ਅਜ਼ਾਦੀ ਕਵਿਤਾ ਦਾ ਸਾਰ
ਕਵੀ : ਡਾ. ਗੁਰਮਿੰਦਰ ਸਿੱਧ
ਜਮਾਤ : ਅੱਠਵੀਂ
‘ਅਜ਼ਾਦੀ’ ਕਵਿਤਾ ਵਿੱਚ ਕਵੀ ‘ਡਾ. ਗੁਰਮਿੰਦਰ ਸਿੱਧ’ ਨੇ ਦੇਸ਼ ਦੀ ਅਜ਼ਾਦੀ ਦੇ ਫਿੱਕੇ ਹੋਏ ਰੰਗ ਦੀ ਗੱਲ ਕੀਤੀ ਹੈ ਤੇ ਦੱਸਿਆ ਹੈ ਕਿ ਅਸੀਂ ਕਦੇ ਡੋਲੇ ਨਹੀਂ, ਹਜ਼ਾਰਾਂ ਮੁਸੀਬਤਾਂ ਸਹਿਣ ਕੀਤੀਆਂ ਤੇ ਕੁਰਬਾਨੀਆਂ ਕਰਨ ਲਈ ਹਮੇਸ਼ਾ ਤਿਆਰ ਰਹੇ। ਸਾਡੇ ਦੇਸ਼ ਭਗਤਾਂ ਨੇ ਆਪਣੀ ਜਾਨ ਕੁਰਬਾਨ ਕਰਕੇ ਇਹ ਅਜ਼ਾਦੀ ਪ੍ਰਾਪਤ ਕੀਤੀ। ਕਵੀ ਨੂੰ ਦੁੱਖ ਹੈ ਕਿ ਦੇਸ਼ ਦੇ ਗੱਦਾਰ ਦੇਸ਼ ਨੂੰ ਖੋਖਲਾ ਕਰਨ ਤੇ ਲੱਗੇ ਹੋਏ ਹਨ। ਅੱਜ ਲੋਕਾਂ ਦੇ ਅੰਦਰੋਂ ਦੇਸ਼-ਭਗਤੀ ਖ਼ਤਮ ਹੁੰਦੀ ਜਾ ਰਹੀ ਹੈ।
ਕਵੀ ਦੱਸਦਾ ਹੈ ਕਿ ਸਾਨੂੰ ਜਿੰਨਾ ਮਰਜ਼ੀ ਤੋੜਨ ਦਾ ਯਤਨ ਕਰੋ, ਅਸੀਂ ਫ਼ਿਰ ਤੋਂ ਇਕੱਠੇ ਹੋ ਜਾਣਾ ਹੈ। ਕਵੀ ਦੇਸ਼ ਵਾਸੀਆਂ ਨੂੰ ਹੌਂਸਲਾ ਦਿੰਦੇ ਹੋਏ ਕਹਿ ਰਿਹਾ ਹੈ ਕਿ ਅਜੇ ਦੇਸ਼ – ਭਗਤੀ ਅਲੋਪ ਨਹੀਂ ਹੋਈ ਹੈ। ਤੁਸੀਂ ਆਪਣੀ ਜ਼ਿੰਦਗੀ ਵਿੱਚ ਹਾਰ ਦਾ ਵਰਕਾ ਪਾੜ ਦਿਓ। ਗੱਦਾਰਾਂ ਦੀਆਂ ਚਾਲਾਂ ਨੂੰ ਸਫ਼ਲ ਨਾ ਹੋਣ ਦਿਓ। ਆਪਣੀਆਂ ਖੁਸ਼ੀਆਂ ਨੂੰ ਖਿੱਚ ਕੇ ਆਪਣੇ ਵੱਲ ਲੈ ਆਓ। ਅਸਲ ਵਿੱਚ ਕਵੀ ਦੇਸ਼ ਦੇ ਅੰਦਰ ਫੈਲੀਆਂ ਬੁਰਾਈਆਂ ਦੇ ਵਿਰੁੱਧ ਇਕੱਠੇ ਹੋ ਕੇ ਲੜਨ ਤੇ ਦੇਸ਼ ਦੀ ਹਾਲਤ ਸੁਧਾਰਨ ਲਈ ਯਤਨ ਕਰਨ ਦੀ ਪ੍ਰੇਰਨਾ ਦੇ ਰਿਹਾ ਹੈ।