ਆਲੋਚਨਾਤਮਿਕ ਸਾਰ : ਘਰ ਜਾ ਆਪਣੇ


ਪ੍ਰਸ਼ਨ : ਕਹਾਣੀ ‘ਘਰ ਜਾ ਆਪਣੇ’ ਦਾ ਵਿਸ਼ਾ ਵਸਤੂ 125-150 ਸ਼ਬਦਾਂ ਵਿੱਚ ਲਿਖੋ।

ਜਾਂ

ਪ੍ਰਸ਼ਨ. ‘ਘਰ ਜਾ ਆਪਣੇ” ਕਹਾਣੀ ਦਾ ਆਲੋਚਨਾਤਮਿਕ ਸਾਰ 125-150 ਸ਼ਬਦਾਂ ਵਿੱਚ ਲਿਖੋ।

ਉੱਤਰ : ਘਰ ਜਾ ਆਪਣੇ’ ਗੁਲਜ਼ਾਰ ਸਿੰਘ ਸੰਧੂ ਦੀ ਰਚਨਾ ਹੈ। ਇਸ ਵਿੱਚ ਕਹਾਣੀਕਾਰ ਨੇ ਪੰਜਾਬੀ ਸਮਾਜ ਵਿੱਚ ਹੁੰਦੇ ਵਿਆਹ ਦੀਆਂ ਰਸਮਾਂ-ਰੀਤਾਂ ਦਾ ਚਿੱਤਰ ਪੇਸ਼ ਕੀਤਾ ਹੈ। ਬੇਸ਼ੱਕ ਅਜੋਕੇ ਸਮੇਂ ਵਿੱਚ ਵਿਆਹ ਦੇ ਤੌਰ-ਤਰੀਕੇ ਬਦਲ ਗਏ ਹਨ ਪਰ ਕਹਾਣੀ ਵਿੱਚ ਪੇਸ਼ ਵਿਆਹ ਦੀਆਂ ਤਿਆਰੀਆਂ ਅਤੇ ਭੈਣ-ਭਰਾ ਦਾ ਰਿਸ਼ਤਾ ਬਾਖ਼ੂਬੀ ਉਘੜਦਾ ਨਜ਼ਰ ਆਉਂਦਾ ਹੈ। ਜੀਤੋ ਦੇ ਵੀਰ ਵੱਲੋਂ ਵਿਆਹ ਕਰਨ ਲਈ ਮਨ੍ਹਾਂ ਕਰਨ ‘ਤੇ ਜੀਤੋ ਦਾ ਹੀ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ ਗਿਆ। ਜੀਤੋ ਆਪਣੇ ਭਰਾ ਤੋਂ ਉਮਰ ਵਿੱਚ ਛੋਟੀ ਸੀ। ਜਿਉਂ-ਜਿਉਂ ਵਿਆਹ ਦੇ ਦਿਨ ਨੇੜੇ ਆ ਰਹੇ ਸਨ, ਜੀਤੋ ਦੇ ਭਰਾ ਦੀ ਕੰਮਾਂ ਨਾਲ ਮੱਤ ਮਾਰੀ ਗਈ ਸੀ। ਵਿਆਹ ਦੇ ਛੋਟੇ ਤੋਂ ਲੈ ਕੇ ਵੱਡੇ ਕੰਮ ਦੀ ਜ਼ਿੰਮੇਵਾਰੀ ਉਸ ਦੇ ਸਿਰ ਸੀ। ਅਨੰਦ-ਕਾਰਜ ਲਈ ਰਾਗੀਆਂ, ਬਰਾਤੀਆਂ ਦੇ ਸੌਣ ਦਾ ਪ੍ਰਬੰਧ, ਸ਼ਹਿਰ ਤੋਂ ਪਿਰਚ-ਪਿਆਲੀਆਂ ਆਦਿ ਲਿਆਉਣ ਦਾ ਪ੍ਰਬੰਧ ਕਰਨਾ ਸੀ। ਜਿਉਂ-ਜਿਉਂ ਵਿਆਹ ਦੇ ਦਿਨ ਨੇੜੇ ਆ ਰਹੇ ਸਨ ਜੀਤੋ ਨੂੰ ਆਪਣੇ ਮਾਂ-ਬਾਪ ਦਾ ਪਿਆਰ ਆਉਂਦਾ ਸੀ।

ਵਿਆਹ ਵਾਲੇ ਦਿਨ ਸ਼ਾਮ ਨੂੰ ਨਾਨਕੇ, ਨਾਨਕੀ ਛੱਕ ਲੈ ਕੇ ਪਹੁੰਚ ਗਏ ਤੇ ਬਾਕੀ ਰਿਸ਼ਤੇਦਾਰ ਵੀ ਹੌਲ਼ੀ-ਹੌਲ਼ੀ ਬਣਦਾ-ਸਰਦਾ ਕੰਨਿਆ ਦਾਨ ਲੈ ਕੇ ਪਹੁੰਚ ਗਏ। ਵਿਆਹ ਵਾਲੇ ਦਿਨ ਜੀਤੋ ਨੂੰ ਲਾਲ ਸੂਟ ਵਿੱਚ ਤਿਆਰ ਕਰ ਕੇ ਅਨੰਦ-ਕਾਰਜ ਲਈ ਬਿਠਾਇਆ ਗਿਆ। ਅਨੰਦ ਕਾਰਜ ਵੇਲੇ ਦਾ ਮਾਹੌਲ ਬੜਾ ਉਦਾਸ ਸੀ । ਰਾਗੀਆਂ ਅਤੇ ਕੀਰਤਨੀਆਂ ਨੇ ਵਿਦਾਇਗੀ ਨਾਲ ਸੰਬੰਧਿਤ ਸ਼ਬਦ ਪੜ੍ਹ ਕੇ ਕੁਆਰੀਆਂ ਕੁੜੀਆਂ ਨੂੰ ਰੋਣ ‘ਤੇ ਮਜਬੂਰ ਕਰ ਦਿੱਤਾ ਸੀ।

ਰੋਟੀ ਤੋਂ ਬਾਅਦ ਜੀਤੋ ਦੀ ਵਿਦਾਇਗੀ ਦੀ ਤਿਆਰੀ ਸ਼ੁਰੂ ਹੋ ਗਈ। ਜੀਤੋ ਦੀ ਪੰਜਵੀਂ ਜਮਾਤ ਦੀ ਜਮਾਤਣ ਨੇ ਰੋਂਦੀ ਹੋਈ ਨੇ ਜੀਤੋ ਦੇ ਵੀਰ ਨੂੰ ਜੀਤੋ ਨਾਲ ਸਹੁਰੀਂ ਜਾਣ ਨੂੰ ਕਿਹਾ ਤਾਂ ਜੀਤੋ ਦੇ ਵੀਰ ਨੇ ਉਸ ਨੂੰ ਝਿੜਕ ਕੇ ਭੇਜ ਦਿੱਤਾ। ਜੀਤੋ ਦੀ ਮਾਂ ਨੇ ਵੀ ਉਸ ਦੇ ਭਰਾ ਨੂੰ ਜਾਣ ਲਈ ਮਨਾਇਆ ਪਰ ਉਹ ਨਾ ਮੰਨਿਆ। ਤਾਏ ਦੀ ਵੱਡੀ ਕੁੜੀ ਨੂੰ ਵੀ ਜੀਤੋ ਦੇ ਭਰਾ ਨੇ ਮਨ੍ਹਾਂ ਕਰ ਦਿੱਤਾ। ਇਸ ਤੋਂ ਪਿੱਛੋਂ ਕਿਸੇ ਨੇ ਕੁਝ ਨਾ ਕਿਹਾ। ਜੰਞ ਤੁਰਨ ਵਿੱਚ ਦੇਰ ਹੋ ਰਹੀ ਸੀ। ਪੁਰਾਣੀਆਂ ਗੱਲਾਂ ਯਾਦ ਕਰਕੇ ਜੀਤੋ ਦਾ ਭਰਾ ਉਦਾਸ ਹੋ ਗਿਆ ਤੇ ਉਸ ਦਾ ਗੱਚ ਭਰ ਆਇਆ। ਅੰਤ ਵਿੱਚ ਜੀਤੋ ਦਾ ਭਰਾ ਛੋਟੇ ਭਰਾ ਨੂੰ ਜੀਤੋ ਕੋਲ਼ੋਂ ਉਠਾ ਕੇ ਆਪ ਜੀਤੋ ਦੇ ਨਾਲ ਵਾਲੀ ਸੀਟ ‘ਤੇ ਸਬਜ਼ੀ ਲੱਗੇ ਕੱਪੜਿਆਂ ਨਾਲ ਹੀ ਬੈਠ ਗਿਆ। ਇਸ ਤਰ੍ਹਾਂ ਕਹਾਣੀ ਦਾ ਵਿਸ਼ਾ-ਵਸਤੂ ਪੰਜਾਬੀ ਸੱਭਿਆਚਾਰ ਅਨੁਸਾਰ ਪਿੰਡਾਂ ਵਿੱਚ ਹੁੰਦੇ ਵਿਆਹ ਦੀ ਤਸਵੀਰ ਬਿਆਨ ਕਰਦਾ ਹੈ।