CBSEEducationHistoryHistory of Punjab

ਅੰਮ੍ਰਿਤਸਰ ਦੀ ਲੜਾਈ


ਪ੍ਰਸ਼ਨ. ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਅੰਮ੍ਰਿਤਸਰ ਦੀ ਲੜਾਈ ਦਾ ਸੰਖੇਪ ਵੇਰਵਾ ਦਿਓ।

ਉੱਤਰ : ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਅੰਮ੍ਰਿਤਸਰ ਵਿਖੇ 1634 ਈ. ਵਿੱਚ ਪਹਿਲੀ ਲੜਾਈ ਲੜੀ ਗਈ ਸੀ। ਇਸ ਲੜਾਈ ਦਾ ਮੁੱਖ ਕਾਰਨ ਇੱਕ ਬਾਜ਼ ਸੀ।

ਕਿਹਾ ਜਾਂਦਾ ਹੈ ਕਿ ਉਸ ਸਮੇਂ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਆਪਣੇ ਕੁਝ ਸੈਨਿਕਾਂ ਨਾਲ ਅੰਮ੍ਰਿਤਸਰ ਦੇ ਨੇੜੇ ਇੱਕ ਜੰਗਲ ਵਿੱਚ ਸ਼ਿਕਾਰ ਖੇਡ ਰਿਹਾ ਸੀ। ਦੂਜੇ ਪਾਸੇ ਗੁਰੂ ਹਰਿਗੋਬਿੰਦ ਸਾਹਿਬ ਅਤੇ ਉਨ੍ਹਾਂ ਦੇ ਕੁਝ ਸਿੱਖ ਵੀ ਉਸੇ ਜੰਗਲ ਵਿੱਚ ਸ਼ਿਕਾਰ ਖੇਡ ਰਹੇ ਸਨ। ਸ਼ਿਕਾਰ ਖੇਡਦੇ ਸਮੇਂ ਸ਼ਾਹਜਹਾਂ ਦਾ ਇੱਕ ਖ਼ਾਸ ਬਾਜ਼ ਜੋ ਉਸ ਨੂੰ ਈਰਾਨ ਦੇ ਬਾਦਸ਼ਾਹ ਨੇ ਭੇਟ ਕੀਤਾ ਸੀ, ਉੱਡ ਗਿਆ।

ਸਿੱਖਾਂ ਨੇ ਇਸ ਬਾਜ਼ ਨੂੰ ਫੜ ਲਿਆ। ਉਨ੍ਹਾਂ ਨੇ ਇਹ ਬਾਜ਼ ਮੁਗ਼ਲਾਂ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਸ਼ਾਹਜਹਾਂ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਉਦੇਸ਼ ਨਾਲ ਮੁਖਲਿਸ ਖਾਂ ਦੀ ਅਗਵਾਈ ਹੇਠ 7000 ਸੈਨਿਕ ਭੇਜੇ। ਸਿੱਖ ਸੈਨਿਕਾਂ ਨੇ ਮੁਗ਼ਲ ਸੈਨਿਕਾਂ ਦਾ ਡਟ ਕੇ ਮੁਕਾਬਲਾ ਕੀਤਾ। ਇਸ ਲੜਾਈ ਵਿੱਚ ਮੁਖਲਿਸ ਖ਼ਾਂ ਮਾਰਿਆ ਗਿਆ। ਇਸ ਕਾਰਨ ਮੁਗ਼ਲ ਸੈਨਿਕਾਂ ਵਿੱਚ ਭਾਜੜ ਪੈ ਗਈ। ਇਸ ਤਰ੍ਹਾਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਹੋਈ ਇਸ ਪਹਿਲੀ ਲੜਾਈ ਵਿੱਚ ਸਿੱਖ ਜੇਤੂ ਰਹੇ। ਇਸ ਜਿੱਤ ਕਾਰਨ ਸਿੱਖਾਂ ਦੇ ਹੌਂਸਲੇ ਬੁਲੰਦ ਹੋ ਗਏ।