ਅਖ਼ਬਾਰ ਦੇ ਸੰਪਾਦਕ ਨੂੰ ਸਕੂਲ ਦੀਆਂ ਸਮੱਸਿਆਵਾਂ ਸਬੰਧੀ ਪੱਤਰ ਲਿਖੋ।
ਤੁਹਾਡਾ ਸਕੂਲ ਕਈ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ—ਇਸ ਸਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਚਿੱਠੀ ਲਿਖੋ।
ਪ੍ਰੀਖਿਆ ਭਵਨ,
…………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ ਜੱਗ ਬਾਣੀ,
ਜਲੰਧਰ।
ਵਿਸ਼ਾ : ਸਕੂਲ ਦੀਆਂ ਸਮੱਸਿਆਵਾਂ ਸਬੰਧੀ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪਣੇ ਪੱਤਰ ਰਾਹੀਂ ਆਪਣੇ ਸਕੂਲ ਦੀਆਂ ਸਮੱਸਿਆਵਾਂ ਬਾਰੇ ਲਿਖ ਕੇ ਭੇਜ ਰਿਹਾ ਹਾਂ। ਕਿਰਪਾ ਕਰਕੇ ਇਸ ਨੂੰ ਆਪਣੇ ਅਖ਼ਬਾਰ ‘ਚ ਜ਼ਰੂਰ ਛਾਪਣਾ।
ਅਸੀਂ ਗੁਰਦਾਸਪੁਰ ਜ਼ਿਲ੍ਹੇ ਪਿੰਡ ਤਿੱਬੜੀ ਕੈਂਟ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਹਾਂ। ਇਸ ਸਕੂਲ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਪਰ ਸਭ ਤੋਂ ਵੱਡੀ ਸਮੱਸਿਆ ਇਸ ਸਕੂਲ ਦੀ ਇਮਾਰਤ ਦੀ ਹੈ। ਇਹ ਏਨੀ ਪੁਰਾਣੀ ਤੇ ਖ਼ਸਤਾ ਹਾਲਤ ਵਿੱਚ ਹੈ ਕਿ ਇਹ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਇੱਥੇ ਸਿਰਫ਼ ਦੋ ਹੀ ਕਮਰੇ ਤੇ ਇੱਕ ਬਰਾਂਡਾ ਹੈ ਤੇ ਇੱਕ ਛੋਟਾ ਜਿਹਾ ਹੋਰ ਕਮਰਾ ਹੈ ਜਿਸ ਨੂੰ ਦਫ਼ਤਰ ਕਿਹਾ ਜਾਂਦਾ ਹੈ। ਜਦੋਂ ਵੀ ਮੌਸਮ ਖ਼ਰਾਬ ਹੁੰਦਾ ਹੈ ਜਾਂ ਮੀਂਹ ਆਦਿ ਸ਼ੁਰੂ ਹੁੰਦਾ ਹੈ ਤਾਂ ਸਕੂਲ ਵਿੱਚ ਛੁੱਟੀ ਕਰ ਦਿੱਤੀ ਜਾਂਦੀ ਹੈ। ਇਸ ਮਜਬੂਰੀ ਦੇ ਤਹਿਤ ਸਾਨੂੰ ਅਤਿ ਦੀ ਗਰਮੀ ਵਿੱਚ ਵੀ ਦਰੱਖਤਾਂ ਦੀ ਛਾਵੇਂ ਕਲਾਸਾਂ ਲਾਉਣੀਆਂ ਪੈਂਦੀਆਂ ਹਨ ਤੇ ਭਰ ਸਰਦੀ ਵਿੱਚ ਵੀ ਖੁੱਲ੍ਹੇ ਅਸਮਾਨ ਹੇਠ ਬਾਹਰ ਜ਼ਮੀਨ ‘ਤੇ ਬੈਠਣਾ ਪੈਂਦਾ ਹੈ। ਕਿਉਂਕਿ ਇਸ ਸਕੂਲ ਵਿੱਚ ਲੋੜੀਂਦਾ ਫ਼ਰਨੀਚਰ ਵੀ ਨਹੀਂ ਹੈ। ਟਾਟ ਜਾਂ ਬੋਰੀਆਂ ਘਰੋਂ ਲਿਆ ਕੇ ਬੈਠਣਾ ਪੈਂਦਾ ਹੈ।
ਅਗਲੀ ਸਮੱਸਿਆ, ਇੱਥੇ ਬਿਜਲੀ ਤੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਸਰਕਾਰ ਨੇ ਕੰਪਿਊਟਰ ਨੂੰ ਇੱਕ ਵਿਸ਼ੇ ਵਜੋਂ ਪ੍ਰਵਾਨਗੀ ਤਾਂ ਦੇ ਦਿੱਤੀ ਹੈ ਤੇ ਕੰਪਿਊਟਰ ਵੀ ਭੇਜ ਦਿੱਤੇ ਹਨ ਪਰ ਬਿਜਲੀ ਅਤੇ ਅਧਿਆਪਕਾਂ ਦੀ ਉਚਿਤ ਵਿਵਸਥਾ ਨਹੀਂ ਹੈ। ਇਸ ਲਈ ਉਹ ਵੀ ਬੇਕਾਰ ਹੀ ਪਏ ਹਨ। ਅਧਿਆਪਕ ਤਾਂ ਸਿਰਫ਼ ਤਿੰਨ ਹੀ ਹਨ, ਦੋ ਅਧਿਆਪਕ ਜੇ ਕਈ ਵਾਰ ਛੁੱਟੀ ’ਤੇ ਚਲੇ ਜਾਣ ਤਾਂ ਉੱਥੇ ਸਿਰਫ਼ ਇੱਕ ਹੀ ਅਧਿਆਪਕ ਸਾਰੀਆਂ ਕਲਾਸਾਂ ਜ਼ਿੰਮੇਵਾਰੀ ਨਿਭਾਉਂਦਾ ਹੈ ਜਿਸ ਕਰਕੇ ਇੱਥੇ ਅਨੁਸ਼ਾਸਨ ਵੀ ਕੋਈ ਨਹੀਂ ਰਹਿੰਦਾ। ਫਿਰ ਕਈ ਵਾਰ ਅਧਿਆਪਕਾਂ ਦੀਆਂ ਹੋਰ ਸਰਕਾਰੀ ਡਿਊਟੀਆਂ ਦੇ ਆਦੇਸ਼ ਵੀ ਆ ਜਾਂਦੇ ਹਨ। ਇੰਜ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਲਗਾਤਾਰ ਵਧਦਾ ਜਾਂਦਾ ਹੈ। ਕਈ ਵਰ੍ਹਿਆਂ ਤੋਂ ਇੱਥੇ ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ। ਇੱਥੇ ਸਿਰਫ਼ ਦਸਵੀਂ ਕਲਾਸ ਦਾ ਪ੍ਰੀਖਿਆ ਦਾ ਸੈਂਟਰ ਮਨਜ਼ੂਰ ਹੋਇਆ ਹੈ ਜਦੋਂਕਿ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਪੇਪਰ ਦੇਣ ਲਈ ਦੂਜੇ ਸਕੂਲ ਵਿੱਚ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਸਕੂਲ ਦੇ ਗ਼ਰੀਬ ਵਿਦਿਆਰਥੀਆਂ ਨੂੰ ਕਦੇ ਵੀ ਵਰਦੀ, ਮੁਫ਼ਤ ਕਿਤਾਬਾਂ ਜਾਂ ਕੋਈ ਸਹੂਲਤ ਮੁਹੱਈਆ ਨਹੀਂ ਹੁੰਦੀ। ਵਜ਼ੀਫ਼ੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅਜੇ ਤੱਕ ਵਜ਼ੀਫ਼ੇ ਪ੍ਰਾਪਤ ਨਹੀਂ ਹੋਏ।
ਇਸ ਲਈ ਸਕੂਲ ਦੇ ਵਿਦਿਆਰਥੀਆਂ ਵਲੋਂ ਸਰਕਾਰ ਅੱਗੇ ਨਿਮਰਤਾ-ਪੂਰਵਕ ਬੇਨਤੀ ਹੈ ਕਿ ਪਹਿਲ ਦੇ ਅਧਾਰ ‘ਤੇ ਇਸ ਸਕੂਲ ਨੂੰ ਦਰਪੇਸ਼ ਸਮੱਸਿਆਵਾਂ ਤੋਂ ਨਿਜਾਤ ਦੁਆਈ ਜਾਵੇ। ਸਾਨੂੰ ਉਮੀਦ ਹੈ ਕਿ ਤੁਸੀਂ ਇਹ ਪੱਤਰ ਆਪਣੇ ਅਖ਼ਬਾਰ ‘ਚ ਜ਼ਰੂਰ ਛਾਪੋਗੇ।
ਧੰਨਵਾਦ ਸਹਿਤ,
ਆਪ ਜੀ ਦੇ ਵਿਸ਼ਵਾਸਪਾਤਰ,
ਸਮੂਹ ਵਿਦਿਆਰਥੀ,
ਕਲਾਸ ਬਾਰ੍ਹਵੀਂ।
ਸਰਕਾਰੀ ਸਕਲ,
ਤਿਬੜੀ ਕੈਂਟ।
ਮਿਤੀ : 22 ਜਨਵਰੀ, 20….