ਆਲੋਚਨਾਤਮਕ ਸਾਰ : ਮਾੜਾ ਬੰਦਾ


ਪ੍ਰਸ਼ਨ : ‘ਮਾੜਾ ਬੰਦਾ’ ਕਹਾਣੀ ਦਾ ਵਿਸ਼ਾ-ਵਸਤੂ 125-150 ਸ਼ਬਦਾਂ ਵਿੱਚ ਲਿਖੋ।

ਜਾਂ

ਪ੍ਰਸ਼ਨ. ‘ਮਾੜਾ ਬੰਦਾ’ ਕਹਾਣੀ ਦਾ ਆਲੋਚਨਾਤਮਿਕ ਸਾਰ 125-150 ਸ਼ਬਦਾਂ ਵਿੱਚ ਲਿਖੋ।

ਉੱਤਰ : ‘ਮਾੜਾ ਬੰਦਾ” ਕਹਾਣੀ ਪ੍ਰੇਮ ਪ੍ਰਕਾਸ਼ ਦੁਆਰਾ ਲਿਖੀ ਗਈ ਹੈ। ਇਸ ਵਿੱਚ ਕਹਾਣੀਕਾਰ ਨੇ ਮੱਧ ਵਰਗ ਅਤੇ ਰਿਕਸ਼ੇ ਵਾਲੇ ਰਾਹੀਂ ਨਿਮਨ ਵਰਗ ਦੀ ਮਾਨਸਿਕਤਾ ਨੂੰ ਉਘਾੜਿਆ ਹੈ । ਸਬਜ਼ੀ ਮੰਡੀ ਤੋਂ ਘਰ ਆਉਣ ਲਈ ਲੇਖਕ ਦੀ ਪਤਨੀ ਨੇ ਰਿਕਸ਼ੇ ਵਾਲੇ ਨੂੰ ਦੋ ਰੁਪਏ ਕਿਰਾਇਆ ਦੇਣਾ ਮਿਥ ਲਿਆ ਪਰ ਘਰ ਆ ਕੇ ਰਿਕਸ਼ੇ ਵਾਲੇ ਨੇ ਦੋ ਰੁਪਏ ਲੈਣ ਤੋਂ ਮਨ੍ਹਾਂ ਕਰ ਦਿੱਤਾ। ਉਸ ਦਾ ਤਰਕ ਇਹ ਸੀ ਕਿ ਜਿੰਨੀ ਦੂਰ ਉਸ ਨੇ ਘਰ ਸਮਝਿਆ ਸੀ ਉਸ ਤੋਂ ਦੂਰ ਨਿਕਲਿਆ। ਇਸ ਲਈ ਉਹ ਦੋ ਦੀ ਥਾਂ ਤਿੰਨ ਰੁਪਏ ਦੀ ਮੰਗ ਕਰ ਰਿਹਾ ਸੀ। ਲੇਖਕ ਗੁੱਸੇ ਵਿੱਚ ਆ ਕੇ ਰਿਕਸ਼ੇ ਵਾਲੇ ਨੂੰ ਮਾਰਨ ਲੱਗਾ ਤਾਂ ਉਹ ਰਿਕਸ਼ਾ ਲੈ ਕੇ ਤੁਰ ਪਿਆ। ਲੇਖਕ ਦਾ ਮੰਨਣਾ ਸੀ ਕਿ ਉਹ ਇੱਕ ਰੁਪਇਆ ਵੱਧ ਮੰਗ ਕੇ ਪੰਜਾਹ ਪੈਸੇ ਲੈਣਾ ਚਾਹੁੰਦਾ ਸੀ ਪਰ ਉਸ ਦਾ ਤਰੀਕਾ ਗ਼ਲਤ ਸੀ। ਉਸ ਨੂੰ ਨਿਮਰਤਾ ਤੇ ਮਿੰਨਤ ਨਾਲ ਪੈਸੇ ਮੰਗਣੇ ਚਾਹੀਦੇ ਸਨ ਪਰ ਰਿਕਸ਼ੇ ਵਾਲੇ ਨੇ ਤਾਂ ਗੁੱਸੇ ਵਿੱਚ ਆ ਕੇ ਦੋ ਰੁਪਏ ਵਗਾਹ ਸੁੱਟੇ ਸਨ। ਲੇਖਕ ਦੀ ਪਤਨੀ ਰਸੋਈ ਵਿੱਚ ਕੰਮ ਕਰਦੀ ਹੋਈ ਵੀ ਆਨੇ-ਬਹਾਨੇ ਰਿਕਸ਼ੇ ਵਾਲੇ ਨੂੰ ਦੇਖ ਰਹੀ ਸੀ ਪਰ ਉਹ ਰਿਕਸ਼ੇ ਦਾ ਰੁਖ਼ ਪਾਰਕ ਵੱਲ ਕਰ ਕੇ ਰਿਕਸ਼ੇ ਦੀ ਕਾਠੀ ‘ਤੇ ਕੂਹਣੀ ਰੱਖ ਕੇ ਝੁਕਿਆ ਖੜ੍ਹਾ ਸੀ । ਲੇਖਕ ਨੇ ਚਿੱਠੀ ਲਿਖਣੀ ਸ਼ੁਰੂ ਕਰ ਦਿੱਤੀ ਜੋ ਅਧੂਰੀ ਪਈ ਸੀ।

ਕਿਰਸ਼ੇ ਵਾਲੇ ਦੀ ਪਿੱਠ ਝੁਕੀ ਹੋਈ ਤੇ ਬੁਸ਼ਰਟ ਨੂੰ ਹੋਰ ਕਿਸੇ ਰੰਗ ਦੀ ਟਾਕੀ ਲੱਗੀ ਹੋਈ ਸੀ। ਲੱਤਾਂ ਪਤਲੀਆਂ, ਕਾਲੀਆਂ ਤੇ ਉਸ ਨੇ ਕੱਛਾ ਪਾਇਆ ਹੋਇਆ ਸੀ। ਲੇਖਕ ਅੰਦਰੋਂ-ਅੰਦਰੀਂ ਐਨਾ ਖਿੱਝਿਆ ਹੋਇਆ ਸੀ ਕਿ ਉਸ ਦਾ ਦਿਲ ਕੀਤਾ ਕਿ ਉਸ ਦੀਆਂ ਬਾਹਵਾਂ ਮਰੋੜ ਸੁੱਟੇ ਪਰ ਉਹ ਕਮੀਨੇ ਬੰਦੇ ਦੇ ਮੂੰਹ ਨਹੀਂ ਸੀ ਲੱਗਣਾ ਚਾਹੁੰਦਾ। ਚਾਹ ਦਾ ਕੱਪ ਦਿੰਦੀ ਹੋਈ ਲੇਖਕ ਦੀ ਪਤਨੀ ਨੇ ਕਿਹਾ ਕਿ ਉਸ ਨੂੰ ਤਿੰਨ ਰੁਪਏ ਦੇ ਦੇਣੇ ਚਾਹੀਦੇ ਹਨ ਕਿਉਂਕਿ ਪੈਸੇ ਸਾਡੇ ਕੋਲੋਂ ਡਿਗ ਵੀ ਪੈਂਦੇ ਹਨ ਤੇ ਬੱਚੇ ਵੀ ਰੋਜ਼ ਰੁਪਈਆ ਦੋ ਰੁਪਏ ਖ਼ਰਚ ਕਰ ਲੈਂਦੇ ਹਨ। ਇਸ ਤੋਂ ਇਲਾਵਾ ਢਾਈ ਤਿੰਨ ਰੁਪਏ ਦੀਆਂ ਲੇਖਕ ਵੀ ਸਿਗਰਟਾਂ ਫੂਕ ਛੱਡਦਾ ਸੀ ਪਰ ਇਸ ਸਭ ਦਾ ਲੇਖਕ ‘ਤੇ ਕੋਈ ਅਸਰ ਨਾ ਹੋਇਆ। ਗਾਹਕ ਆਉਣ ‘ਤੇ ਵੀ ਰਿਕਸ਼ੇ ਵਾਲਾ ਜਾਣ ਤੋਂ ਮਨ੍ਹਾਂ ਕਰ ਦਿੰਦਾ ਹੈ ਜਿਸ ‘ਤੇ ਲੇਖਕ ਉਸ ਨੂੰ ਜਾਹਲ ਕਹਿੰਦਾ ਹੈ। ਗੁੱਸੇ ਵਿੱਚ ਆ ਕੇ ਲੇਖਕ ਰਿਕਸ਼ੇ ਵਾਲ਼ੇ ਦੀ ਸ਼ਿਕਾਇਤ ਪੁਲਿਸ ਕੋਲ ਕਰਨ ਦਾ ਮਨ ਬਣਾ ਲੈਂਦਾ ਹੈ ਪਰ ਇਸ ਤੋਂ ਪਹਿਲਾਂ ਰਿਕਸ਼ੇ ਵਾਲਾ ਚਲਾ ਜਾਂਦਾ ਹੈ। ਫੇਰ ਲੇਖਕ ਤੇ ਪਤਨੀ ਦੋਵੇਂ ਜਣੇ ਸੁਰਖਰੂ ਹੋ ਕੇ ਲਾਅਨ ਵਿੱਚ ਬੈਠ ਕੇ ਗੱਲਾਂ ਕਰਦੇ ਹਨ।


ਵਿਸ਼ਾ ਵਸਤੂ : ਮਾੜਾ ਬੰਦਾ