ਆਪਣੇ ਪਛੜੇ ਹੋਏ ਇਲਾਕੇ ਦੇ ਵਿਕਾਸ ਦੀ ਮੰਗ ਬਾਰੇ ਪੱਤਰ


ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਆਪਣੇ ਪਛੜੇ ਹੋਏ ਇਲਾਕੇ ਦੇ ਵਿਕਾਸ ਦੀ ਮੰਗ ਕਰੋ।


ਸੇਵਾ ਵਿਖੇ

ਸੰਪਾਦਕ ਸਾਹਿਬ

ਰੋਜ਼ਾਨਾ ‘ਅਜੀਤ’, ਜਲੰਧਰ।

ਵਿਸ਼ਾ : ਪਛੜੇ ਇਲਾਕੇ ਦੇ ਵਿਕਾਸ ਦੀ ਮੰਗ।

ਸ੍ਰੀਮਾਨ ਜੀ,

ਇਸ ਪੱਤਰ ਰਾਹੀਂ ਮੈਂ ਆਪਣੇ ਇਲਾਕੇ ਦੇ ਵਿਕਾਸ ਸੰਬੰਧੀ ਆਪਣੇ ਵਿਚਾਰ ਪ੍ਰਗਟਾਉਣੇ ਚਾਹੁੰਦਾ ਹਾਂ।

ਜ਼ਿਲ੍ਹਾ ……………. ਦੀ ਤਹਿਸੀਲ………… ਦੇ ਪਿੰਡਾਂ ਸ਼ੱਕਰਪੁਰ, ਮੁਰਾਦਪੁਰ, ਰਾਮਗੜ੍ਹ, ਚੱਕ ਜੱਟਾਂ ਆਦਿ ਵਿੱਚ ਵਿਕਾਸ ਦਾ ਉਹ ਕੰਮ ਨਹੀਂ ਹੋਇਆ ਜੋ ਇਸ ਤਹਿਸੀਲ ਦੇ ਬਾਕੀ ਪਿੰਡਾਂ ਵਿੱਚ ਹੋਇਆ ਹੈ। ਕਿਸੇ ਇਲਾਕੇ ਦੇ ਵਿਕਾਸ ਲਈ ਆਵਾਜਾਈ ਦੇ ਵਿਕਸਿਤ ਸਾਧਨਾਂ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ ਪਰ ਸਾਡੇ ਉਪਰੋਕਤ ਇਲਾਕੇ ਵਿੱਚ ਅਜਿਹੇ ਸਾਧਨਾਂ ਦੀ ਬਹੁਤੀ ਸਹੂਲਤ ਪ੍ਰਾਪਤ ਨਹੀਂ। ਇਸ ਇਲਾਕੇ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਥਾਂ-ਥਾਂ ਖੱਡੇ ਪਏ ਹੋਏ ਹਨ। ਵਰਖਾ ਹੋਣ ‘ਤੇ ਤਾਂ ਇਹਨਾਂ ਸੜਕਾਂ ਦੀ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ। ਲੰਮੇ ਸਮੇਂ ਤੋਂ ਇਸ ਇਲਾਕੇ ਦੀਆਂ ਸੜਕਾਂ ਅਤੇ ਇਹਨਾਂ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

ਇਸ ਇਲਾਕੇ ਵਿੱਚ ਬੱਸ-ਸੇਵਾ ਦੀ ਹਾਲਤ ਵੀ ਬਹੁਤ ਤਰਸਯੋਗ ਹੈ। ਸਰਕਾਰੀ ਬੱਸਾਂ ਦੇ ਸਵੇਰੇ-ਸ਼ਾਮ ਇੱਕ-ਇੱਕ, ਦੋ-ਦੋ ਟਾਈਮ ਹਨ ਪਰ ਬੱਸਾਂ ਦੀ ਹਾਲਤ ਮਾੜੀ ਹੋਣ ਕਾਰਨ ਇਹ ਖ਼ਰਾਬ ਹੀ ਹੋਈਆਂ ਰਹਿੰਦੀਆਂ ਹਨ। ਉਪਰੋਕਤ ਪਿੰਡਾਂ ਵਿੱਚ ਸਿਹਤ-ਸਹੂਲਤਾਂ ਦਾ ਵੀ ਯੋਗ ਪ੍ਰਬੰਧ ਨਹੀਂ। ਕੇਵਲ ਸ਼ੱਕਰਪੁਰ ਵਿਖੇ ਹੀ ਇੱਕ ਡਿਸਪੈਂਸਰੀ ਹੈ ਜਿਸ ਦਾ ਡਾਕਟਰ ਅਕਸਰ ਛੁੱਟੀ ‘ਤੇ ਰਹਿੰਦਾ ਹੈ।

ਉਪਰੋਕਤ ਪਿੰਡਾਂ ਦੀ ਅਬਾਦੀ ਤਾਂ ਭਾਵੇਂ ਕਾਫ਼ੀ ਹੈ ਪਰ ਕਿਸੇ ਪਿੰਡ ਵਿੱਚ ਵੀ ਸੀਨੀਅਰ ਸੈਕੰਡਰੀ ਸਕੂਲ ਨਹੀਂ। ਇਹਨਾਂ ਪਿੰਡਾਂ ਦੇ ਬੱਚੇ- ਬੱਚੀਆਂ ਨੂੰ ਅੱਠਵੀਂ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਅੱਠ-ਦਸ ਮੀਲ ਦੂਰ ਜਾਣਾ ਪੈਂਦਾ ਹੈ। ਇਸ ਲਈ ਖ਼ਾਸ ਤੌਰ ‘ਤੇ ਇਹਨਾਂ ਪਿੰਡਾਂ ਦੀਆਂ ਬਹੁਤੀਆਂ ਲੜਕੀਆਂ ਅੱਠਵੀਂ ਤੋਂ ਬਾਅਦ ਦੀ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ।

ਇਸ ਪੱਤਰ ਰਾਹੀਂ ਅਸੀਂ ਸਰਕਾਰ ਦਾ ਧਿਆਨ ਇਸ ਪਛੜੇ ਹੋਏ ਇਲਾਕੇ ਦੇ ਵਿਕਾਸ ਵੱਲ ਦਿਵਾਉਣਾ ਚਾਹੁੰਦੇ ਹਾਂ। ਲੋੜ ਇਸ ਗੱਲ ਦੀ ਹੈ ਕਿ ਇਹਨਾਂ ਪਿੰਡਾਂ ਲਈ ਸੀਨੀਅਰ ਸੈਕੰਡਰੀ ਸਕੂਲ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਇਲਾਕੇ ਦੇ ਬੱਚੇ-ਬੱਚੀਆਂ ਅਸਾਨੀ ਨਾਲ ਬਾਰ੍ਹਵੀਂ ਤੱਕ ਵਿੱਦਿਆ ਪ੍ਰਾਪਤ ਕਰ ਸਕਣ। ਇਹਨਾਂ ਪਿੰਡਾਂ ਦਾ ਬੱਸ-ਸੇਵਾ ਰਾਹੀਂ ਤਹਿਸੀਲ ਨਾਲ ਸੰਪਰਕ ਸਥਾਪਿਤ ਕਰਨਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਲੋਕਾਂ ਨੂੰ ਆਪਣੇ ਕੰਮ-ਕਾਜ ਲਈ ਇੱਥੇ ਪਹੁੰਚਣ ਲਈ ਅਸਾਨੀ ਹੋ ਸਕੇ। ਜੇਕਰ ਇਹਨਾਂ ਪਿੰਡਾਂ ਵਿੱਚੋਂ ਕਿਸੇ ਇੱਕ ਵਿੱਚ ਛੋਟਾ ਹਸਪਤਾਲ ਖੋਲ੍ਹ ਦਿੱਤਾ ਜਾਵੇ ਤਾਂ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਸਹੂਲਤ ਹੋ ਸਕਦੀ ਹੈ।

ਆਸ ਹੈ ਤੁਸੀਂ ਇਸ ਪੱਤਰ ਨੂੰ ਛਾਪ ਕੇ ਧੰਨਵਾਦੀ ਬਣਾਉਗੇ ਤਾਂ ਜੋ ਇਸ ਇਲਾਕੇ ਦੇ ਵਿਕਾਸ ਲਈ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਦਾ ਧਿਆਨ ਖਿੱਚਿਆ ਜਾ ਸਕੇ।

        ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸਪਾਤਰ,

ਜਗਜੀਤ ਸਿੰਘ

ਪਿੰਡ ਤੇ ਡਾਕਘਰ………………,

ਤਹਿਸੀਲ……………… .

ਜ਼ਿਲ੍ਹਾ……………… ।

ਮਿਤੀ : ……………… .