ਸ਼ਹਿਰ ਦੇ ਪੁਲਿਸ ਕਮਿਸ਼ਨਰ ਨੂੰ ਪੱਤਰ
ਆਪਣੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਨੂੰ ਇਲਾਕੇ ਵਿੱਚ ਪੁਲਿਸ ਦੀ ਗਸ਼ਤ ਕਰਵਾਉਣ ਸੰਬੰਧੀ ਪੱਤਰ ਲਿਖੋ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਪੁਲਿਸ ਕਮਿਸ਼ਨਰ ਸਾਹਿਬ,
ਪੁਲਿਸ ਵਿਭਾਗ,
ਚ . ਛ . ਜ. ਸ਼ਹਿਰ।
ਵਿਸ਼ਾ : ਪੁਲਿਸ ਦੀ ਗਸ਼ਤ ਕਰਵਾਉਣ ਸੰਬੰਧੀ ਪੱਤਰ ।
ਸ੍ਰੀਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਫਰੂਟ ਗਾਰਡਨ ਇਲਾਕੇ ਦੀ ਨਿਵਾਸੀ ਹਾਂ। ਮੈਂ ਪੰਜ ਸਾਲਾਂ ਤੋਂ ਇੱਥੇ ਰਹਿ ਰਹੀ ਹਾਂ। ਇੱਥੋਂ ਦਾ ਵਾਤਾਵਰਨ ਬਹੁਤ ਸ਼ਾਂਤਮਈ ਹੈ ਅਤੇ ਸਾਰੇ ਪੜੇ-ਲਿਖੇ ਤੇ ਚੰਗੇ ਘਰਾਂ ਦੇ ਲੋਕ ਹੀ ਰਹਿੰਦੇ ਹਨ। ਇਹ ਇਲਾਕਾ ਕਿਸੇ ਸਵਰਗ ਤੋਂ ਘੱਟ ਨਹੀਂ ਹੈ। ਭਾਵੇਂ ਇਹ ਸ਼ਹਿਰ ਤੋਂ ਬਾਹਰ ਹੈ, ਫਿਰ ਵੀ ਅਸੀਂ ਕਦੇ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਨਹੀਂ ਸੀ ਕੀਤਾ, ਪਰ ਛੇ ਮਹੀਨਿਆਂ ਤੋਂ ਤਾਂ ਸਾਡਾ ਜਿਊਣਾ ਹਰਾਮ ਹੋ ਗਿਆ ਹੈ। ਨਿੱਤ ਦਿਨ-ਦਿਹਾੜੇ ਹੀ ਲੁੱਟਾਂ-ਖੋਹਾਂ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ; ਜਿਵੇਂ: ਕਿਸੇ ਦੀਆਂ ਵਾਲੀਆਂ ਖਿੱਚ ਲਈਆਂ ਜਾਂਦੀਆਂ ਹਨ, ਕਿਸੇ ਦੇ ਘਰ ਚੋਰੀ ਹੋ ਰਹੀ ਹੈ, ਕਿਸੇ ਤੋਂ ਮੋਟਰ ਸਾਈਕਲ ਖੋਹ ਲਈ ਗਈ ਹੈ ਆਦਿ। ਇਸ ਕਾਰਨ ਸਾਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਪਹਿਲਾਂ ਅਸੀਂ ਅੱਧੀ-ਰਾਤ ਨੂੰ ਵੀ ਵਿਆਹ-ਸ਼ਾਦੀ ਤੋਂ ਵਾਪਸ ਆਉਣ ਲੱਗਿਆਂ ਕਦੇ ਵੀ ਨਹੀਂ ਸੀ ਡਰੇ, ਉੱਥੇ ਹੁਣ ਦਿਨ ਵੇਲੇ ਵੀ ਇਕੱਲਿਆਂ ਬਾਹਰ ਨਿਕਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਜਾਪਦਾ। ਸਾਡੇ ਇਲਾਕੇ ਦੇ ਸਿਆਣੇ ਬੰਦਿਆਂ ਦੀ ਇੱਕ ਕਮੇਟੀ ਵੀ ਬਣੀ ਹੋਈ ਹੈ।
ਕਮੇਟੀ ਦੇ ਮੈਂਬਰਾਂ ਨੇ ਇਲਾਕਾ ਨਿਵਾਸੀਆਂ ਨਾਲ ਇਸ ਮਸਲੇ ਸਬੰਧੀ ਬੈਠਕ ਕੀਤੀ ਸੀ ਅਤੇ ਸੁਰੱਖਿਆ ਲਈ ਸਾਰਿਆਂ ਦੇ ਸੁਝਾਅ ਲੈਣ ਮਗਰੋਂ ਇੱਕ ਚੌਂਕੀਦਾਰ ਰੱਖਿਆ ਗਿਆ ਸੀ ਅਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਵਾਏ ਗਏ। ਇਸ ਨਾਲ ਕੁਝ ਸਮਾਂ ਤਾਂ ਚੋਰੀਆਂ ਨੂੰ ਠੱਲ੍ਹ ਪਈ ਰਹੀ, ਪਰ ਦੋ ਦਿਨ ਪਹਿਲਾਂ ਬਾਜ਼ਾਰ ਵਿੱਚ ਸੁਨਿਆਰੇ ਦੀ ਦੁਕਾਨ ਦਾ ਤਾਲਾ ਤੋੜ ਕੇ ਗੱਲੇ ਵਿੱਚੋਂ ਪੈਸੇ ਚੋਰੀ ਕਰਨ ਦੀ ਅਤੇ ਸੀ.ਸੀ.ਟੀ.ਵੀ. ਕੈਮਰੇ ਨੂੰ ਤੋੜਨ ਦੀ ਘਟਨਾ ਕਾਰਨ ਫਿਰ ਤੋਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਮਾਮਲਾ ਸਾਡੀ ਵੱਸੋਂ ਬਾਹਰ ਹੋ ਗਿਆ ਹੈ।
ਅਸੀਂ ਚਾਹੁੰਦੇ ਹਾਂ ਕਿ ਪੁਲਿਸ ਵਿਭਾਗ ਵੱਲੋਂ ਸਾਡੇ ਇਲਾਕੇ ਦੀ ਗਸ਼ਤ ਦਾ ਪ੍ਰਬੰਧ ਕੀਤਾ ਜਾਏ। ਪੁਲਿਸ ਵਿਭਾਗ ਦੇ ਸਿਪਾਹੀ ਸਾਡੇ ਇਲਾਕੇ ਵਿੱਚ ਇੱਕ-ਦੋ ਚੱਕਰ ਰੋਜ਼ ਲਗਾਉਣ ਲੱਗ ਪੈਣ ਤਾਂ ਚੋਰ-ਡਾਕੂ ਅਤੇ ਗੁੰਡੇ ਡਰ ਜਾਣਗੇ ਅਤੇ ਗ਼ਲਤ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਗੇ। ਅਸੀਂ ਸਾਰੇ ਸੁੱਖ ਦੀ ਨੀਂਦ ਸੌਂ ਸਕਾਂਗੇ। ਇਲਾਕਾ ਨਿਵਾਸੀ ਇਹੋ ਚਾਹੁੰਦੇ ਹਨ ਕਿ ਅਸੀਂ ਪਹਿਲਾਂ ਵਾਂਗ ਸ਼ਾਂਤਮਈ ਜੀਵਨ ਬਤੀਤ ਕਰਦੇ ਹੋਏ ਜੀਵਨ ਦਾ ਆਨੰਦ ਮਾਣੀਏ।
ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਡੀ ਬੇਨਤੀ ‘ਤੇ ਜ਼ਰੂਰ ਗ਼ੌਰ ਕਰੋਗੇ ਅਤੇ ਜਲਦੀ ਹੀ ਸਾਡੀ ਸੁਰੱਖਿਆ ਦਾ ਪ੍ਰਬੰਧ ਕਰੋਗੇ।
ਧੰਨਵਾਦ ਸਹਿਤ।
ਆਪ ਜੀ ਦੇ ਵਿਸ਼ਵਾਸਪਾਤਰ,
ਸਮੂਹ ਇਲਾਕਾ ਨਿਵਾਸੀ।
ਮਿਤੀ : 16 ਜਨਵਰੀ, 2022