ਅੰਗ-ਸੰਗ : ਪ੍ਰਸ਼ਨ-ਉੱਤਰ
ਅੰਗ – ਸੰਗ – ਜਮਾਤ ਦਸਵੀਂ
ਲੇਖਕ – ਵਰਿਆਮ ਸਿੰਘ ਸੰਧੂ
ਪ੍ਰਸ਼ਨ 1 . ਇਸ ਕਹਾਣੀ (ਅੰਗ-ਸੰਗ) ਵਿੱਚ ਅਜਿਹੀ ਕਿਹੜੀ ਘਟਨਾ ਵਾਪਰੀ ਜਿਸ ਕਾਰਨ ਘਰ ਵਿੱਚ ਹਨੇਰੇ ਵਾਤਾਵਰਨ ਵਰਗੀ ਚੁੱਪੀ ਛਾਈ ਹੋਈ ਸੀ ?
ਉੱਤਰ : ਕਰਤਾਰ ਸਿੰਘ ਦੀ ਮੌਤ ਪਿੱਛੋਂ ਉਸ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਪੈ ਗਿਆ ਸੀ। ਸਾਰੀ ਜਿੰਮੇਵਾਰੀ ਹੁਣ ਕਰਤਾਰ ਸਿੰਘ ਦੇ ਵੱਡੇ ਮੁੰਡੇ ਅਮਰੀਕ ‘ਤੇ ਆ ਪਈ ਸੀ।
ਅਸਲ ਵਿੱਚ ਸਾਰੇ ਸੋਗੀ ਅਵਸਥਾ ਵਿੱਚ ਸਨ ਤੇ ਇਸੇ ਲਈ ਘਰ ਵਿੱਚ ਹਨੇਰੇ ਵਾਤਾਵਰਨ ਵਰਗੀ ਚੁੱਪ ਛਾਈ ਹੋਈ ਸੀ।
ਪ੍ਰਸ਼ਨ 2 . ਸੁਸਾਇਟੀ ਦੇ ਇੰਸਪੈਕਟਰ ਨੇ ਅਮਰੀਕ ਸਿੰਘ ਨੂੰ ਕਿਸ ਗੱਲ ਦੀ ਹਿਦਾਇਤ ਦਿੱਤੀ ਅਤੇ ਕਿਉਂ ?
ਉੱਤਰ : ਅਮਰੀਕ ਦੇ ਪਿਤਾ ਕਰਤਾਰ ਸਿੰਘ ਨੇ ਸੁਸਾਇਟੀ ਤੋਂ ਸਾਢੇ ਸੋਲਾਂ ਸੌ ਰੁਪਏ ਖ਼ਾਦ ਦੇ ਕਰਜ਼ੇ ਵਜੋਂ ਲਏ ਸਨ। ਇਹ ਪੈਸੇ ਕਨੂੰਨੀ ਰੂਪ ਵਿੱਚ ਕਰਜ਼ਦਾਰ ਦੀ ਮੌਤ ਪਿੱਛੋਂ ਯਕਮੁਸ਼ਤ ਕਿਸ਼ਤ ਵਿੱਚ ਜਮ੍ਹਾ ਕਰਾਉਣੇ ਪੈਂਦੇ ਸਨ।
ਸੁਸਾਇਟੀ ਦੇ ਇੰਸਪੈਕਟਰ ਨੇ ਉਸਨੂੰ ਦੋ ਕਿਸ਼ਤਾਂ ਵਿੱਚ ਪੈਸੇ ਜਮ੍ਹਾ ਕਰਾਉਣ ਲਈ ਕਿਹਾ। ਪਹਿਲੀ ਕਿਸ਼ਤ ਲਈ ਉਸਨੇ ਪੰਦਰਾਂ ਦਿਨਾਂ ਦੀ ਮੁਹਲਤ ਦਿੱਤੀ। ਇਹ ਰਿਆਇਤ ਵੀ ਉਸਨੇ ‘ਮੁਲਾਜ਼ਮ’ ਭਰਾ ਹੋਣ ਦੇ ਨਾਤੇ ਦਿੱਤੀ ਸੀ।
ਪ੍ਰਸ਼ਨ 3 . ਕਰਤਾਰ ਸਿੰਘ ਦੇ ਛੋਟੀ ਉਮਰੇ ਹੀ ਦੁਨੀਆ ਤੋਂ ਤੁਰ ਜਾਣ ਦੇ ਕੀ ਕਾਰਨ ਸਨ ?
ਉੱਤਰ : ਕਰਤਾਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ। ਉਹ ਅਫੀਮ ਦਾ ਨਸ਼ਾ ਵੀ ਕਰਦਾ ਸੀ। ਇਸ ਤੋਂ ਇਲਾਵਾ ਵੀ ਹੋਰ ਕਈ ਤਰ੍ਹਾਂ ਦੀਆਂ ਨਸ਼ੇ ਦੀਆਂ ਦਵਾਈਆਂ ਖਾਂਦਾ ਸੀ।
ਇਹ ਸਾਰਾ ਕੁੱਝ ਹੀ ਉਸ ਦੇ ਛੋਟੀ ਉਮਰੇ ਹੀ ਦੁਨੀਆ ਤੋਂ ਤੁਰ ਜਾਣ ਦਾ ਕਾਰਨ ਬਣਿਆ।
ਪ੍ਰਸ਼ਨ 4 . ਬਚਪਨ ਵਿੱਚ ਅਮਰੀਕ ਕਿਹੋ ਜਿਹੇ ਬਾਪ ਦੀ ਕਲਪਨਾ ਕਰਦਾ ਹੈ ਅਤੇ ਕਿਉਂ ?
ਉੱਤਰ : ਅਮਰੀਕ ਦਾ ਪਿਓ ਉਸਨੂੰ ਬਹੁਤ ਪਿਆਰ ਕਰਦਾ ਸੀ। ਉਸ ਦੀ ਸਰੀਰਕ ਬਣਤਰ ਅਜਿਹੀ ਸੀ ਕਿ ਉਹ ਨੌਜਵਾਨ ਹੀ ਜਾਪਦਾ ਸੀ।
ਅਮਰੀਕ ਨੂੰ ਜਦ ਵੀ ਕੋਈ ਅਜਨਬੀ ਉਸ ਦੇ ਪਿਤਾ ਬਾਰੇ ਪੁੱਛਦਾ ਤਾਂ ਕਰਤਾਰ ਸਿੰਘ ਨੂੰ ਉਹ ਅਮਰੀਕ ਦਾ ਵੱਡਾ ਭਰਾ ਹੀ ਸਮਝਦਾ।
ਅਮਰੀਕ ਨੂੰ ਇਹ ਚੰਗਾ ਨਹੀਂ ਲੱਗਦਾ ਸੀ। ਉਸ ਦੀ ਨਜ਼ਰ ਵਿੱਚ ਸਾਰੇ ਪਿਓਆਂ ਨੂੰ ਸਿਆਣੇ – ਸਿਆਣੇ ਅਤੇ ਧੌਲ਼ੀ ਦਾੜ੍ਹੀ ਵਾਲੇ ਹੋਣਾ ਚਾਹੀਦਾ ਹੈ।
ਪ੍ਰਸ਼ਨ 5 . ਅਮਰੀਕ ਦੇ ਦਾਦੇ ਨੇ ਗਹਿਣੇ ਪਈ ਆਪਣੀ ਥੈਲੀ ਨੂੰ ਕਿਵੇਂ ਛੁਡਾਇਆ ?
ਉੱਤਰ : ਅਮਰੀਕ ਦੇ ਦਾਦੇ ਨੇ ਕਈ ਸਾਲ ਵਿਦੇਸ਼ਾਂ ਵਿੱਚ ਕੰਮ ਕੀਤਾ। ਉਸ ਦਾ ਫ਼ਜ਼ੂਲ – ਖਰਚੀ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ।
ਉਸਨੇ ਹੌਲੀ – ਹੌਲੀ ਮਿਹਨਤ ਨਾਲ ਪੈਸਾ ਜੋੜ ਕੇ ਗਹਿਣੇ ਪਈ ਆਪਣੀ ਥੈਲੀ ਨੂੰ ਛੁਡਾਇਆ।
ਪ੍ਰਸ਼ਨ 6 . ਕਰਤਾਰ ਸਿੰਘ ਆਪਣੀ ਭੈਣ ਦੀਆਂ ਕੁੜੀਆਂ ਦੇ ਵਿਆਹ ਦੀ ਚਿੱਠੀ ਆਉਣ ਤੇ ਕਿਉਂ ਖਿੱਝਿਆ – ਖਿੱਝਿਆ ਰਹਿੰਦਾ ਸੀ ?
ਉੱਤਰ : ਕਰਤਾਰ ਸਿੰਘ ਦੀ ਭੈਣ ਨੇ ਆਪਣੇ ਭਰਾ ਨੂੰ ਬਣ – ਠਣ ਕੇ ਆਉਣ ਲਈ ਕਿਹਾ ਸੀ। ਵਾਹੀ ਵਿੱਚੋਂ ਕੁੱਝ ਬਚਦਾ ਨਹੀਂ ਸੀ।
ਪੈਸੇ ਦਾ ਪ੍ਰਬੰਧ ਕੋਈ ਹੋਇਆ ਨਹੀਂ ਸੀ। ਇਸ ਲਈ ਉਹ ਹਰਦਮ ਖਿੱਝਿਆ – ਖਿੱਝਿਆ ਰਹਿੰਦਾ ਸੀ।
ਪ੍ਰਸ਼ਨ 7 . “ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣੇ ਕਰ ਦਿੱਤਾ ਹੋਇਆ ?” ਜਗੀਰ ਕੌਰ ਨੇ ਇਹ ਸ਼ਬਦ ਕਿਉਂ ਕਹੇ ?
ਉੱਤਰ : ਅਮਰੀਕ ਚਾਹੁੰਦਾ ਸੀ ਕਿ ਉਸ ਪੌਣੇ ਕਿੱਲੇ ਵਿੱਚ ਪੱਠੇ ਬੀਜੇ ਜਾਣ। ਜਗੀਰ ਕੌਰ ਨੇ ਉਸ ਨੂੰ ਦੱਸਿਆ ਕਿ ਪਿਛਲੇ ਸਾਲ ਉਸ ਦੀ ਭੈਣ ਦੀ ਸੱਸ ਦੇ ਇਕੱਠ ‘ਤੇ ਜਾਣ ਲਈ ਪੈਸਿਆਂ ਦਾ ਪ੍ਰਬੰਧ ਕਰਨ ਲਈ ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣੇ ਕਰ ਦਿੱਤਾ ਹੋਇਆ ਹੈ।
ਪ੍ਰਸ਼ਨ 8 . ਅਮਰੀਕ ਸਿੰਘ ਨੂੰ ਆਪਣੇ ਘਰ ਦਿਆਂ ਨਾਲ ਕਿਸ ਗੱਲ ਦਾ ਇਤਰਾਜ਼ ਸੀ ?
ਉੱਤਰ : ਅਮਰੀਕ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੇ ਘਰ ਦਿਆਂ ਨੇ ਆਪਣੇ ਸਿਰ ਤੇ ਇੰਨਾ ਕਰਜ਼ਾ ਕਿਵੇਂ ਚੜ੍ਹਾ ਲਿਆ ? ਉਨ੍ਹਾਂ ਨੇ ਪੈਸੇ ਕਿੱਥੇ ਵਰਤ ਲਏ ?
ਉਸਨੂੰ ਮਾਂ ਨਾਲ ਵੀ ਇਤਰਾਜ਼ ਸੀ ਕਿ ਉਹ ਸਾਰਾ ਕੁੱਝ ਉਸ ਕੋਲੋਂ ਲੁਕਾਉਂਦੀ ਰਹੀ। ਉਸਦੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਵੀ ਉਹ ਅਣਜਾਣ ਸੀ।
ਪ੍ਰਸ਼ਨ 9. ‘ਅੰਗ-ਸੰਗ’ ਕਹਾਣੀ ਦੇ ਲੇਖਕ ਬਾਰੇ ਜਾਣਕਾਰੀ ਦਿਓ।
ਉੱਤਰ : ‘ਅੰਗ-ਸੰਗ’ ਕਹਾਣੀ ਦੇ ਲੇਖਕ ਵਰਿਆਮ ਸਿੰਘ ਸੰਧੂ ਹਨ। ਆਪ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰਾਂ ਵਿੱਚੋਂ ਹਨ। ਉਹਨਾਂ ਦਾ ਜਨਮ 1945 ਈ. ਵਿੱਚ ਪਿੰਡ ਚਵਿੰਡਾ ਕਲਾਂ (ਅੰਮ੍ਰਿਤਸਰ) ਵਿਖੇ ਹੋਇਆ। ਆਪ ਦੀ ਵਿੱਦਿਅਕ ਯੋਗਤਾ ਐੱਮ. ਏ. (ਪੰਜਾਬੀ), ਐੱਮ. ਫ਼ਿਲ ਹੈ। ਉਹ ਸਕੂਲ ਅਧਿਆਪਕ ਵਜੋਂ ਕੰਮ ਕਰਨ ਤੋਂ ਬਾਅਦ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੰਜਾਬੀ ਦੇ ਲੈਕਚਰਾਰ ਨਿਯੁਕਤ ਹੋਏ ਅਤੇ ਇੱਥੋਂ ਹੀ ਸੇਵਾ-ਮੁਕਤ ਹੋਏ। ਸੰਧੂ ਦੀਆਂ ਕਹਾਣੀਆਂ ਪੰਜਾਬ ਦੀ ਛੋਟੀ ਕਿਰਸਾਣੀ, ਕਿਰਤੀ ਲੋਕਾਂ ਅਤੇ ਨਿਮਨ ਮੱਧ-ਵਰਗ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਹਨ। ‘ਲੋਹੇ ਦੇ ਹੱਥ’, ‘ਅੰਗ-ਸੰਗ’, ‘ਭੱਜੀਆਂ ਬਾਹੀਂ’ ਅਤੇ ‘ਚੌਥੀ ਕੂਟ’ ਆਪ ਦੇ ਕਹਾਣੀ-ਸੰਗ੍ਰਹਿ ਹਨ। ‘ਚੌਥੀ ਕੂਟ’ ਕਹਾਣੀ-ਸੰਗ੍ਰਹਿ ਲਈ ਆਪ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਦਿੱਤਾ ਗਿਆ। ਕਹਾਣੀ ਤੋਂ ਬਿਨਾਂ ਆਪ ਨੇ ਸਫ਼ਰਨਾਮੇ, ਜੀਵਨੀ ਅਤੇ ਆਲੋਚਨਾ ਦੇ ਖੇਤਰ ਵਿੱਚ ਵੀ ਦੇਣ ਦਿੱਤੀ।
ਪ੍ਰਸ਼ਨ 10. ‘ਅੰਗ-ਸੰਗ’ ਕਹਾਣੀ ਦਾ ਉਦੇਸ਼ ਕੀ ਹੈ?
ਉੱਤਰ : ‘ਅੰਗ-ਸੰਗ’ ਕਹਾਣੀ ਦਾ ਉਦੇਸ਼ ਨਸ਼ਿਆਂ ਦਾ ਵਿਰੋਧ ਕਰਨਾ ਅਤੇ ਕਰਜ਼ੇ ਦੀ ਘਾਤਕ ਸਮੱਸਿਆ ਨੂੰ ਦਰਸਾ ਕੇ ਇਸ ਤੋਂ ਬਚਣ ਦੀ ਸਿੱਖਿਆ ਦੇਣਾ ਹੈ। ਇਸ ਕਹਾਣੀ ਦਾ ਉਦੇਸ਼ ਇਹ ਦੱਸਣਾ ਵੀ ਹੈ ਕਿ ਸਾਨੂੰ ਝੂਠੀ ਸ਼ਾਨ ਲਈ ਕਰਜ਼ੇ ਹੇਠ ਨਹੀਂ ਆਉਣਾ ਚਾਹੀਦਾ ਸਗੋਂ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਸਾਨੂੰ ਹਰ ਹੁੰਦਾ ਯਤਨ ਕਰਨਾ ਚਾਹੀਦਾ ਹੈ ਕਿ ਕਰਜ਼ੇ ਤੋਂ ਬਚਿਆ ਜਾਵੇ। ਇਸ ਕਹਾਣੀ ਦਾ ਉਦੇਸ਼ ਔਰਤ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਅਤੇ ਫ਼ਜ਼ੂਲ-ਖ਼ਰਚੀ ਤੋਂ ਬਚਣ ਦੀ ਸਿੱਖਿਆ ਦੇਣਾ ਵੀ ਹੈ। ਕਹਾਣੀਕਾਰ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਸਾਨੂੰ ਆਪਣੀਆਂ ਜ਼ੁੰਮੇਵਾਰੀਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਘਰ ਦੇ ਮਾਹੌਲ ਨੂੰ ਸੁਖਾਵਾਂ ਬਣਾਉਣਾ ਵੀ ਜ਼ਰੂਰੀ ਹੈ।
ਪ੍ਰਸ਼ਨ 11. ‘ਅੰਗ-ਸੰਗ’ ਕਹਾਣੀ ਦੇ ਪਾਤਰ ਅਮਰੀਕ ਸਿੰਘ ਨਾਲ ਜਾਣ-ਪਛਾਣ ਕਰਾਓ।
ਉੱਤਰ : ਅਮਰੀਕ ਸਿੰਘ ‘ਅੰਗ-ਸੰਘ’ ਕਹਾਣੀ ਦਾ ਮਹੱਤਵਪੂਰਨ ਪਾਤਰ ਹੈ। ਉਹ ਕਰਤਾਰ ਸਿੰਘ ਅਤੇ ਜਾਗੀਰ ਕੌਰ ਦਾ ਵੱਡਾ ਪੁੱਤਰ ਹੈ। ਉਸ ਦਾ ਇੱਕ ਭਰਾ ਅਤੇ ਤਿੰਨ ਭੈਣਾਂ ਹਨ। ਉਹ ਇੱਕ ਸਰਕਾਰੀ ਮੁਲਾਜ਼ਮ ਹੈ। ਨਸ਼ਿਆਂ ਦਾ ਸ਼ਿਕਾਰ ਹੋਣ ਕਾਰਨ ਉਸ ਦੇ ਪਿਤਾ ਦੀ ਪੰਤਾਲੀ ਸਾਲਾਂ ਦੀ ਉਮਰ ਵਿੱਚ ਹੀ ਮੌਤ ਹੋ ਗਈ ਸੀ। ਅਮਰੀਕ ਆਪਣੀ ਤਨਖ਼ਾਹ ਵਿੱਚੋਂ ਅੱਧੀ ਤਨਖ਼ਾਹ ਆਪਣੀ ਮਾਂ ਨੂੰ ਦਿੰਦਾ ਸੀ ਪਰ ਉਸ ਦੀ ਘਰ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ। ਉਸ ਦੀ ਆਪਣੇ ਪਿਤਾ ਨਾਲ ਉਸ ਦੇ ਨਸ਼ਿਆਂ ਕਾਰਨ ਚਿੜ ਸੀ। ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ੁੰਮੇਵਾਰੀ ਉਸ ’ਤੇ ਆਣ ਪਈ ਸੀ। ਉਹ ਸੋਚਦਾ ਹੈ ਕਿ ਉਹ ਹੁਣ ਘਰ ਵੱਲ ਧਿਆਨ ਦਏਗਾ। ਉਹ ਇਹ ਵੀ ਸੋਚਦਾ ਹੈ ਕਿ ਜੇਕਰ ਉਹ ਆਪਣੇ ਪਿਤਾ ਨੂੰ ਪਿਆਰ ਨਾਲ ਸਮਝਾਉਂਦਾ ਤਾਂ ਸ਼ਾਇਦ ਸਥਿਤੀ ਹੋਰ ਹੁੰਦੀ। ਇਸ ਲਈ ਉਹ ਆਪਣੇ-ਆਪ ਨੂੰ ਵੀ ਆਪਣੇ ਪਿਤਾ ਦੀ ਮੌਤ ਦਾ ਇੱਕ ਕਾਰਨ ਸਮਝਦਾ ਹੈ।