ਆਦਿ ਗ੍ਰੰਥ ਸਾਹਿਬ ਜੀ


ਪ੍ਰਸ਼ਨ. ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਅਤੇ ਮਹੱਤਵ ਬਾਰੇ ਦੱਸੋ।

ਉੱਤਰ : ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਸੀ।

1. ਸੰਕਲਨ ਦੀ ਲੋੜ : ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਲਈ ਕਈ ਕਾਰਨ ਜ਼ਿੰਮੇਵਾਰ ਸਨ।

ਪਹਿਲਾ, ਸਿੱਖਾਂ ਦੀ ਰਹਿਨੁਮਾਈ ਦੇ ਲਈ ਇੱਕ ਪਵਿੱਤਰ ਧਾਰਮਿਕ ਗ੍ਰੰਥ ਦੀ ਲੋੜ ਸੀ।

ਦੂਸਰਾ, ਗੁਰੂ ਅਰਜਨ ਦੇਵ ਜੀ ਦੇ ਭਰਾ ਪ੍ਰਿਥੀਆ ਨੇ ਆਪਣੀਆਂ ਰਚਨਾਵਾਂ ਨੂੰ ਗੁਰੂ ਸਾਹਿਬਾਨ ਦੀ ਬਾਣੀ ਕਹਿ ਕੇ ਪ੍ਰਚਲਿਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ। ਇਸ ਲਈ ਗੁਰੂ ਅਰਜਨ ਦੇਵ ਜੀ ਗੁਰੂ ਸਾਹਿਬਾਨ ਦੀ ਬਾਣੀ ਸ਼ੁੱਧ ਰੂਪ ਵਿੱਚ ਅੰਕਿਤ ਕਰਨਾ ਚਾਹੁੰਦੇ ਸਨ ।

ਤੀਸਰਾ, ਗੁਰੂ ਅਮਰਦਾਸ ਜੀ ਨੇ ਵੀ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਸੱਚੀ ਬਾਣੀ ਪੜ੍ਹਨ ਲਈ ਆਦੇਸ਼ ਦਿੱਤਾ ਸੀ।

2. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ : ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਦਾ ਕੰਮ ਅੰਮ੍ਰਿਤਸਰ ਦੇ ਰਾਮਸਰ ਨਾਂ ਦੇ ਸਥਾਨ ‘ਤੇ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਬਾਣੀ ਲਿਖਵਾਉਂਦੇ ਗਏ ਅਤੇ ਭਾਈ ਗੁਰਦਾਸ ਜੀ ਇਸ ਨੂੰ ਲਿਖਦੇ ਗਏ। ਇਹ ਮਹਾਨ ਕਾਰਜ ਅਗਸਤ 1604 ਈ. ਵਿੱਚ ਸੰਪੂਰਨ ਹੋਇਆ। ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ 16 ਅਗਸਤ, 1604 ਈ. ਨੂੰ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ।

3. ਆਦਿ ਗ੍ਰੰਥ ਸਾਹਿਬ ਜੀ ਵਿੱਚ ਯੋਗਦਾਨ ਦੇਣ ਵਾਲੇ : ਆਦਿ ਗ੍ਰੰਥ ਸਾਹਿਬ ਜੀ ਇੱਕ ਵਿਸ਼ਾਲ ਗ੍ਰੰਥ ਹੈ। ਇਸ ਵਿੱਚ ਯੋਗਦਾਨ ਦੇਣ ਵਾਲਿਆਂ ਦਾ ਵੇਰਵਾ ਹੇਠ ਲਿਖਿਆ ਹੈ :

(ੳ) ਸਿੱਖ ਗੁਰੂ : ਆਦਿ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਦੇਵ ਜੀ ਦੇ 976, ਗੁਰੂ ਅੰਗਦ ਦੇਵ ਜੀ ਦੇ 62 ਗੁਰੂ ਅਮਰਦਾਸ ਜੀ ਦੇ 907, ਗੁਰੂ ਰਾਮਦਾਸ ਜੀ ਦੇ 679 ਅਤੇ ਗੁਰੂ ਅਰਜਨ ਦੇਵ ਜੀ ਦੇ 2216 ਸ਼ਬਦ ਅੰਕਿਤ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ 116 ਸ਼ਬਦ ਅਤੇ ਸ਼ਲੋਕ (59 ਸ਼ਬਦ ਅਤੇ 57 ਬਲੋਕ) ਸ਼ਾਮਲ ਕੀਤੇ ਗਏ।

(ਅ) ਭਗਭ ਤੇ ਸੰਤ : ਆਦਿ ਗ੍ਰੰਥ ਸਾਹਿਬ ਜੀ ਵਿੱਚ 15 ਹਿੰਦੂ ਭਗਤਾਂ ਤੇ ਸੂਫ਼ੀ ਸੰਤਾਂ ਦੀ ਬਾਣੀ ਅੰਕਿਤ ਕੀਤੀ ਗਈ ਹੈ। ਪ੍ਰਮੁੱਖ ਭਗਤਾਂ ਤੇ ਸੰਤਾਂ ਦੇ ਨਾਮ ਇਹ ਹਨ: ਕਬੀਰ ਜੀ, ਫ਼ਰੀਦ ਜੀ, ਨਾਮਦੇਵ ਜੀ, ਗੁਰੂ ਰਵਿਦਾਸ ਜੀ, ਧੰਨਾ ਜੀ, ਰਾਮਾਨੰਦ ਜੀ ਅਤੇ ਜੈਦੇਵ ਜੀ। ਇਨ੍ਹਾਂ ਵਿੱਚੋਂ ਭਗਤ ਕਬੀਰ ਜੀ ਦੇ ਸਭ ਤੋਂ ਜ਼ਿਆਦਾ 541 ਸ਼ਬਦ ਹਨ।

(ੲ) ਭੱਟ : ਆਦਿ ਗ੍ਰੰਥ ਸਾਹਿਬ ਜੀ ਵਿੱਚ 11 ਭੱਟਾਂ ਦੇ 123 ਸਵੱਯੇ ਵੀ ਅੰਕਿਤ ਕੀਤੇ ਗਏ ਹਨ। ਕੁਝ ਪ੍ਰਮੁੱਖ ਭੱਟਾਂ ਦੇ ਨਾਂ ਇਹ ਹਨ : ਕਲ੍ਹਸਹਾਰ ਜੀ, ਨਲ ਜੀ, ਬਲ ਜੀ, ਭਿਖਾ ਜੀ ਤੇ ਹਰਬੰਸ ਜੀ।

4. ਆਦਿ ਗ੍ਰੰਥ ਸਾਹਿਬ ਜੀ ਦਾ ਮਹੱਤਵ : ਆਦਿ ਗ੍ਰੰਥ ਸਾਹਿਬ ਜੀ ਨੇ ਮਨੁੱਖੀ ਜੀਵਨ ਦੇ ਹਰੇਕ ਪੱਖ ਵਿੱਚ ਅਗਵਾਈ ਦੇਣ ਵਾਲੇ ਸੁਨਹਿਰੀ ਸਿਧਾਂਤ ਦਿੱਤੇ ਹਨ। ਇਸ ਦੀ ਬਾਣੀ ਪਰਮਾਤਮਾ ਦੀ ਏਕਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ।