ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਤੁਹਾਡੇ ਦੋਸਤ ਵੱਲੋਂ ਕੋਰੀਅਰ/ਪਾਰਸਲ ਰਾਹੀਂ ਭੇਜਿਆ ਗਿਆ ਲੈਪਟਾਪ ਤੁਹਾਨੂੰ ਨਹੀਂ ਪ੍ਰਾਪਤ ਹੋਇਆ। ਇਸ ਸੰਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
…………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਜਲੰਧਰ।
ਵਿਸ਼ਾ : ਲੈਪਟਾਪ ਵਾਲਾ ਪਾਰਸਲ ਖ਼ਾਲੀ ਮਿਲਣ ਸਬੰਧੀ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਇਸ ਪੱਤਰ ਰਾਹੀਂ ਆਪਣੇ ਨਾਲ ਹੋਈ ਠੱਗੀ ਦਾ ਜ਼ਿਕਰ ਕਰ ਰਿਹਾ ਹਾਂ। ਆਪ ਨੂੰ ਬੇਨਤੀ ਹੈ ਕਿ ਮੇਰਾ ਇਹ ਪੱਤਰ ਆਪਣੇ ਅਖ਼ਬਾਰ ‘ਚ ਛਾਪਣਾ ਤਾਂ ਜੋ ਮੈਨੂੰ ਇਨਸਾਫ਼ ਮਿਲ ਸਕੇ।
ਗੱਲ ਇਹ ਹੈ ਕਿ ਬੀਤੇ ਦਿਨੀਂ ਮੇਰੇ ਦੋਸਤ ਨੇ, ਜੋ ਵਿਦੇਸ਼ ਵਿੱਚ ਰਹਿੰਦਾ ਹੈ, ਮੈਨੂੰ ਪਾਰਸਲ ਰਾਹੀਂ ਲੈਪਟਾਪ ਭੇਜਿਆ ਸੀ। ਇਸ ਸਬੰਧੀ ਉਸ ਨੇ ਮੇਰੇ ਨਾਲ ਫ਼ੋਨ ‘ਤੇ ਸੰਪਰਕ ਕਰਕੇ ਦੱਸ ਦਿੱਤਾ ਸੀ। ਪਰ ਕਈ ਦਿਨਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਜਦੋਂ ਉਹ ਪਾਰਸਲ ਮੈਨੂੰ ਨਾ ਮਿਲਿਆ ਤਾਂ ਮੈਂ ਉਸ ਸਬੰਧੀ ਪੁੱਛ-ਗਿੱਛ ਕਰਨੀ ਸ਼ੁਰੂ ਕਰ ਦਿੱਤੀ। ਅਚਾਨਕ ਕੱਲ੍ਹ ਹੀ ਸਾਡੇ ਘਰ ਦੇ ਪਤੇ ‘ਤੇ ਇੱਕ ਪਾਰਸਲ ਆਇਆ, ਮੈਂ ਘਰ ਨਹੀਂ ਸੀ। ਮੇਰੇ ਪਿਤਾ ਜੀ ਨੇ ਦਸਤਖ਼ਤ ਕਰਕੇ ਪਾਰਸਲ ਪ੍ਰਾਪਤ ਕਰ ਲਿਆ। ਡਾਕੀਆ ਵਾਪਸ ਚਲਾ ਗਿਆ। ਬਾਅਦ ਵਿੱਚ ਅਸਾਂ ਉਹ ਪਾਰਸਲ ਖੋਲ੍ਹਿਆ ਤਾਂ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਪਾਰਸਲ ਵਿੱਚ ਲੈਪਟਾਪ ਦੀ ਥਾਂ ਰੱਦੀ ਤੇ ਖ਼ਾਲੀ ਡੱਬੇ ਭਰੇ ਹੋਏ ਸਨ। ਉਂਝ ਉਹ ਬਾਹਰੋਂ ਪੂਰੀ ਤਰ੍ਹਾਂ ਸੀਲਬੰਦ ਹੀ ਸੀ। ਅਸੀਂ ਹੈਰਾਨ ਹਾਂ ਕਿ ਦੋਸਤ ਵਲੋਂ ਭੇਜਿਆ ਹੋਇਆ ਲੈਪਟਾਪ ਗਾਇਬ ਕਿਵੇਂ ਹੋ ਗਿਆ? ਤੇ ਇਹ ਸਮੱਗਰੀ ਕਿਸ ਨੇ ਭਰ ਕੇ ਭੇਜੀ ਹੈ। ਇਸ ਸਬੰਧੀ ਅਸੀਂ ਡਾਕ ਵਿਭਾਗ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੇ ਵੀ ਕੋਈ ਤਸੱਲੀਬਖ਼ਸ਼ ਉੱਤਰ ਨਹੀਂ ਦਿੱਤਾ। ਉਨ੍ਹਾਂ ਦਾ ਜਵਾਬ ਸੀ ਜਿਵੇਂ ਪਾਰਸਲ ਆਇਆ ਹੈ ਉਸੇ ਹਾਲਤ ਵਿੱਚ ਹੀ ਪ੍ਰਾਪਤ – ਕਰਤਾ ਨੇ ਪ੍ਰਾਪਤ ਕੀਤਾ ਹੈ। ਜਦਕਿ ਪ੍ਰਾਪਤ – ਕਰਤਾ ਪਰੇਸ਼ਾਨ ਹਨ।ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਸਧਾਰਨ ਪਾਰਸਲ ਹੈ ਜੋ ਅੰਤਰ – ਰਾਸ਼ਟਰੀ ਹਿਦਾਇਤਾਂ ਅਨੁਸਾਰ ਨਹੀਂ ਸੀ। ਇਸ ਲਈ ਇਸ ਦੀ ਜਿੰਮੇਵਾਰੀ ਉਨ੍ਹਾਂ ਦੀ ਨਹੀਂ ਹੈ।
ਸਾਨੂੰ ਇਹ ਜਾਪਦਾ ਹੈ ਕਿ ਇਹ ਸਭ ਮਿਲੀਭੁਗਤ ਨਾਲ਼ ਹੀ ਵਾਪਰਿਆ ਹੈ। ਪਰ ਜੇ ਇੰਜ ਹੀ ਧੋਖਾ – ਧੜੀਆਂ ਅਤੇ ਚੋਰੀਆਂ ਹੁੰਦੀਆਂ ਰਹੀਆਂ ਤਾਂ ਕਿਸੇ ਨੂੰ ਕਿਸੇ ‘ਤੇ ਵੀ ਵਿਸ਼ਵਾਸ ਨਹੀਂ ਰਹਿ ਜਾਣਾ। ਇਸ ਪੱਤਰ ਰਾਹੀਂ ਮੈਨੂੰ ਆਸ ਹੈ ਕਿ ਮੇਰੇ ਗੁੰਮ ਹੋਏ ਲੈਪਟਾਪ ਦੀ ਪੜਤਾਲ ਜ਼ਰੂਰ ਹੋਵੇਗੀ।
ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਇਹ ਪੱਤਰ ਆਪਣੇ ਅਖ਼ਬਾਰ ‘ਚ ਜ਼ਰੂਰ ਛਾਪੋਗੇ।
ਧੰਨਵਾਦ ਸਹਿਤ,
ਆਪ ਜੀ ਦਾ ਵਿਸ਼ਵਾਸਪਾਤਰ,
ੳ . ਅ . ੲ .।
ਮਿਤੀ : 18 ਜਨਵਰੀ, 2022