍ਹ ਕੇ ਔਰੰਗਜ਼ੇਬ ਦੀ ਜ਼ਮੀਰ ਕੰਬ ਗਈ ਸੀ। ਵਜ਼ੀਰ ਖ਼ਾਨ ਨੇ ਪਹਿਲਾਂ ਔਰੰਗਜ਼ੇਬ ਦੇ ਨਾਂ ‘ਤੇ ਕੁਰਾਨ ਸ਼ਰੀਫ਼ ਦੀਆਂ ਕਸਮਾਂ ਖਾਧੀਆਂ ਸਨ ਅਤੇ ਫਿਰ ਗੁਰੂ ਜੀ ਨੂੰ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ ਸੀ। ਪਿੱਛੋਂ ਉਸ ਨੇ ਧੋਖੇ ਨਾਲ ਹਮਲਾ ਕਰ ਦਿੱਤਾ ਸੀ। ਗੁਰੂ ਜੀ ਨੇ ਔਰੰਗਜ਼ੇਬ ਨੂੰ ਇਕਰਾਰ ਤੋੜਨ ਵਾਲਾ, ਧਨ-ਦੌਲਤ ਦਾ ਮੁਰੀਦ, ਧਰਮ-ਇਮਾਨ ਦੀ ਪਰਵਾਹ ਨਾ ਕਰਨ ਵਾਲਾ ਅਤੇ ਦੀਨ-ਇਮਾਨ ‘ਤੇ ਕਾਇਮ ਨਾ ਰਹਿਣ ਵਾਲਾ ਦੱਸਿਆ ਹੈ।

ਪ੍ਰਸ਼ਨ 2. ‘ਜ਼ਫ਼ਰਨਾਮਾ’ ਨਾਂ ਦੇ ਖ਼ਤ ਨੂੰ ਪੜ੍ਹ ਕੇ ਔਰੰਗਜ਼ੇਬ ‘ਤੇ ਕੀ ਪ੍ਰਭਾਵ ਪਿਆ?

ਉੱਤਰ : ‘ਜ਼ਫ਼ਰਨਾਮਾ’ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਅਜਿਹੀਆਂ ਲਾਹਨਤਾਂ ਪਾਈਆਂ ਸਨ ਕਿ ਇਸ ਨੂੰ ਪੜ੍ਹ ਕੇ ਉਸ ਦੀ ਆਤਮਾ ਕੰਬ ਗਈ ਸੀ ਅਤੇ ਉਸ ਦਾ ਸਰੀਰ ਪਿੰਜਿਆ ਗਿਆ ਸੀ। ਸਾਰੀ ਰਾਤ ਉਸ ਨੂੰ ਇੱਕ ਪਲ ਵੀ ਨੀਂਦ ਨਹੀਂ ਸੀ ਆਈ। ਸਵੇਰ ਹੁੰਦੇ ਹੀ ਉਸ ਨੂੰ ਅਜਿਹਾ ਡਰਾਉਣਾ ਸੁਫਨਾ ਆਇਆ ਜੋ ਬਿਆਨ ਤੋਂ ਬਾਹਰ ਸੀ। ਅੱਜ ਤੱਕ ਕਿਸੇ ਨੇ ਔਰੰਗਜ਼ੇਬ ਦੇ ਧਾਰਮਿਕ ਵਿਸ਼ਵਾਸਾਂ ਅਤੇ ਕਰਮਾਂ ਦੀ ਅਜਿਹੀ ਨਿਖੇਧੀ ਨਹੀਂ ਸੀ ਕੀਤੀ। ਜ਼ਫ਼ਰਨਾਮੇ ਨੇ ਔਰੰਗਜ਼ੇਬ ਦੇ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ ਸੀ। ਉਹ ਕਹਿਣ ਲੱਗਾ ਕਿ ਉਸ ਹੱਥੋਂ ਗੁਰੂ ਜੀ ਨਾਲ ਧੋਖਾ ਹੋਇਆ ਹੈ। ਉਹ ਆਪਣੇ ਆਪ ਨੂੰ ਗੁਨਾਹਗਾਰ ਸਮਝਣ ਲੱਗਾ। ਇਸ ਤਰ੍ਹਾਂ ‘ਜ਼ਫ਼ਰਨਾਮਾ’ ਨਾਂ ਦੇ ਖ਼ਤ ਨੇ ਔਰੰਗਜ਼ੇਬ ਨੂੰ ਪੂਰੀ ਤਰ੍ਹਾਂ ਹਲੂਣ ਦਿੱਤਾ ਸੀ।

ਪ੍ਰਸ਼ਨ 3. ਮੁਗ਼ਲ ਤਖ਼ਤੋ-ਤਾਜ਼ ਲਈ ਔਰੰਗਜ਼ੇਬ ਦੇ ਬੇਟਿਆਂ ਵਿੱਚ ਸ਼ੁਰੂ ਹੋਈ ਖ਼ਾਨਾ-ਜੰਗੀ ਦੇ ਸੰਬੰਧ ਵਿੱਚ ਔਰੰਗਜ਼ੇਬ ਅਤੇ ਅਵਾਜ਼ ਵਿਚਕਾਰ ਜੋ ਵਾਰਤਾਲਾਪ ਹੁੰਦੀ ਹੈ ਉਸ ਦਾ ਵੇਰਵਾ ਦਿਓ।

ਉੱਤਰ : ਅਵਾਜ਼ ਰਾਹੀਂ ਔਰੰਗਜ਼ੇਬ ਨੂੰ ਦੱਸਿਆ ਜਾਂਦਾ ਹੈ ਕਿ ਮੁਗ਼ਲ ਤਖ਼ਤੋ-ਤਾਜ ਲਈ ਉਸ ਦੇ ਬੇਟਿਆਂ ਵਿੱਚ ਖ਼ਾਨਾਜੰਗੀ ਸ਼ੁਰੂ ਹੈ। ਔਰੰਗਜ਼ੇਬ ਘਬਰਾਹਟ ਨਾਲ ਕਹਿੰਦਾ ਹੈ ਕਿ ਉਸ ਨੂੰ ਇਸੇ ਗੱਲ ਦਾ ਡਰ ਸੀ ਪਰ ਉਹ ਕਤਲ ਬਿਲਕੁਲ ਨਹੀਂ ਹੋਣ ਦਏਗਾ। ਅਵਾਜ਼ ਬੁੱਢੇ ਬਾਦਸ਼ਾਹ ਨੂੰ ਕਹਿੰਦੀ ਹੈ ਕਿ ਉਸ ਨੇ ਆਪਣੇ ਬਾਪ ਸ਼ਾਹ ਜਹਾਨ ਦੀ ਮੌਤ ਦਾ ਇੰਤਜ਼ਾਰ ਨਹੀਂ ਸੀ ਕੀਤਾ। ਔਰੰਗਜ਼ੇਬ ਕਹਿੰਦਾ ਹੈ ਕਿ ਹਕੂਮਤ ਦੀ ਹਵਸ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ ਸੀ। ਅਵਾਜ਼ ਔਰੰਗਜ਼ੇਬ ਨੂੰ ਕਹਿੰਦੀ ਹੈ ਕਿ ਉਸ ਦੇ ਬੇਟੇ ਉਸ ਦੀ ਗ਼ਲਤੀ ਨੂੰ ਦੁਹਰਾਉਣਗੇ। ਔਰੰਗਜ਼ੇਬ ਆਪਣੇ ਗੁਮਰਾਹ ਹੋਏ ਬੇਟਿਆਂ ਨੂੰ ਕਹਿੰਦਾ ਹੈ ਕਿ ਉਹ ਉਸ ਦੀ ਗ਼ਲਤੀ ਬਿਲਕੁਲ ਨਾ ਦੁਹਰਾਉਣ। ਉਹ ਆਪਣੇ ਮਨ ਅਤੇ ਰੂਹ ਦਾ ਚੈਨ ਹਮੇਸ਼ਾਂ ਲਈ ਗਵਾ ਬੈਠਾ ਹੈ। ਅਵਾਜ਼ ਔਰੰਗਜ਼ੇਬ ਨੂੰ ਕਹਿੰਦੀ ਹੈ ਕਿ ਉਸ ਨੇ ਪੰਜਾਹ ਸਾਲ ਪਰਜਾ ਦੇ ਮਨ ਦਾ ਚੈਨ ਖੋਹਿਆ ਹੈ। ਹੁਣ ਉਸ ਦੇ ਅਮਨ-ਚੈਨ ਦੀ ਕੌਣ ਪਰਵਾਹ ਕਰਦਾ ਹੈ।

ਪ੍ਰਸ਼ਨ 4. ਅਸਦ ਖ਼ਾਨ ਵੱਲੋਂ ‘ਜ਼ਫ਼ਰਨਾਮੇ’ ਤੋਂ ਹੋਈ ਦਿਮਾਗੀ ਪਰੇਸ਼ਾਨੀ ਸੰਬੰਧੀ ਪੁੱਛੇ ਜਾਣ ‘ਤੇ ਔਰੰਗਜ਼ੇਬ ਉਸ ਨੂੰ ਕੀ ਜਵਾਬ ਦਿੰਦਾ ਹੈ?

ਉੱਤਰ : ਔਰੰਗਜ਼ੇਬ ਦੱਸਦਾ ਹੈ ਕਿ ਸਿੱਖਾਂ ਦੇ ਪੀਰ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ ਅਜਿਹੀ ਬੇਬਾਕੀ ਨਾਲ ਉਸ ਨੂੰ ਲਾਹਨਤਾਂ ਪਾਈਆਂ ਹਨ ਕਿ ਉਸ ਦੀ ਆਤਮਾ ਕੰਬ ਗਈ ਹੈ। ਉਸ ਦਾ ਸਰੀਰ ਪਿੰਜਿਆ ਗਿਆ ਹੈ। ਪਤਾ ਨਹੀਂ ਉਸ ਦੇ ਦਿਮਾਗ਼ ‘ਤੇ ਕੀ ਅਸਰ ਹੋਇਆ ਹੈ ਕਿ ਉਸ ਨੂੰ ਸਾਰੀ ਰਾਤ ਇੱਕ ਪਲ ਲਈ ਵੀ ਨੀਂਦ ਨਹੀਂ ਆਈ। ਸਵੇਰ ਸਾਰ (ਸਵੇਰ ਹੁੰਦਿਆਂ ਹੀ) ਜ਼ਰਾ ਅੱਖ ਲੱਗੀ ਤਾਂ ਅਜਿਹਾ ਡਰਾਉਣਾ ਸੁਪਨਾ ਆਇਆ ਜੋ ਬਿਆਨ ਤੋਂ ਬਾਹਰ ਹੈ।

ਪ੍ਰਸ਼ਨ 5. ਗੁਰੂ ਜੀ ਨਾਲ ਸੁਲ੍ਹਾ ਸੰਬੰਧੀ ਅਸਦ ਖ਼ਾਨ ਔਰੰਗਜ਼ੇਬ ਨੂੰ ਕੀ ਸਲਾਹ ਦਿੰਦਾ ਹੈ?

ਉੱਤਰ : ਗੁਰੂ ਜੀ ਨਾਲ ਸੁਲ੍ਹਾ ਕਰਨ ਸੰਬੰਧੀ ਅਸਦ ਖ਼ਾਨ ਔਰੰਗਜ਼ੇਬ ਨੂੰ ਕਹਿੰਦਾ ਹੈ ਕਿ ਗੁਰੂ ਜੀ ਨੂੰ ਬਾਇੱਜ਼ਤ ਇੱਥੇ ਬੁਲਾਇਆ ਜਾਵੇ ਅਤੇ ਉਹਨਾਂ ਦੀ ਤਸੱਲੀ ਕਰ ਕੇ ਉਹਨਾਂ ਨਾਲ ਸੁਲਾਹ ਕਰ ਲਈ ਜਾਵੇ। ਉਹ ਔਰੰਗਜ਼ੇਬ ਨੂੰ ਕਹਿੰਦਾ ਹੈ ਕਿ ਉਹ ਆਪਣੇ ਹੱਥੀਂ ਖ਼ਤ ਲਿਖ ਕੇ ਕਿਸੇ ਭਰੋਸੇਯੋਗ ਦੂਤ ਦੇ ਹੱਥ ਗੁਰੂ ਜੀ ਨੂੰ ਭੇਜੇ। ਔਰੰਗਜ਼ੇਬ ਅਜਿਹਾ ਕਰਨ ਲਈ ਰਾਜ਼ੀ ਹੋ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਮੀਰ ਮੁਨਸ਼ੀ ਅਤੇ ਦਇਆ ਸਿੰਘ ਨੂੰ ਦਰਬਾਰੇ-ਖ਼ਾਸ ਵਿੱਚ ਹਾਜ਼ਰ ਕਰੋ।

ਪ੍ਰਸ਼ਨ 6. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਾਣ ਕੇ ਜ਼ੀਨਤ ਔਰੰਗਜ਼ੇਬ ਨੂੰ ਕੀ ਕਹਿੰਦੀ ਹੈ?

ਉੱਤਰ : ਜਦ ਜ਼ੀਨਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖ਼ਾਨ ਵੱਲੋਂ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤੇ ਜਾਣ ਬਾਰੇ ਪਤਾ ਲੱਗਦਾ ਹੈ ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਹੈ। ਉਹ ਚੀਕ ਮਾਰਦੀ ਹੋਈ ਔਰੰਗਜ਼ੇਬ ਨੂੰ ਕਹਿੰਦੀ ਹੈ ਕਿ ਇਹ ਤਾਂ ਜ਼ੁਲਮ ਦੀ ਇੰਤਹਾ ਹੈ। ਉਹ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਖ਼ੁਦਾ ਉਸ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਜ਼ੀਨਤ ਆਪਣੇ ਬਾਪ ਨੂੰ ਯਾਦ ਕਰਵਾਉਂਦੀ ਹੈ ਕਿ ਉਹ ਆਪਣੇ ਬੇਟੇ ਅਕਬਰ ਦੇ ਮਰਨ ‘ਤੇ ਬਹੁਤ ਰੋਇਆ ਸੀ। ਇਸੇ ਤਰ੍ਹਾਂ ਜਦ ਉਸ ਦੀ ਬੇਟੀ ਜ਼ੇਬ-ਉਨ-ਨਿਸਾ ਦਾ ਦਿਹਾਂਤ ਹੋਇਆ ਸੀ ਤਾਂ ਉਹ ਜ਼ਾਰ-ਜ਼ਾਰ ਰੋਇਆ ਸੀ। ਪਰ ਗੁਰੂ ਜੀ ਦੇ ਬੱਚਿਆਂ ਦੀ ਸ਼ਹੀਦੀ ‘ਤੇ ਉਹ ਚੁੱਪ ਖੜ੍ਹਾ ਹੈ। ਜ਼ੀਨਤ ਕਹਿੰਦੀ ਹੈ ਕਿ ਇਹ ਗੁਨਾਹ ਭਰਾਵਾਂ ਦੇ ਕਤਲ ਤੋਂ ਵੀ ਵੱਡਾ ਹੈ। ਇਸ ਲਈ ਉਸ ਦੀ (ਔਰੰਗਜ਼ੇਬ ਦੀ) ਰੂਹ ਨੂੰ ਕਦੇ ਚੈਨ ਨਹੀਂ ਆਏਗਾ।

ਪ੍ਰਸ਼ਨ 7. ਅਸ਼ੋਕ ਅਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਂਹਾਂ ਕਿਵੇਂ ਪੱਕੀਆਂ ਕੀਤੀਆਂ? ‘ਜ਼ਫ਼ਰਨਾਮਾ’ ਇਕਾਂਗੀ ਦੇ ਆਧਾਰ ‘ਤੇ ਦੱਸੋ।

ਉੱਤਰ : ਔਰੰਗਜ਼ੇਬ ਦਾ ਵਿਚਾਰ ਹੈ ਕਿ ਹੁਕਮਰਾਨ ਦੇ ਮਜ਼ਬੂਤ ਹੱਥ ਅਤੇ ਪੱਕਾ ਇਰਾਦਾ ਹਕੂਮਤ ਦੀਆਂ ਨੀਂਹਾਂ ਪੱਕੀਆਂ ਕਰਦਾ ਹੈ। ਪਰ ਔਰੰਗਜ਼ੇਬ ਇਸ ਸੰਬੰਧ ਵਿੱਚ ਭੁਲੇਖੇ ਵਿੱਚ ਰਿਹਾ। ਅਸਲੀਅਤ ਇਹ ਹੈ ਕਿ ਲੋਕਾਂ ਦੇ ਦਿਲ ਜਿੱਤਣ ਨਾਲ ਰਾਜ ਦੀਆਂ ਨੀਂਹਾਂ ਪੱਕੀਆਂ ਹੁੰਦੀਆਂ ਹਨ। ਅਸ਼ੋਕ ਅਤੇ ਅਕਬਰ ਨੇ ਲੋਕਾਂ ਦੇ ਦਿਲ ਜਿੱਤ ਕੇ ਹੀ ਆਪਣੇ ਰਾਜ ਦੀਆਂ ਨੀਂਹਾਂ ਪੱਕੀਆਂ ਕੀਤੀਆਂ ਸਨ।

ਪ੍ਰਸ਼ਨ 8. ‘ਜ਼ਫ਼ਰਨਾਮੇ’ ਦੇ ਔਰੰਗਜ਼ੇਬ ‘ਤੇ ਪਏ ਪ੍ਰਭਾਵ ਨੂੰ ਦੇਖ ਕੇ ਅਸਦ ਖ਼ਾਨ ਔਰੰਗਜ਼ੇਬ ਦੇ ਪੁੱਛਣ ‘ਤੇ ਕੀ ਸਲਾਹ ਦਿੰਦਾ ਹੈ?

ਉੱਤਰ : ‘ਜ਼ਫ਼ਰਨਾਮੇ’ ਦਾ ਔਰੰਗਜ਼ੇਬ ‘ਤੇ ਅਜਿਹਾ ਪ੍ਰਭਾਵ ਪਿਆ ਕਿ ਉਸ ਦੀ ਆਤਮਾ ਕੰਬ ਗਈ ਸੀ ਅਤੇ ਉਸ ਨੂੰ ਸਾਰੀ ਰਾਤ ਇੱਕ ਪਲ ਨੀਂਦ ਨਹੀਂ ਸੀ ਆਈ। ਸਵੇਰ ਸਾਰ ਜ਼ਰਾ ਅੱਖ ਲੱਗੀ ਤਾਂ ਅਜਿਹਾ ਡਰਾਉਣਾ ਸੁਫਨਾ ਆਇਆ ਜੋ ਬਿਆਨ ਤੋਂ ਬਾਹਰ ਸੀ। ਅਜਿਹੀ ਸਥਿਤੀ ਵਿੱਚ ਔਰੰਗਜ਼ੇਬ ਦੇ ਪੁੱਛਣ ‘ਤੇ ਅਸਦ ਖ਼ਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੁਲ੍ਹਾ ਕਰਨ ਦੀ ਸਲਾਹ ਦਿੰਦਾ ਹੈ। ਉਹ ਔਰੰਗਜ਼ੇਬ ਨੂੰ ਆਪਣੇ ਹੱਥੀਂ ਗੁਰੂ ਜੀ ਨੂੰ ਖ਼ਤ ਲਿਖ ਕੇ ਕਿਸੇ ਭਰੋਸੇਯੋਗ ਦੂਤ ਦੇ ਹੱਥ ਭੇਜਣ ਲਈ ਕਹਿੰਦਾ ਹੈ।

ਪ੍ਰਸ਼ਨ 9. ਔਰੰਗਜ਼ੇਬ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪੱਖਾਂ ਨਾਲ ਜਾਣ-ਪਛਾਣ ਕਰਵਾਓ।

ਉੱਤਰ : ਔਰੰਗਜ਼ੇਬ ‘ਜ਼ਫ਼ਰਨਾਮਾ’ ਇਕਾਂਗੀ ਦਾ ਮੁੱਖ ਪਾਤਰ ਹੈ। ਉਹ ਇੱਕ ਕੱਟੜ ਮੁਗ਼ਲ ਸ਼ਹਿਨਸ਼ਾਹ ਹੈ ਪਰ ਉਹ ਖ਼ੁਦਾ ਪ੍ਰਸਤ ਹੈ। ਹਕੂਮਤ ਦੀ ਹਵਸ ਵਿੱਚ ਅੰਨ੍ਹਾ ਹੋ ਕੇ ਉਸ ਨੇ ਪਿਤਾ ਦੀ ਮੌਤ ਦਾ ਵੀ ਇੰਤਜ਼ਾਰ ਨਹੀਂ ਸੀ ਕੀਤਾ। ਉਹ ਚਾਹੁੰਦਾ ਹੈ ਕਿ ਉਸ ਦੇ ਬੇਟੇ ਉਸ ਦੀ ਗ਼ਲਤੀ ਨੂੰ ਨਾ ਦੁਹਰਾਉਣ। ਸ਼ਾਹੀ ਮਹੱਲ ਤੇ ਦਰਬਾਰ ਵਿੱਚ ਉਹ ਰਾਗ-ਰੰਗ ਤੇ ਨਾਚ ਦੇ ਸਖ਼ਤ ਵਿਰੁੱਧ ਹੈ। ਉਸ ਦੇ ਰਾਜ ਵਿੱਚ ਲੋਕ ਦੁਖੀ ਸਨ ਅਤੇ ਉਸ ਦਾ ਵਿਰੋਧ ਹੋ ਰਿਹਾ ਸੀ। ਗੁਰੂ ਜੀ ਨੇ ‘ਜ਼ਫ਼ਰਨਾਮੇ’ ਵਿੱਚ ਉਸ ਨੂੰ ਅਜਿਹੀਆਂ ਲਾਹਨਤਾਂ ਪਾਈਆਂ ਸਨ ਕਿ ਉਸ ਦੀ ਆਤਮਾ ਕੰਬ ਗਈ ਸੀ ਅਤੇ ਸਰੀਰ ਪਿੰਜਿਆ ਗਿਆ ਸੀ। ਜ਼ਫ਼ਰਨਾਮੇ ਨੇ ਔਰੰਗਜ਼ੇਬ ਦੇ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ ਸੀ। ਔਰੰਗਜ਼ੇਬ ਮਹਿਸੂਸ ਕਰਦਾ ਹੈ ਕਿ ਉਸ ਹੱਥੋਂ ਗੁਰੂ ਜੀ ਨਾਲ ਧੋਖਾ ਹੋਇਆ ਹੈ। ਔਰੰਗਜ਼ੇਬ ਮੰਨਦਾ ਹੈ ਕਿ ਉਹ ਇਸ ਦੁਨੀਆ ਤੋਂ ਗੁਨਾਹਾਂ ਦੇ ਭਾਰ ਨਾਲ ਲੱਦਿਆ ਜਾਏਗਾ।

ਪ੍ਰਸ਼ਨ 10. ਜ਼ੀਨਤ ਦੇ ਸੁਭਾਅ/ਸ਼ਖ਼ਸੀਅਤ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਓ।

ਜਾਂ

ਜੀਨਤ ਦਾ ਪਾਤਰ – ਚਿਤਰਨ

ਉੱਤਰ : ਜ਼ੀਨਤ ‘ਜ਼ਫ਼ਰਨਾਮਾ’ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਔਰੰਗਜ਼ੇਬ ਦੀ ਲਾਡਲੀ ਬੇਟੀ ਹੈ। ਉਹ ਉਸ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਸ ਦਾ ਬਹੁਤ ਖ਼ਿਆਲ ਰੱਖਦੀ ਹੈ। ਉਹ ਦੁੱਖ ਅਤੇ ਪਰੇਸ਼ਾਨੀ ਵਿੱਚ ਆਪਣੇ ਬਾਪ ਦਾ ਸਾਥ ਦਿੰਦੀ ਹੈ। ਔਰੰਗਜ਼ੇਬ ਜਦ ਮਾਨਸਿਕ ਧੱਕੇ ਨਾਲ ਡਿਗਣ ਲੱਗਦਾ ਹੈ ਤਾਂ ਜ਼ੀਨਤ ਉਸ ਨੂੰ ਹੱਥਾਂ ‘ਤੇ ਬੋਚਦੀ ਹੈ। ਔਰੰਗਜ਼ੇਬ ਦੀਆਂ ਚੀਕਾਂ ਸੁਣ ਕੇ ਉਹ ਬਿਨਾਂ ਇਜਾਜ਼ਤ ਅੰਦਰ ਜਾਂਦੀ ਹੈ ਅਤੇ ਬਾਪ ਦੀ ਪਰੇਸ਼ਾਨੀ ਨੂੰ ਜਾਣਨ ਦਾ ਯਤਨ ਕਰਦੀ ਹੈ। ਹਰ ਬੇਟੀ ਵਾਂਗ ਜ਼ੀਨਤ ਨੂੰ ਆਪਣੇ ਬਾਪ ਨਾਲ ਪੂਰੀ ਹਮਦਰਦੀ ਹੈ ਅਤੇ ਉਹ ਉਸ ਦਾ ਭਲਾ ਚਾਹੁੰਦੀ ਹੈ। ਪਰ ਉਹ ਔਰੰਗਜ਼ੇਬ ਦੇ ਗੁਨਾਹਾਂ ਦੀ ਵੀ ਉਸ ਨੂੰ ਯਾਦ ਦਿਵਾਉਂਦੀ ਹੈ। ਉਹ ਚਾਹੁੰਦੀ ਹੈ ਕਿ ਵਜ਼ੀਰ ਖ਼ਾਨ ਨੂੰ ਉਸ ਦੇ ਜੁਰਮ ਦੀ ਸਜ਼ਾ ਮਿਲੇ।

ਪ੍ਰਸ਼ਨ 11. ‘ਜ਼ਫ਼ਰਨਾਮਾ’ ਇਕਾਂਗੀ ਦੀ ਇਸਤਰੀ ਪਾਤਰ ਬੇਗ਼ਮ ਉਦੈਪੁਰੀ ਨਾਲ ਜਾਣ-ਪਛਾਣ ਕਰਾਓ।

ਜਾਂ 

ਬੇਗਮ ਉਦੈਪੁਰੀ ਦਾ ਪਾਤਰ – ਚਿਤਰਨ

ਉੱਤਰ : ਬੇਗਮ ਉਦੈਪੁਰੀ ਔਰੰਗਜ਼ੇਬ ਦੀ ਤੀਸਰੀ ਪਤਨੀ ਅਤੇ ਸਹਿਜ਼ਾਦਾ ਕਾਮ ਬਖ਼ਸ਼ ਦੀ ਮਾਂ ਹੈ। ਉਹ ਇੱਕ ਇਤਾਲਵੀ ਔਰਤ ਹੈ। ਉਹ ਔਰੰਗਜ਼ੇਬ ਦੀ ਸਭ ਤੋਂ ਪਿਆਰੀ ਬੀਵੀ ਸੀ ਅਤੇ ਔਰੰਗਜ਼ੇਬ ਨੂੰ ਬਹੁਤ ਪਿਆਰ ਕਰਦੀ ਸੀ। ਉਸ ਨੇ ਆਖ਼ਰੀ ਵਰ੍ਹਿਆਂ ਵਿੱਚ ਔਰੰਗਜ਼ੇਬ ਦੀ ਬਹੁਤ ਸੇਵਾ ਕੀਤੀ ਸੀ। ਉਹ ਉਸ ਲਈ ਬਹੁਤ ਫ਼ਿਕਰਮੰਦ ਰਹਿੰਦੀ ਹੈ। ਉਹ ਪਰੇਸ਼ਾਨੀ ਵਿੱਚ ਔਰੰਗਜ਼ੇਬ ਦੀ ਅਵਾਜ਼ ਸੁਣ ਕੇ ਜ਼ੀਨਤ ਨੂੰ ਔਰੰਗਜ਼ੇਬ ਦੇ ਕਮਰੇ ਵਿੱਚ ਭੇਜਦੀ ਹੈ। ਉਹ ਆਪਣੀ ਜ਼ਿੰਦਗੀ ਦਾ ਇੱਕੋ-ਇੱਕ ਮਕਸਦ ਔਰੰਗਜ਼ੇਬ ਦੀ ਸੇਵਾ ਮੰਨਦੀ ਹੈ। ਉਹ ਔਰੰਗਜ਼ੇਬ ਦੇ ਕਮਰੇ ਵਿੱਚ ਨਾ ਹੋਣ ਦੇ ਬਾਵਜੂਦ ਡਰਦੀ-ਡਰਦੀ ਉਸ ਦੇ ਕਮਰੇ ਵਿੱਚ ਦਾਖ਼ਲ ਹੁੰਦੀ ਹੈ। ਜਦੋਂ ਔਰੰਗਜ਼ੇਬ ਉਸ ਨੂੰ ਪੁੱਛਦਾ ਹੈ ਕਿ ਉਸ ਨੇ ਕਾਮ ਬਖ਼ਸ਼ ਨੂੰ ਉਸ ਦੇ ਬਿਮਾਰ ਹੋਣ ਦੀ ਸੂਚਨਾ ਤਾਂ ਨਹੀਂ ਦਿੱਤੀ ਤਾਂ ਉਹ ਕਹਿੰਦੀ ਹੈ ਕਿ ਹਜ਼ੂਰ ਦੇ ਹੁਕਮ ਤੋਂ ਬਿਨਾਂ ਉਹ ਅਜਿਹਾ ਕਦਮ ਕਦੇ ਨਹੀਂ ਪੁੱਟ ਸਕਦੀ।

ਪ੍ਰਸ਼ਨ 12. ‘ਜ਼ਫ਼ਰਨਾਮਾ’ (ਡਾ. ਹਰਚਰਨ ਸਿੰਘ) ਇਕਾਂਗੀ ਦੇ ਪਾਤਰ ਅਸਦ ਖ਼ਾਨ ਬਾਰੇ ਤੁਸੀਂ ਕੀ ਜਾਣਦੇ ਹੋ?

ਜਾਂ

ਅਸਦ ਖ਼ਾਨ ਦਾ ਪਾਤਰ – ਚਿਤਰਨ

ਉੱਤਰ : ਅਸਦ ਖ਼ਾਨ ‘ਜ਼ਫ਼ਰਨਾਮਾ’ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ। ਔਰੰਗਜ਼ੇਬ ਦੇ ਆਪਣੇ ਕਹਿਣ ਅਨੁਸਾਰ ਉਹ ਉਸ ਦਾ ਵਧੀਆ ਅਹਿਲਕਾਰ (ਅਹੁਦੇਦਾਰ/ਕਰਮਚਾਰੀ) ਹੀ ਨਹੀਂ ਸਗੋਂ ਉਸ ਦਾ ਦਿਲੀ ਦੋਸਤ ਵੀ ਹੈ। ‘ਜ਼ਫ਼ਰਨਾਮਾ’ ਨਾਂ ਦਾ ਖ਼ਤ ਮਿਲਨ ਤੋਂ ਬਾਅਦ ਔਰੰਗਜ਼ੇਬ ਆਪਣੇ ਦਿਲ ਦਾ ਭੇਦ ਉਸ ਸਾਮ੍ਹਣੇ ਜ਼ਾਹਰ ਕਰ ਦਿੰਦਾ ਹੈ। ਅਸਦ ਖ਼ਾਨ ਔਰੰਗਜ਼ੇਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੁਲ੍ਹਾ ਕਰ ਲੈਣ ਦੀ ਸਲਾਹ ਦਿੰਦਾ ਹੈ। ਉਹ ਔਰੰਗਜ਼ੇਬ ਨੂੰ ਕਹਿੰਦਾ ਹੈ ਕਿ ਇਸ ਲਈ ਉਸ ਨੂੰ ਆਪਣੇ ਹੱਥੀਂ ਖ਼ਤ ਲਿਖ ਕੇ ਕਿਸੇ ਭਰੋਸੇਯੋਗ ਦੂਤ ਦੇ ਹੱਥ ਗੁਰੂ ਜੀ ਨੂੰ ਭੇਜਣਾ ਚਾਹੀਦਾ ਹੈ। ਅਸਦ ਖ਼ਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਿਡਰ ਅਤੇ ਪਰਤਾਪੀ ਪੀਰ ਮੰਨਦਾ ਹੈ ਅਤੇ ਉਹਨਾਂ ਦਾ ਸਤਿਕਾਰ ਕਰਦਾ ਹੈ।

ਪ੍ਰਸ਼ਨ 13. ‘ਜ਼ਫ਼ਰਨਾਮਾ’ ਇਕਾਂਗੀ ਦੇ ਪਾਤਰ ਸ਼ਾਹੀ ਹਕੀਮ ਨਾਲ ਜਾਣ-ਪਛਾਣ ਕਰਾਓ।

ਜਾਂ

ਸ਼ਾਹੀ ਹਕੀਮ ਦਾ ਪਾਤਰ – ਚਿਤਰਨ

ਉੱਤਰ : ਔਰੰਗਜ਼ੇਬ ਦਾ ਸ਼ਾਹੀ ਹਕੀਮ ਆਪਣੇ ਬਾਦਸ਼ਾਹ ਦੀ ਸਿਹਤ ਲਈ ਫ਼ਿਕਰਮੰਦ ਹੈ ਪਰ ਔਰੰਗਜ਼ੇਬ ਨੂੰ ਉਸ ’ਤੇ ਕੋਈ ਭਰੋਸਾ ਨਹੀਂ। ਉਹ ਸਪਸ਼ਟ ਕਹਿੰਦਾ ਹੈ ਕਿ ਉਸ ਦੀਆਂ ਗੱਲਾਂ ਵਾਂਗ ਉਸ ਦੀ ਦਵਾਈ ਵੀ ਝੂਠੀ ਹੋਵੇਗੀ। ਇੱਥੋਂ ਤੱਕ ਕਿ ਉਹ ਉਸ ਦੀ ਦਿੱਤੀ ਦਵਾਈ ਖਾਣ ਤੋਂ ਪਹਿਲਾਂ ਉਸ ਨੂੰ ਚੱਖਣ ਲਈ ਕਹਿੰਦਾ ਹੈ। ਉਹ ਹਿਕਮਤ ਦਾ ਚੰਗਾ ਜਾਣਕਾਰ ਹੈ। ਉਹ ਔਰੰਗਜ਼ੇਬ ਦੇ ਚਿਹਰੇ ਤੇ ਅੱਖਾਂ ਦੀ ਹਾਲਤ ਦੇਖ ਕੇ ਦੱਸਦਾ ਹੈ ਕਿ ਉਸ ਲਈ ਨੀਂਦ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦਾ ਸੰਬੰਧ ਦਿਮਾਗ਼ ਨਾਲ ਹੈ। ਆਪਣੇ ਸ਼ਹਿਨਸ਼ਾਹ ਦਾ ਵਿਸ਼ਵਾਸ ਹਾਸਲ ਕਰਨ ਲਈ ਉਹ ਉਸ ਨੂੰ ਦਿੱਤੀ ਜਾਣ ਵਾਲੀ ਦਵਾਈ ਪਹਿਲਾਂ ਆਪ ਖਾਣ ਲਈ ਵੀ ਤਿਆਰ ਹੈ। ਉਹ ਆਪਣੇ ਸ਼ਹਿਨਸ਼ਾਹ ਕੋਲੋਂ ਡਰਦਾ ਵੀ ਹੈ।

ਪ੍ਰਸ਼ਨ 14. ਹੇਠ ਦਿੱਤੀ ਵਾਰਤਾਲਾਪ ਨੂੰ ਧਿਆਨ ਨਾਲ ਪੜ੍ਹੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

“ਨਹੀਂ! ਤੂੰ ਭੁਲੇਖੇ ਵਿੱਚ ਰਿਹਾ ਹੈਂ। ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਂਹਾਂ ਪੱਕੀਆਂ ਹੁੰਦੀਆਂ ਹਨ। ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫ਼ੀ, ਕੁੱਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ।”

ਪ੍ਰਸ਼ਨ : (ੳ) ਰਾਜ ਦੀਆਂ ਨੀਂਹਾਂ ਕਿਵੇਂ ਪੱਕੀਆਂ ਹੁੰਦੀਆਂ ਹਨ?

(ਅ) ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਂਹਾਂ ਕਿਵੇਂ ਪੱਕੀਆਂ ਕੀਤੀਆਂ ਸਨ ?

(ੲ) ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ?

ਉੱਤਰ : (ੳ) ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਂਹਾਂ ਪੱਕੀਆਂ ਹੁੰਦੀਆਂ ਹਨ।

(ਅ) ਉਹਨਾਂ ਨੇ ਆਪਣੇ ਰਾਜ ਦੀਆਂ ਨੀਂਹਾਂ ਲੋਕਾਂ ਦੇ ਦਿਲਾਂ ਨੂੰ ਜਿੱਤ ਕੇ ਪੱਕੀਆਂ ਕੀਤੀਆਂ ਸਨ।

(ੲ) ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫ਼ੀ, ਹਿੰਦੂ ਆਦਿ ਸਾਰੇ ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਸਨ।

ਪ੍ਰਸ਼ਨ 15. ਹੇਠ ਦਿੱਤੀ ਵਾਰਤਾਲਾਪ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

“ਮੇਰਾ ਵੀ ਇਹੋ ਖ਼ਿਆਲ ਹੈ। ਖ਼ਾਸ ਕਾਸਦ ਨੂੰ ਭੇਜ ਕੇ ਗੁਰੂ ਨੂੰ ਸੁਲ੍ਹਾ-ਸਫ਼ਾਈ ਲਈ ਇੱਥੇ ਬੁਲਾਂਦਾ ਹਾਂ। ਉਹਨਾਂ ਦੀ ਹਿਫ਼ਾਜ਼ਤ ਦਾ ਖ਼ਾਤਰ-ਖ਼ਵਾਹ ਇੰਤਜ਼ਾਮ ਕਰਦਾ ਹਾਂ। ਜਾਓ, ਮੀਰ ਮੁਨਸ਼ੀ ਔਰ ਦਯਾ ਸਿੰਘ ਨੂੰ ਦਰਬਾਰੇ-ਖ਼ਾਸ ਵਿੱਚ ਹਾਜ਼ਰ ਕਰੋ। ਮੈਂ ਤਿਆਰ ਹੋ ਕੇ ਜਲਦੀ ਆਉਂਦਾ ਹਾਂ।”

ਪ੍ਰਸ਼ਨ : (ੳ) ਇਹ ਸ਼ਬਦ ਕੌਣ, ਕਿਸ ਨੂੰ ਆਖਦਾ ਹੈ?

(ਅ) ਔਰੰਗਜ਼ੇਬ ਕਾਸਦ ਨੂੰ ਕਿਹੜਾ ਕੰਮ ਕਰਨ ਲਈ ਬੁਲਾਉਂਦਾ ਹੈ?

(ੲ) ਦਰਬਾਰੇ-ਖ਼ਾਸ ਵਿੱਚ ਕਿਨ੍ਹਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ?

ਉੱਤਰ : (ੳ) ਇਹ ਸ਼ਬਦ ਔਰੰਗਜ਼ੇਬ ਅਸਦ ਖ਼ਾਨ ਨੂੰ ਆਖਦਾ ਹੈ।

(ਅ) ਔਰੰਗਜ਼ੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੁਲ੍ਹਾ ਲਈ ਆਪਣੇ ਹੱਥੀਂ ਲਿਖਿਆ ਖ਼ਤ ਗੁਰੂ ਜੀ ਤੱਕ ਪਹੁੰਚਾਉਣ ਲਈ ਕਾਸਦ ਨੂੰ ਭੇਜਣ ਲਈ ਕਹਿੰਦਾ ਹੈ।

(ੲ) ਦਇਆ ਸਿੰਘ ਅਤੇ ਮੀਰ ਮੁਨਸ਼ੀ ਨੂੰ ਦਰਬਾਰੇ-ਖ਼ਾਸ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ।

ਪ੍ਰਸ਼ਨ 16. ਹੇਠ ਦਿੱਤੀ ਵਾਰਤਾਲਾਪ ਨੂੰ ਧਿਆਨ ਨਾਲ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

“ਬੇਸ਼ੱਕ ਮੈਂ ਉਸ ਦੇ ਬਾਪ ਤੇਗ਼ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ, ਮਗਰ ਉਹ ਮੁਲਕੀ ਮਾਮਲਾ ਸੀ ਪਰ ਵਜ਼ੀਰ ਖ਼ਾਨ ਨੇ ਮੇਰਾ ਨਾਂ ਬਦਨਾਮ ਕੀਤਾ ਹੈ ਔਰ ਇਸਲਾਮ ਦੀ ਤੌਹੀਨ ਕੀਤੀ ਹੈ। ਦੱਸ ਉਸ ਨੂੰ ਕਿਆ ਸਜ਼ਾ ਦਿੱਤੀ ਜਾਵੇ?”

ਪ੍ਰਸ਼ਨ : (ੳ) ਇਹ ਸ਼ਬਦ ਕੌਣ, ਕਿਸ ਨੂੰ ਕਹਿੰਦਾ ਹੈ?

(ਅ) ਇਹਨਾਂ ਸਤਰਾਂ ਵਿਚਲੇ ਸ਼ਬਦ ‘ਉਸ ਦੇ ਬਾਪ’ ਕਿਸ ਸ਼ਖ਼ਸੀਅਤ ਵੱਲ ਇਸ਼ਾਰਾ ਕਰਦੇ ਹਨ?

(ੲ) ਵਜ਼ੀਰ ਖ਼ਾਨ ਨੇ ਔਰੰਗਜ਼ੇਬ ਦਾ ਨਾਂ ਕਿਵੇਂ ਬਦਨਾਮ ਕੀਤਾ?

ਉੱਤਰ: (ੳ) ਇਹ ਸ਼ਬਦ ਔਰੰਗਜ਼ੇਬ ਨੇ ਅਸਦ ਖ਼ਾਨ ਨੂੰ ਕਹੇ।

(ਅ) ‘ਉਸ ਦੇ ਬਾਪ’ ਸ਼ਬਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵੱਲ ਇਸ਼ਾਰਾ ਕਰਦੇ ਹਨ।

(ੲ) ਵਜ਼ੀਰ ਖ਼ਾਂ ਨੇ ਪਹਿਲਾਂ ਔਰੰਗਜ਼ੇਬ ਦੇ ਨਾਂ ‘ਤੇ ਕੁਰਾਨ ਸ਼ਰੀਫ਼ ਦੀਆਂ ਕਸਮਾਂ ਖਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਛੱਡਣ ਲਈ ਮਜਬੂਰ ਕੀਤਾ ਤੇ ਬਾਅਦ ਵਿੱਚ ਧੋਖੇ ਨਾਲ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਇਸ ਤਰ੍ਹਾਂ ਵਜ਼ੀਰ ਖ਼ਾਂ ਨੇ ਔਰੰਗਜ਼ੇਬ ਦਾ ਨਾਂ ਬਦਨਾਮ ਕੀਤਾ।

ਪ੍ਰਸ਼ਨ 17. ਹੇਠ ਦਿੱਤੀ ਵਾਰਤਾਲਾਪ ਨੂੰ ਧਿਆਨ ਨਾਲ ਪੜ੍ਹੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

(ੳ) ”ਇਹ ਹਨ ਤੇਰੇ ਅਹਿਲਕਾਰ, ਫ਼ੌਜਦਾਰ, ਸੂਬੇਦਾਰ, ਉਮਰਾ ਔਰ ਉਲਿਮਾ ਜੋ ਤੇਰੀ ਮੌਤ ਦੀਆਂ ਘੜੀਆਂ ਉਡੀਕ ਰਹੇ ਹਨ। ਉਹ ਸ਼ੇਅਰੋ-ਸ਼ਾਇਰੀ ਨਾਲ ਤੈਨੂੰ ਚਿੜਾ ਰਹੇ ਹਨ ਕਿਉਂਕਿ ਤੂੰ ਸਾਰੀ ਉਮਰ ਇਹਨਾਂ ਨੂੰ ਕੁਫ਼ਰ ਦੇ ਠੇਕੇਦਾਰ ਕਹਿੰਦਾ ਰਿਹਾ ਹੈ। ਸ਼ਰਾਬ ਦੇ ਨਸ਼ੇ ਵਿੱਚ ਉਹ ਤੇਰੀ ਕਮਜ਼ੋਰੀ ਦਾ ਮਜ਼ਾਕ ਉਡਾ ਰਹੇ ਹਨ।”

ਪ੍ਰਸ਼ਨ : (ੳ) ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ?

(ਅ) ਇਹ ਸ਼ਬਦ ਕਿਸ ਨੂੰ ਕਹੇ ਗਏ ਹਨ?

(ੲ) ਕੋਣ ਕਿਸ ਦੀ ਮੌਤ ਦੀਆਂ ਘੜੀਆਂ ਉਡੀਕ ਰਹੇ ਹਨ?

ਉੱਤਰ: (ੳ) ਇਹ ਸ਼ਬਦ ‘ਜ਼ਫਰਨਾਮਾ’ ਇਕਾਂਗੀ ਵਿੱਚੋਂ ਲਏ ਗਏ ਹਨ।

(ਅ) ਇਹ ਸ਼ਬਦ ਔਰੰਗਜ਼ੇਬ ਨੂੰ ਕਹੇ ਗਏ ਹਨ।

(ੲ) ਔਰੰਗਜ਼ੇਬ ਦੇ ਅਹਿਲਕਾਰ, ਫ਼ੌਜਦਾਰ, ਸੂਬੇਦਾਰ, ਉਮਰਾ ਔਰ ਉਲਿਮਾ ਉਸ ਦੀ (ਔਰੰਗਜ਼ੇਬ ਦੀ) ਮੌਤ ਦੀਆਂ ਘੜੀਆਂ ਉਡੀਕ ਰਹੇ ਹਨ।

ਪ੍ਰਸ਼ਨ 19. ਹੇਠ ਦਿੱਤੀ ਵਾਰਤਾਲਾਪ ਨੂੰ ਧਿਆਨ ਨਾਲ ਪੜ੍ਹੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ:

“ਇਹ ਤਾਂ ਸਭ ਮੰਨਦੇ ਹਨ ਕਿ ਉਹ ਅਜ਼ਮਤ ਵਾਲਾ ਪੀਰ ਹੈ। ਹਜ਼ੂਰ ਨੂੰ ਯਾਦ ਹੋਵੇਗਾ ਕਿ ਫ਼ੌਜਦਾਰ ਸੈਦ ਖ਼ਾਂ ਤੇ ਰਮਜ਼ਾਨ ਖਾਂ ਉਸ ਪੀਰ ਨਾਲ ਜਾ ਰਲੇ ਸਨ। ਜਹਾਨ ਪਨਾਹ! ਮੈਂ ਸਮਝ ਨਹੀਂ ਸਕਿਆ ਇਸ ਵਿੱਚ ਦਿਲ ‘ਤੇ ਲਾਉਣ ਵਾਲੀ ਕਿਹੜੀ ਗੱਲ ਹੈ?”

ਪ੍ਰਸ਼ਨ : (ੳ) ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ?

(ਅ) ਇਹ ਸ਼ਬਦ ਕਿਸ ਨੇ ਨੇ ਕਿਸ ਨੂੰ ਕਹੇ?

(ੲ) ਅਜ਼ਮਤ ਵਾਲਾ ਪੀਰ ਕੌਣ ਹੈ?

ਉੱਤਰ : (ੳ) ਇਹ ਸ਼ਬਦ ‘ਜ਼ਫਰਨਾਮਾ’ ਇਕਾਂਗੀ ਵਿੱਚ ਲਏ ਗਏ ਹਨ।

(ਅ) ਇਹ ਸ਼ਬਦ ਅਸਦ ਖ਼ਾਨ ਨੇ ਔਰਗਜ਼ੇਬ ਨੂੰ ਕਹੇ।

(ੲ) ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਪ੍ਰਸ਼ਨ 20. ਹੇਠ ਦਿੱਤੀ ਵਾਰਤਾਲਾਪ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

”ਬੇਟੀ, ਅੱਜ ਮੇਰੀ ਰੂਹ ਰੋ ਰਹੀ ਹੈ। ਮੇਰਾ ਰੋਮ-ਰੋਮ ਕੰਬ ਰਿਹਾ ਹੈ। ਸਾਰੀ ਰਾਤ ਮੈਂ ਸੂਲੀ ‘ਤੇ ਟੰਗਿਆ ਰਿਹਾ ਹਾਂ। ਸੱਤ ਔਰ ਨੌਂ ਸਾਲਾਂ ਦੇ ਬੱਚਿਆਂ ਉੱਤੇ ਜ਼ੁਲਮ ਕਰਨ ਦੀ ਇਸਲਾਮ ਹਰਗਿਜ਼ ਇਜਾਜ਼ਤ ਨਹੀਂ ਦਿੰਦਾ। ਮਗਰ ਮੈਂ ਮਜਬੂਰ ਹਾਂ।”

ਪ੍ਰਸ਼ਨ : (ੳ) ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ?

(ਅ) ਇਹ ਸ਼ਬਦ ਕਿਸ ਨੇ ਅਤੇ ਕਿਸ ਨੂੰ ਕਹੇ?

(ੲ) ਕਿਸ ਦੇ ਸਾਰੀ ਰਾਤ ਸੂਲੀ ‘ਤੇ ਟੰਗੇ ਰਹਿਣ ਦਾ ਜ਼ਿਕਰ ਹੈ?

ਉੱਤਰ : (ੳ) ਇਹ ਸ਼ਬਦ ‘ਜ਼ਫ਼ਰਨਾਮਾ’ ਇਕਾਂਗੀ ਵਿੱਚੋਂ ਹਨ।

(ਅ) ਇਹ ਸ਼ਬਦ ਔਰੰਗਜ਼ੇਬ ਨੇ ਆਪਣੀ ਬੇਟੀ ਚੀਨਤ ਨੂੰ ਕਹੇ।

(ੲ) ਔਰੰਗਜ਼ੇਬ ਦੇ।