ਆਪਣੇ ਵੱਡੇ ਭਰਾ ਨੂੰ ਪੱਤਰ
ਪ੍ਰੋਫੈਸਰ ਭਰਾ ਨੂੰ ਚਿੱਠੀ ਕਿ ਉਹ ਪਿਤਾ ਜੀ ਨੂੰ ਹਾਲੀ ਤੁਹਾਡਾ ਸ਼ਾਦੀ ਨਾ ਕਰਨ ਤੇ ਐਮ.ਏ. ਵਿਚ ਦਾਖਲ ਕਰਾਉਣ ਦੀ ਪ੍ਰੇਰਨਾ ਕਰੇ।
ਨਾਰੰਗਵਾਲ,
ਪਿੰਡ ਤੇ ਡਾਕ-ਘਰ
ਜ਼ਿਲ੍ਹਾ ਲੁਧਿਆਣਾ।
3 ਜੁਲਾਈ, 2023
ਪਿਆਰੇ ਵੀਰ ਜੀ,
ਤੁਸੀਂ ਇਹ ਸੁਣ ਕੇ ਪ੍ਰਸੰਨ ਹੋਵੋਗੇ ਕਿ ਬੀ.ਏ. ਆਖਰੀ ਸਾਲ ਵਿਚ ਮੇਰੇ 59 ਪ੍ਰਤੀਸ਼ਤ ਨੰਬਰ ਆਏ ਹਨ। ਤੁਹਾਨੂੰ ਪਤਾ ਹੈ ਕਿ ਇਤਿਹਾਸ ਵਿਚ ਮੇਰੀ ਵਿਸ਼ੇਸ਼ ਦਿਲਚਸਪੀ ਸੀ। ਇਹਦੇ ਵਿਚ ਮੇਰੇ 150 ਵਿਚੋਂ 105 ਨੰਬਰ ਹਨ। ਸੋ ਮੈਂ ਇਤਿਹਾਸ ਦੀ ਐਮ.ਏ. ਕਰਨ ਦਾ ਮਨ ਬਣਾ ਲਿਆ ਹੈ।
ਪਰੰਤੂ ਇਹ ਜਾਣ ਕੇ ਮੈਨੂੰ ਬਹੁਤ ਨਿਰਾਸਤਾ ਹੋਈ ਹੈ ਕਿ ਪਿਤਾ ਜੀ ਮੈਨੂੰ ਅੱਗੇ ਪੜ੍ਹਾਉਣ ਦੇ ਹੱਕ ਵਿਚ ਨਹੀਂ ਤੇ ਛੇਤੀ ਹੀ ਮੇਰੀ ਸ਼ਾਦੀ ਕਰ ਦੇਣਾ ਚਾਹੁੰਦੇ ਹਨ। ਉਨ੍ਹਾਂ ਦਾ ਖ਼ਿਆਲ ਹੈ ਕਿ ਬੀ.ਏ. ਵਿਚ ਚੰਗੇ ਨੰਬਰ ਆਉਣ ਕਰਕੇ ਮੈਨੂੰ ਕੋਈ ਛੋਟੀ-ਮੋਟੀ ਨੌਕਰੀ ਮਿਲ ਜਾਵੇਗੀ ਤੇ ਮੈਂ ਘਰ ਦੀ ਆਮਦਨ ਵਧਾਉਣ ਵਿਚ ਸਹਾਈ ਹੋ ਸਕਾਂਗਾ। ਉਹ ਇਹ ਵੀ ਕਹਿੰਦੇ ਹਨ ਕਿ ਇਸ ਵੇਲੇ ਮੇਰੇ ਲਈ ਇਕ ਚੰਗੇ ਘਰਾਣੇ ਵਿੱਚੋਂ ਰਿਸ਼ਤਾ ਮਿਲਦਾ ਹੈ। ਕੁੜੀ ਬੀ.ਏ. ਭਾਗ ਪਹਿਲਾ ਪਾਸ ਹੈ ਤੇ ਰੰਗ ਰੂਪ ਵੱਲੋਂ ਠੀਕ ਹੈ। ਉਹ ਘਰ ਦੇ ਕੰਮਾਂ ਵਿਚ ਬੜੀ ਸੁਚੱਜੀ ਤੇ ਸੁਘੜ ਹੈ। ਪਿਤਾ ਜੀ ਕਹਿੰਦੇ ਹਨ ਕਿ ਉਨ੍ਹਾਂ ਨੇ ਉਥੇ ਹਾਂ ਕਰ ਦਿੱਤੀ ਹੈ ਤੇ ਕੁੜੀ ਵਾਲੇ ਛੇਤੀ ਵਿਆਹ ਲਈ ਜ਼ੋਰ ਦੇ ਰਹੇ ਹਨ।
ਮੈਂ ਬੜੇ ਸਤਿਕਾਰ ਨਾਲ ਪਿਤਾ ਜੀ ਅੱਗੇ ਆਪਣਾ ਦ੍ਰਿਸ਼ਟੀਕੋਣ ਸਪਸ਼ਟ ਕਰਨ ਦਾ ਜਤਨ ਕੀਤਾ ਹੈ, ਪਰ ਉਹ ਅਜੇ ਤਕ ਅਪਣੀ ਰਾਇ ਤੇ ਅੜੇ ਹੋਏ ਹਨ। ਮੈਂ ਉਨ੍ਹਾਂ ਨੂੰ ਦਸਿਆ ਹੈ ਕਿ ਨਿਰੇ ਬੀ.ਏ. ਪਾਸ ਨੂੰ ਕੋਈ ਚੱਜ ਦੀ ਨੌਕਰੀ ਮਿਲਣਾ ਅਸੰਭਵ ਹੈ। ਅੱਜ ਕਲ੍ਹ ਦੀ ਵਧਦੀ ਮਹਿੰਗਾਈ ਵਿਚ ਜਦ ਤਕ ਆਦਮੀ ਨੂੰ ਸ਼ੁਰੂ ਵਿਚ ਹੀ ਘੱਟੋ ਘਟ ਇਕ ਹਜ਼ਾਰ ਰੁਪਏ ਮਹੀਨੇ ਦੀ ਨੌਕਰੀ ਨਾ ਮਿਲੇ, ਉਹਦੇ ਲਈ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ। ਫਿਰ ਅਜੇ ਤਾਂ ਮੇਰੀ ਉਮਰ ਕੁੱਲ 20 ਸਾਲ ਹੈ। ਇਸ ਉਮਰ ਵਿਚ ਘਰ-ਗ੍ਰਹਿਸਤੀ ਦਾ ਭਾਰ ਚੁੱਕਣ ਨਾਲ ਮੇਰੀ ਉਨੱਤੀ ਬਿਲਕੁਲ ਰੁਕ ਜਾਵੇਗੀ। ਪਰ ਜੇ ਦੋ ਸਾਲ ਬਾਅਦ ਮੈਂ ਫ਼ਸਟ ਡਿਵੀਜਨ ਵਿਚ ਐਮ.ਏ. ਕਰ ਲਈ ਤਾਂ ਕਿਸੇ ਕਾਲਜ ਵਿਚ ਮੈਨੂੰ ਪ੍ਰਾਧਿਆਪਕ ਲੱਗਣ ਦੀ ਆਸ ਹੋ ਸਕਦੀ ਹੈ।
ਵੀਰ ਜੀ ! ਮੈਂ ਤਾਂ ਪਿਤਾ ਜੀ ਦੇ ਸਾਮ੍ਹਣੇ ਬੋਲ ਨਹੀਂ ਸਕਦਾ। ਤੁਸੀਂ ਵੱਡੇ ਹੋ ਤੇ ਵਧੇਰੇ ਪੜ੍ਹੇ ਹੋਏ ਤੇ ਸਿਆਣੇ ਵੀ ਹੋ। ਤੁਸੀਂ ਖ਼ੁਦ ਆ ਕੇ ਪਿਤਾ ਜੀ ਨੂੰ ਮਿਲੋ ਤੇ ਮਿੱਠਤ ਨਾਲ ਦਲੀਲਾਂ ਦੇ ਕੇ ਉਹਨਾਂ ਨੂੰ ਪ੍ਰੇਰਿਤ ਕਰੋ ਕਿ ਉਹ ਹੋਰ ਦੋ ਸਾਲ ਲਈ ਮੈਨੂੰ ਕਾਲਜ ਵਿਚ ਦਾਖ਼ਲ ਕਰਾ ਦੇਣ। ਜੇ ਉਹ ਮਾਇਕ ਤੰਗੀ ਦਾ ਜ਼ਿਕਰ ਕਰਨ, ਤਾਂ ਤੁਸੀਂ ਮੇਰੀ ਖ਼ਾਤਰ ਘਰ ਵਿਚ ਦਿੱਤੀ ਜਾਂ ਰਹੀ ਰਕਮ ਦੀ ਮਾਤਰਾ ਵਧਾ ਕੇ ਉਨ੍ਹਾਂ ਨੂੰ ਮਨਾ ਸਕਦੇ ਹੋ। ਇਸ ਸਮੇਂ ਵਿਚ ਮੇਰੀ ਮੰਗੇਤਰ ਵੀ ਬੀ.ਏ. ਕਰ ਲਏਗੀ ਤੇ ਲੋੜ ਪੈਣ ਤੇ ਉਹ ਵੀ ਨੌਕਰੀ ਕਰਕੇ ਸਾਡੀ ਕਮਾਈ ਵਿਚ ਵਾਧਾ ਕਰ ਸਕਦੀ ਹੈ। ਕੁੜੀ ਦੇ ਮਾਪਿਆਂ ਨੂੰ ਵੀ ਇਸ ਵਿਚ ਕੋਈ ਇਤਰਾਜ਼ ਨਹੀਂ ਹੋ ਸਕਦਾ।
ਉਮੀਦ ਹੈ, ਤੁਸੀਂ ਮੇਰੇ ਭਵਿੱਖ ਦੀ ਖ਼ਾਤਰ ਇਸ ਸੰਬੰਧ ਵਿਚ ਛੇਤੀ ਲੋੜੀਂਦੀ ਕਾਰਵਾਈ ਕਰੋਗੇ। ਤੁਹਾਨੂੰ ਤੇ ਭਰਜਾਈ ਜੀ ਨੂੰ ਪ੍ਰੇਮ ਸਹਿਤ ਸਤਿ ਸ੍ਰੀ ਅਕਾਲ।
ਆਪਦਾ ਪਿਆਰਾ ਵੀਰ,
ਸੁਖਪਾਲ ਸਿੰਘ
ਪ੍ਰੋਫ਼ੈਸਰ ਨਿਰੰਜਨ ਸਿੰਘ ਜੀ ਢੇਸੀ ਐਮ. ਏ
ਮੁਖੀ ਪੰਜਾਬੀ ਵਿਭਾਗ,
ਲਾਇਲਪੁਰ ਖਾਲਸਾ ਕਾਲਜ,
ਜਲੰਧਰ।