ਅੰਮ੍ਰਿਤਸਰ ਦੀ ਸੰਧੀ ਦੀਆਂ ਸ਼ਰਤਾਂ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਹੋਈ ਅੰਮ੍ਰਿਤਸਰ ਦੀ ਸੰਧੀ ਦੀਆਂ ਮੁੱਖ ਸ਼ਰਤਾਂ ਤੇ ਮਹੱਤਤਾ ਬਾਰੇ ਜਾਣਕਾਰੀ ਦਿਉ।
ਉੱਤਰ : 25 ਅਪਰੈਲ, 1809 ਈ. ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ਹੋਈ ਸੀ। ਇਤਿਹਾਸਿਕ ਪੱਖ ਤੋਂ ਇਹ ਸੰਧੀ ਬੜੀ ਮਹੱਤਵਪੂਰਨ ਸੀ। ਇਸ ਸੰਧੀ ਰਾਹੀਂ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਰਾਜ ਦੀ ਪੂਰਬੀ ਹੱਦ ਮੰਨ ਲਿਆ। ਇਸ ਕਾਰਨ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਦਾ ਮਹਾਰਾਜਾ ਬਣਨ ਦਾ ਸੁਪਨਾ ਹਮੇਸ਼ਾਂ ਲਈ ਟੁੱਟ ਗਿਆ।
ਇਸ ਕਾਰਨ ਰਣਜੀਤ ਸਿੰਘ ਨੂੰ ਨਾ ਕੇਵਲ ਰਾਜਨੀਤਿਕ ਬਲਕਿ ਆਰਥਿਕ ਪੱਖ ਤੋਂ ਨੁਕਸਾਨ ਵੀ ਹੋਇਆ। ਪਰ ਇਹ ਸੰਧੀ ਰਣਜੀਤ ਸਿੰਘ ਲਈ ਕੁਝ ਪੱਖਾਂ ਤੋਂ ਲਾਹੇਵੰਦ ਵੀ ਸਿੱਧ ਹੋਈ। ਉਹ ਆਪਣੇ ਨਵੇਂ ਉਸਾਰੇ ਰਾਜ ਨੂੰ ਅੰਗਰੇਜ਼ਾਂ ਵਰਗੀ ਸ਼ਕਤੀਸ਼ਾਲੀ ਸ਼ਕਤੀ ਤੋਂ ਬਚਾਉਣ ਵਿੱਚ ਸਫਲ ਹੋ ਸਕੇ। ਪੂਰਬ ਵੱਲੋਂ ਹੁਣ ਰਣਜੀਤ ਸਿੰਘ ਲਈ ਅੰਗਰੇਜ਼ਾਂ ਵੱਲੋਂ ਕੋਈ ਡਰ ਨਾ ਰਿਹਾ। ਇਸ ਲਈ ਰਣਜੀਤ ਸਿੰਘ ਉੱਤਰ-ਪੱਛਮ ਵੱਲ ਆਪਣੇ ਰਾਜ ਦਾ ਵਿਸਥਾਰ ਕਰਨ ਵਿੱਚ ਸਫਲ ਹੋ ਸਕੇ।
ਦੂਜੇ ਪਾਸੇ ਇਹ ਸੰਧੀ ਅੰਗਰੇਜ਼ਾਂ ਲਈ ਬੜੀ ਲਾਹੇਵੰਦ ਸਿੱਧ ਹੋਈ। ਇਸ ਕਾਰਨ ਅੰਗਰੇਜ਼ਾਂ ਦਾ ਸਤਲੁਜ ਨਦੀ ਤਕ ਪ੍ਰਭਾਵ ਵੱਧ ਗਿਆ।
ਪੰਜਾਬ ਵੱਲੋਂ ਨਿਸ਼ਚਿੰਤ ਹੋ ਜਾਣ ਕਾਰਨ ਅੰਗਰੇਜ਼ ਭਾਰਤ ਦੇ ਦੂਸਰੇ ਭਾਗਾਂ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਸਕੇ। ਇਸ ਸੰਧੀ ਨੇ ਅੰਗਰੇਜ਼ਾਂ ਦੀ ਸ਼ੋਹਰਤ ਵਿੱਚ ਕਾਫ਼ੀ ਵਾਧਾ ਕੀਤਾ।