ਆਸ – ਪੈਰਾ ਰਚਨਾ

‘ਜੀਵੇ ਆਸਾ, ਮਰੇ ਨਿਰਾਸ਼ਾ’ ਕਹਾਵਤ ਤੋਂ ਪਤਾ ਚਲਦਾ ਹੈ ਕਿ ਜੀਵਨ ਆਸ ਦੇ ਸਹਾਰੇ ਹੀ ਚਲਦਾ ਹੈ। ਆਸ ਦਾ ਅਰਥ ਹੈ – ‘ਭਵਿੱਖ ਲਈ ਆਸ਼ਾਵਾਦੀ ਰਹਿਣਾ’ ਭਵਿੱਖ ਵਿੱਚ ਜੋ ਸਮਾਂ ਆਉਣਾ ਹੈ, ਉਸ ਨੂੰ ਸਫ਼ਲਤਾ, ਖੁਸ਼ਹਾਲੀ ਤੇ ਉੱਨਤੀ ਦਾ ਚਿੰਨ੍ਹ ਸਵੀਕਾਰ ਕਰਨਾ ਹੀ ਆਸ ਹੈ। ਇਹ ਮਨੁੱਖ ਨੂੰ ਕਿਰਿਆਸ਼ੀਲ ਤੇ ਚੜ੍ਹਦੀ ਕਲਾ ਵਿੱਚ ਰੱਖਦੀ ਹੈ। ਅਸਲ ਵਿੱਚ ਇਹ ਜਿਉਂਦੇ ਹੋਣ ਦੀ ਨਿਸ਼ਾਨੀ ਹੈ।

ਕਿਹਾ ਜਾਂਦਾ ਹੈ ‘ਜਦ ਤੱਕ ਸਾਸ ਤਦ ਤੱਕ ਆਸ।’ ਜਿਉਂਦਾ ਮਨੁੱਖ ਹਮੇਸ਼ਾ ਆਪਣੇ ਭਵਿੱਖ ਸੰਬੰਧੀ ਆਸ਼ਾਵਾਦੀ ਰਹਿੰਦਾ ਹੈ ਤੇ ਇਹ ਵੀ ਉਸ ਦੇ ਜੀਵਨ ਵਿੱਚ ਖੇੜਾ ਤੇ ਚਾਅ ਪੈਦਾ ਕਰਦੀ ਹੈ। ਆਸ ਨੂੰ ਛੱਡ ਕੇ ਨਿਰਾਸ਼ਤਾ ਦਾ ਪੱਲਾ ਫੜਨ ਵਾਲਾ ਮਨੁੱਖ ਗਿਰਾਵਟ ਤੇ ਆਤਮਘਾਤ ਦੇ ਰਾਹ ਤੁਰਦਾ ਹੈ। ਇਹ ਜੀਵਨ ਤੋਂ ਭੰਜਵਾਦੀ ਬਣ ਜਾਣ ਤੇ ਬੁਜ਼ਦਿਲੀ ਦੀ ਨਿਸ਼ਾਨੀ ਹੈ।

ਅਜਿਹਾ ਮਨੁੱਖ ਨਾ ਆਪਣਾ ਕੁੱਝ ਸੁਆਰਦਾ ਹੈ ਤੇ ਨਾ ਹੀ ਸਮਾਜ ਦਾ। ਮਨੁੱਖੀ ਸਮਾਜ ਤੇ ਸੱਭਿਆਚਾਰ ਦੀ ਉਸਾਰੀ ਆਪਣੀ ਧੁਨ ਵਿੱਚ ਪੱਕੇ ਰਹਿ ਕੇ ਕੰਮ ਕਰਨ ਤੇ ਸਫ਼ਲਤਾ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖਣ ਵਾਲੇ ਮਨੁੱਖਾਂ ਨੇ ਹੀ ਕੀਤੀ ਹੈ। ਆਸ਼ਾਵਾਦੀ ਹਿੰਮਤੀ ਤੇ ਉਤਸ਼ਾਹੀ ਹੁੰਦਾ ਹੈ। ਫਿਰ ਉਹ ਕੀ ਨਹੀਂ ਕਰ ਸਕਦਾ?

ਧਨੀ ਰਾਮ ਚਾਤ੍ਰਿਕ ਦੇ ਸ਼ਬਦਾਂ ਵਿਚ ‘ਹਿੰਮਤ ਕਰੇ ਮਨੁੱਖ ਜੇ, ਜਾ ਛੋਹੇ ਅਸਮਾਨ।’ ਅਜਿਹੇ ਮਨੁੱਖ ਹਮੇਸ਼ਾ ਕਿਰਿਆਸ਼ੀਲ ਰਹਿੰਦੇ ਹਨ ਤੇ ਦਿਨ – ਰਾਤ ਇਕ ਕਰਕੇ ਆਪਣੇ ਉਦੇਸ਼ ਵੱਲ ਵੱਧਦੇ ਹਨ। ਅਜਿਹੇ ਲੋਕ ਕਰਮ ਯੋਗੀ ਹੁੰਦੇ ਹਨ ਤੇ ਜੀਵਨ ਦੀਆਂ ਔਂਕੜਾਂ ਤੋਂ ਨਹੀਂ ਘਬਰਾਉਂਦੇ।

ਉਹ ਅਸਫ਼ਲਤਾ ਦੀ ਮਾਰ ਖਾ ਕੇ ਨਿਰਾਸ਼ ਹੋਏ ਅਤੇ ਕਿਸਮਤ ਨੂੰ ਕੋਸਦੇ ਵਿਅਕਤੀਆਂ ਨੂੰ ਉਤਸ਼ਾਹ ਤੇ ਹੌਂਸਲਾ ਦਿੰਦੇ ਹਨ ਤੇ ਆਸ ਦੀ ਕੰਨੀ ਫੜ੍ਹ ਕੇ ਮੁਸ਼ਕਲਾਂ ਦੇ ਨਾਲ ਜੂਝਣ ਲਾ ਦਿੰਦੇ ਹਨ। ਫਲਸਰੂਪ ਉਹ ਹਿੰਮਤ ਤੇ ਮਿਹਨਤ ਕਰਦਿਆਂ ਆਸ ਦਾ ਲੜ ਫੜ ਕੇ ਅਸਫਲਤਾਵਾਂ ਦਾ ਮੂੰਹ ਮੋੜ ਕੇ ਸਫ਼ਲਤਾ ਦੇ ਫੁੱਲਾਂ ਦੀ ਟੋਕਰੀ ਆਪਣੀ ਝੋਲੀ ਪਾਉਂਦੇ ਹਨ।

ਇਸ ਤਰ੍ਹਾਂ ਆਸ ਜੀਵਨ ਨੂੰ ਖੁਸ਼ੀ ਤੇ ਆਨੰਦ ਨਾਲ ਭਰਪੂਰ ਕਰਦੀ ਹੈ। ਆਸ ਦੇ ਖਤਮ ਹੋਣ ਦਾ ਮਤਲਬ ਜੀਵਨ ਦਾ ਅੰਤ ਹੈ, ਮੌਤ ਹੈ। ਇਸ ਕਰਕੇ ਮਨੁੱਖ ਨੂੰ ਕਦੇ ਵੀ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ, ਸਗੋਂ ਆਸਵੰਦ ਰਹਿਣਾ ਚਾਹੀਦਾ ਹੈ। ਇਸ ਵਿੱਚ ਹੀ ਜੀਵਨ ਦੇ ਵਿਕਾਸ ਦਾ ਡੂੰਘਾ ਭੇਤ ਛਿਪਿਆ ਹੋਇਆ ਹੈ।