ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਤੁਸੀਂ ਕਿਸੇ ਵਿਅਕਤੀ ਦੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਹੋ, ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
.………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਜਲੰਧਰ।
ਵਿਸ਼ਾ : ਈਮਾਨਦਾਰੀ ਦੀ ਮਿਸਾਲ।
ਸ੍ਰੀਮਾਨ ਜੀ,
ਮੈਂ ਇਹ ਦੱਸਣ ਵਿੱਚ ਫ਼ਖ਼ਰ ਮਹਿਸੂਸ ਕਰਦੀ ਹਾਂ ਕਿ ਸਾਡੇ ਇਸ ਅਤਿ ਦੇ ਭ੍ਰਿਸ਼ਟ ਦੇਸ਼ ਵਿੱਚ ਇਮਾਨਦਾਰੀ ਅਜੇ ਵੀ ਜ਼ਿੰਦਾ ਹੈ। ਇਸ ਦੀ ਤਾਜ਼ਾ ਮਿਸਾਲ ਜੋ ਮੇਰੇ ਨਾਲ ਵਾਪਰੀ ਹੈ, ਉਹ ਇਹ ਹੈ ਕਿ ਕੱਲ੍ਹ ਮੈਂ ਆਪਣੀ ਭੈਣ ਨਾਲ ਅੰਮ੍ਰਿਤਸਰ ਤੋਂ ਪਠਾਨਕੋਟ ਬੱਸ ਰਾਹੀਂ ਆਈ। ਅਸੀਂ ਅੰਮ੍ਰਿਤਸਰ ਤੋਂ ਕਾਫ਼ੀ ਸਾਰਾ ਸਮਾਨ ਖ਼ਰੀਦ ਕੇ ਲਿਆਂਦਾ ਸੀ ਜੋ ਬਹੁਤ ਕੀਮਤੀ ਸੀ। ਸਾਡੇ ਕੋਲ ਪੰਜ-ਛੇ ਲਿਫਾਫੇ ਤੇ ਬੈਗ ਸਨ ਤੇ ਕੁਝ ਨਕਦੀ ਵੀ ਸੀ। ਅਸੀਂ ਕੁਝ ਗਹਿਣੇ ਵੀ ਬਣਵਾ ਕੇ ਲਿਆਂਦੇ ਸਨ। ਘਰ ਵਿੱਚ ਵਿਆਹ ਦੀ ਤਿਆਰੀ ਚੱਲ ਰਹੀ ਸੀ। ਅਸੀਂ ਵਿਆਹ ਦੀ ਤਿਆਰੀ ਤੇ ਕਈ ਹੋਰ ਪਰਿਵਾਰਕ ਗੱਲਾਂ ਵਿੱਚ ਉਲਝੀਆਂ ਰਹੀਆਂ। ਜਿਉਂ ਹੀ ਅਸੀਂ ਪਠਾਨਕੋਟ ਬੱਸ ਅੱਡੇ ‘ਤੇ ਉਤਰੀਆਂ ਤਾਂ ਪਤਾ ਨਹੀਂ ਕਿਵੇਂ ਸਾਡੇ ਕੋਲੋਂ ਇੱਕ ਬੈਗ ਬੱਸ ਵਿੱਚ ਹੀ ਰਹਿ ਗਿਆ। ਹੈਰਾਨੀ ਦੀ ਗੱਲ ਇਹ ਸੀ ਕਿ ਇਹ ਉਹੀ ਬੈਗ ਸੀ ਜਿਸ ਵਿੱਚ ਕੀਮਤੀ ਕੱਪੜੇ ਤੇ ਗਹਿਣੇ ਸਨ। ਜਿਉਂ ਹੀ ਅਸੀਂ ਘਰ ਜਾ ਕੇ ਗਹਿਣੇ ਵਿਖਾਉਣ ਲਈ ਬੈਗ ਵੇਖਿਆ ਤਾਂ ਉਹ ਬੈਗ ਸਾਡੇ ਕੋਲ ਨਾ ਹੋਣ ਕਾਰਨ ਅਸੀਂ ਸਚਮੁੱਚ ਏਨਾ ਘਬਰਾ ਗਈਆਂ ਕਿ ਸਾਨੂੰ ਚੱਕਰ ਜਿਹੇ ਆਉਣ ਲੱਗ ਪਏ।
ਅਸੀਂ ਬਿਨਾਂ ਕੁਝ ਸੋਚਣ ਤੇ ਦੇਰੀ ਤੋਂ ਦੁਬਾਰਾ ਬੱਸ ਅੱਡੇ ਗਈਆਂ। ਬੱਸ ਅੱਡੇ ਦੇ ਇੰਚਾਰਜ ਨਾਲ ਅਸੀਂ ਆਪਣੀ ਸਮੱਸਿਆ ਦੱਸੀ। ਉਨ੍ਹਾਂ ਸਾਨੂੰ ਵਿਸ਼ਵਾਸ ਦੁਆਇਆ ਕਿ ਜੇਕਰ ਤੁਹਾਡਾ ਕੋਈ ਸਮਾਨ ਸਾਨੂੰ ਮਿਲਿਆ ਤਾਂ ਉਹ ਪਹੁੰਚਾ ਦੇਣਗੇ। ਅਸੀਂ ਬੱਸ ਦਾ ਟਾਈਮ ਆਦਿ ਹੀ ਦੱਸ ਸਕੇ ਸਾਂ ਕਿਉਂਕਿ ਬੱਸ ਦਾ ਸਾਡੇ ਕੋਲ ਕੋਈ ਨੰਬਰ ਆਦਿ ਨਹੀਂ ਸੀ।
ਉਸੇ ਸ਼ਾਮ ਨੂੰ ਰਾਤ ਲਗਪਗ ਸੱਤ ਕੁ ਵਜੇ ਸਾਡੇ ਘਰ ਇੱਕ ਵਿਅਕਤੀ ਆਇਆ ਜਿਸ ਦੇ ਹੱਥ ਵਿੱਚ ਸਾਡਾ ਬੈਗ ਸੀ। ਅਸੀਂ ਬੈਗ ਵੇਖ ਕੇ ਬਹੁਤ ਖ਼ੁਸ਼ ਹੋਏ। ਉਸ ਨੇ ਇਸ ਬਾਰੇ ਸਾਨੂੰ ਦੱਸਿਆ ਕਿ ਜਿਉਂ ਹੀ ਅਸੀਂ ਪਠਾਨਕੋਟ ਅੱਡੇ `ਤੇ ਉਤਰੀਆਂ ਸਾਂ ਤੇ ਸਾਡਾ ਬੈਗ ਸਾਡੀ ਸੀਟ ਦੇ ਹੇਠਾਂ ਡਿੱਗ ਪਿਆ ਸੀ। ਸਾਡੇ ਤੋਂ ਪਿਛੋਂ ਉਹ ਵਿਅਕਤੀ ਬੱਸ ਵਿੱਚੋਂ ਉਤਰਿਆ ਉਸ ਨੇ ਪਹਿਲਾਂ ਤਾਂ ਸਾਨੂੰ ਕੇਵਲ ਇਹ ਦੱਸਣ ਲਈ ਅਵਾਜ਼ ਲਾਈ ਕਿ ਤੁਹਾਡਾ ਬੈਗ ਡਿੱਗ ਪਿਆ ਹੈ ਪਰ ਅਸੀਂ ਰਿਕਸ਼ੇ ‘ਤੇ ਬੈਠ ਕੇ ਘਰ ਵੱਲ ਤੁਰ ਪਈਆਂ ਸਾਂ। ਉਸ ਵਿਅਕਤੀ ਦਾ ਸਾਡੇ ਨਾਲ ਸੰਪਰਕ ਕਾਇਮ ਨਾ ਹੋ ਸਕਿਆ। ਫਿਰ ਉਹ ਬੱਸ ਅੱਡੇ ਦੇ ਇੰਚਾਰਜ ਕੋਲ ਗਿਆ ਤੇ ਬੈਗ ਮਿਲਣ ਸਬੰਧੀ ਉਨ੍ਹਾਂ ਨਾਲ ਗੱਲ ਕੀਤੀ। ਉਧਰੋਂ ਉਨ੍ਹਾਂ ਕੋਲ ਸਾਡੀ ਵੀ ਲਿਖਤੀ ਸੂਚਨਾ ਮੌਜੂਦ ਸੀ, ਸੋ ਇੰਝ ਉਸ ਵਿਅਕਤੀ ਨੇ ਬੱਸ ਅੱਡੇ ਤੋਂ ਸਾਡਾ ਐਡਰੈਸ ਲਿਆ ਤੇ ਪੁੱਛਦਾ ਪੁਛਾਉਂਦਾ ਸਾਡੇ ਘਰ ਆ ਗਿਆ। ਉਸ ਨੇ ਬੜੀ ਨੇਕ-ਦਿਲੀ ਦਾ ਸਬੂਤ ਦਿੰਦਿਆਂ ਸਾਨੂੰ ਆਪਣਾ ਸਮਾਨ ਚੈੱਕ ਕਰਨ ਲਈ ਕਿਹਾ। ਅਸੀਂ ਆਪਣਾ ਸਮਾਨ ਚੈੱਕ ਕੀਤਾ ਤਾਂ ਉਸੇ ਤਰ੍ਹਾਂ ਪੂਰਾ ਸੀ। ਅਸੀਂ ਉਸ ਇਮਾਨਦਾਰ ਵਿਅਕਤੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਨਹੀਂ ਸੀ ਥੱਕ ਰਹੇ।
ਉਸ ਇਮਾਨਦਾਰ ਵਿਅਕਤੀ ਦੀ ਇਮਾਨਦਾਰੀ ਕਾਰਨ ਅਸੀਂ ਬਹੁਤ ਖੁਸ਼ ਹਾਂ ਤੇ ਸੋਚਦੇ ਹਾਂ ਕਿ ਜੇਕਰ ਸਮਾਜ ਵਿੱਚ ਹਰ ਮਨੁੱਖ ਇੰਝ ਹੀ ਇਮਾਨਦਾਰ ਹੋ ਜਾਵੇ ਤਾਂ ਰੋਣਾ ਕਿਸ ਗੱਲ ਦਾ। ਇਮਾਨਦਾਰ ਹੋਣਾ ਕੋਈ ਔਖਾ ਕੰਮ ਨਹੀਂ ਹੈ। ਪਰਮਾਤਮਾ ਉਸ ਵਿਅਕਤੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
ਮੈਨੂੰ ਆਸ ਹੈ ਕਿ ਤੁਸੀਂ ਮੇਰਾ ਇਹ ਪੱਤਰ ਅਖ਼ਬਾਰ ‘ਚ ਛਾਪੋਗੇ।
ਧੰਨਵਾਦ ਸਹਿਤ,
ਆਪ ਜੀ ਦਾ ਵਿਸ਼ਵਾਸਪਾਤਰ,
ੳ . ਅ . ੲ .।
ਮਿਤੀ : 16 ਜਨਵਰੀ, 2022