ਆਪਣੇ ਪਿੰਡ ਵਿਚ ਹੋਏ ਆਦਰਸ਼ ਵਿਆਹ ਬਾਰੇ ਪੱਤਰ
ਕਿਸੇ ਰੋਜ਼ਾਨਾ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਜਿਸ ਵਿੱਚ ਆਪਣੇ ਪਿੰਡ/ਸ਼ਹਿਰ ਵਿੱਚ ਹੋਏ ਸਾਦਾ, ਪਰ ਆਦਰਸ਼ ਢੰਗ ਦੇ ਵਿਆਹ ਬਾਰੇ ਵਿਚਾਰ ਕਰੋ।
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ‘ਜੱਗ ਬਾਣੀ’,
ਜਲੰਧਰ ਸ਼ਹਿਰ।
ਵਿਸ਼ਾ : ਸਾਦਾ ਪਰ ਆਦਰਸ਼ ਢੰਗ ਨਾਲ ਹੋਇਆ ਵਿਆਹ।
ਸ੍ਰੀਮਾਨ ਜੀ,
ਇਸ ਪੱਤਰ ਰਾਹੀਂ ਮੈਂ ਇੱਕ ਸਾਦੇ ਅਤੇ ਘੱਟ ਖ਼ਰਚੇ ਵਾਲੇ ਵਿਆਹ ਬਾਰੇ ਜਾਣਕਾਰੀ ਦੇ ਰਿਹਾ ਹਾਂ। ਇਸ ਵਿਆਹ ਨੂੰ ਸਹੀ ਅਰਥਾਂ ਵਿੱਚ ਆਦਰਸ਼ ਵਿਆਹ ਕਿਹਾ ਜਾ ਸਕਦਾ ਹੈ।
ਪਿਛਲੇ ਐਤਵਾਰ ਪਿੰਡ ਜ਼ਿਲ੍ਹਾ ਵਿਖੇ ਇੱਕ ਸਾਦਾ ਅਤੇ ਘੱਟ ਖ਼ਰਚੇ ਵਾਲ਼ਾ ਵਿਆਹ ਹੋਇਆ ਜਿਸ ਦੀ ਸਾਰੇ ਇਲਾਕੇ ਵਿੱਚ ਬਹੁਤ ਚਰਚਾ ਹੈ। ਲੜਕਾ ਅਤੇ ਲੜਕੀ ਦੋਵੇਂ ਹੀ ਸਕੂਲ ਵਿੱਚ ਪੜ੍ਹਾਉਂਦੇ ਸਨ। ਮੁੰਡੇ ਅਤੇ ਕੁੜੀ ਨੇ ਹੀ ਇੱਕ ਦੂਜੇ ਨੂੰ ਪਸੰਦ ਕਰਨ ਸਮੇਂ ਇਹ ਸ਼ਰਤ ਰੱਖੀ ਸੀ ਕਿ ਉਹ ਦਾਜ ਨਹੀਂ ਦੇਣ-ਲੈਣਗੇ। ਲੜਕੀ ਦੇ ਮਾਪੇ ਬਹੁਤ ਅਮੀਰ ਸਨ ਅਤੇ ਆਪਣੀ ਇਕਲੌਤੀ ਧੀ ਦਾ ਵਿਆਹ ਪੂਰੀ ਸ਼ਾਨ ਨਾਲ ਕਰਨਾ ਚਾਹੁੰਦੇ ਸਨ। ਪਰ ਲੜਕੀ ਕਿਉਂਕਿ ਦਾਜ ਅਤੇ ਫ਼ਜ਼ੂਲ-ਖ਼ਰਚੀ ਦੇ ਵਿਰੁੱਧ ਸੀ ਇਸ ਲਈ ਉਸ ਨੇ ਆਪਣੇ ਮਾਪਿਆਂ ਨੂੰ ਸਾਦੇ ਢੰਗ ਨਾਲ ਵਿਆਹ ਕਰਨ ਲਈ ਮਨਾ ਲਿਆ। ਉਸ ਨੇ ਆਪਣੇ ਮਾਂ-ਬਾਪ ਨੂੰ ਆਖ ਦਿੱਤਾ ਸੀ ਕਿ ਉਹ ਕੋਈ ਦਾਜ ਨਹੀਂ ਲਵੇਗੀ। ਦੂਸਰੇ ਪਾਸੇ ਲੜਕਾ ਵੀ ਦਾਜ ਅਤੇ ਫ਼ਜ਼ੂਲ-ਖ਼ਰਚੀ ਦੇ ਵਿਰੁੱਧ ਸੀ। ਉਸ ਦੇ ਮਾਂ-ਬਾਪ ਦੋਵੇਂ ਹੀ ਪੜ੍ਹੇ ਲਿਖੇ ਸਨ ਅਤੇ ਉਹ ਵੀ ਆਪਣੇ ਲੜਕੇ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਸਨ। ਇਸ ਤਰ੍ਹਾਂ ਦੋਹਾਂ ਧਿਰਾਂ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਉਹ ਸਾਦੇ ਢੰਗ ਨਾਲ ਵਿਆਹ ਕਰਨਗੇ ਅਤੇ ਕਿਸੇ ਕਿਸਮ ਦੀ ਵੀ ਫ਼ਜ਼ੂਲ-ਖ਼ਰਚੀ ਨਹੀਂ ਕੀਤੀ ਜਾਵੇਗੀ।
ਬਰਾਤ ਦੇ ਰੂਪ ਵਿੱਚ ਕੇਵਲ ਪੰਜ ਵਿਅਕਤੀ ਹੀ ਆਏ। ਬਰਾਤੀਆਂ ਨੇ ਆਉਂਦਿਆਂ ਹੀ ਅੱਠ ਕੁ ਵਜੇ ਚਾਹ ਪੀਤੀ ਅਤੇ ਇਸ ਤੋਂ ਬਾਅਦ ਅਨੰਦ-ਕਾਰਜ ਹੋਇਆ। ਇਸ ਤਰ੍ਹਾਂ ਲੜਕਾ ਅਤੇ ਲੜਕੀ ਵਿਆਹ ਦੇ ਪਵਿੱਤਰ ਰਿਸ਼ਤੇ ਵਿੱਚ ਬੱਝ ਗਏ। ਇਸ ਮੌਕੇ ‘ਤੇ ਦੋਹਾਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਅਤੇ ਆਪਸੀ ਪਿਆਰ ਤੇ ਮਿਲਵਰਤਨ ਦਾ ਬਚਨ ਵੀ ਦਿੱਤਾ। ਗਿਆਰਾਂ ਕੁ ਵਜੇ ਲੜਕੀ ਵਾਲਿਆਂ ਨੇ ਖ਼ੁਸ਼ੀ-ਖ਼ੁਸ਼ੀ ਲੜਕੀ ਨੂੰ ਵਿਦਾ ਕੀਤਾ।
ਇਸ ਤਰ੍ਹਾਂ ਇਸ ਵਿਆਹ ‘ਤੇ ਕਿਸੇ ਤਰ੍ਹਾਂ ਦੀ ਵੀ ਫ਼ਜ਼ੂਲ-ਖ਼ਰਚੀ ਨਹੀਂ ਕੀਤੀ ਗਈ। ਬਰਾਤੀਆਂ ਅਤੇ ਮੇਲੀਆਂ ਦੀ ਗਿਣਤੀ ਥੋੜ੍ਹੀ ਹੋਣ ਕਾਰਨ ਸ਼ਾਮਿਆਨੇ ਦੀ ਤਾਂ ਲੋੜ ਹੀ ਨਹੀਂ ਪਈ ਅਤੇ ਨਾ ਹੀ ਕੋਈ ਸਜਾਵਟ ਕੀਤੀ ਗਈ। ਇਸ ਵਿਆਹ ‘ਤੇ ਕੋਈ ਦਿਖਾਵਾ ਨਹੀਂ ਕੀਤਾ ਗਿਆ। ਨਾ ਬਰਾਤੀਆਂ ਨੇ ਸ਼ਰਾਬ ਪੀ ਕੇ ਖਰੂਦ ਕੀਤਾ ਅਤੇ ਨਾ ਹੀ ਸਪੀਕਰ ਦਾ ਰੌਲ਼ਾ ਹੀ ਪਿਆ। ਨਾ ਲੜਕੀ ਘੁੰਡ ਕੱਢ ਕੇ ਲਾਵਾਂ ‘ਤੇ ਬੈਠੀ ਅਤੇ ਨਾ ਹੀ ਡੋਲੀ ਤੁਰਨ ਵੇਲੇ ਰੋਣ ਦੀਆਂ ਅਵਾਜ਼ਾਂ ਹੀ ਸੁਣੀਆਂ ਗਈਆਂ।
ਢੋਲ-ਢਮੱਕਾ ਪਸੰਦ ਕਰਨ ਵਾਲਿਆਂ ਨੂੰ ਭਾਵੇਂ ਇਹ ਵਿਆਹ ਪਸੰਦ ਨਾ ਆਇਆ ਹੋਵੇ ਪਰ ਸਾਡੇ ਦੇਸ ਨੂੰ ਸੱਚ-ਮੁੱਚ ਹੀ ਅਜਿਹੇ ਸਾਦਾ/ ਆਦਰਸ਼ ਵਿਆਹਾਂ ਦੀ ਲੋੜ ਹੈ। ਅੱਜ ਜਦੋਂ ਕਿ ਅਨੇਕਾਂ ਨਵੀਆਂ ਵਿਆਹੀਆਂ ਲੜਕੀਆਂ ਦਾਜ ਦੀ ਬਲੀ ਚੜ੍ਹ ਰਹੀਆਂ ਹਨ ਤਾਂ ਅਜਿਹੇ ਆਦਰਸ਼ ਵਿਆਹਾਂ ਦਾ ਮਹੱਤਵ ਹੋਰ ਵੀ ਵਧ ਗਿਆ ਹੈ।
ਜੇਕਰ ਸਾਡੇ ਸਾਰੇ ਹੀ ਨੌਜਵਾਨ ਬਿਨਾਂ ਦਾਜ ਵਿਆਹ ਕਰਵਾਉਣ ਬਾਰੇ ਸੋਚਣ ਲੱਗ ਪੈਣ ਤਾਂ ਉਹ ਦਾਜ ਦੀ ਸਮੱਸਿਆ ਨੂੰ ਖ਼ਤਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਸ ਤਰ੍ਹਾਂ ਗ਼ਰੀਬ ਮਾਪਿਆਂ ਲਈ ਧੀਆਂ ਚਿੰਤਾ ਦਾ ਵਿਸ਼ਾ ਨਹੀਂ ਬਣਨਗੀਆਂ। ਸਾਡੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਬਿਨਾਂ ਦਾਜ ਵਿਆਹ ਕਰਵਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ ਵਿਸ਼ੇਸ਼ ਸਹੂਲਤਾਂ ਦੇਵੇ ਤਾਂ ਜੋ ਹੋਰ ਲੋਕ ਵੀ ਅਜਿਹੇ ਵਿਆਹਾਂ ਲਈ ਪ੍ਰੇਰਤ ਹੋਣ।
ਆਸ ਹੈ ਤੁਸੀਂ ਇਸ ਪੱਤਰ ਨੂੰ ਪ੍ਰਕਾਸ਼ਿਤ ਕਰੋਗੇ ਤਾਂ ਜੋ ਹੋਰ ਨੌਜਵਾਨ ਵੀ ਇਹਨਾਂ ਵਿਚਾਰਾਂ ਤੋਂ ਪ੍ਰੇਰਨਾ ਲੈ ਸਕਣ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਲਖਬੀਰ ਸਿੰਘ
ਪਿੰਡ ਤੇ ਡਾਕਘਰ…………,
ਤਹਿਸੀਲ ਮੁਕੇਰੀਆਂ,
ਜ਼ਿਲ੍ਹਾ ਹੁਸ਼ਿਆਰਪੁਰ।
ਮਿਤੀ :