ਆਪਣੇ ਇਲਾਕੇ ਦੇ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਮਨਮਰਜ਼ੀਆਂ ਸੰਬੰਧੀ ਇੱਕ ਰਿਪੋਰਟ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਭੇਜੋ।
ਪ੍ਰੀਖਿਆ ਭਵਨ,
…………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਜਲੰਧਰ।
ਵਿਸ਼ਾ : ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਲਾਪਰਵਾਹੀਆਂ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਬਿਜਲੀ ਬੋਰਡ ਅਧਿਕਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਅਣਗਹਿਲੀਆਂ, ਲਾਪਰਵਾਹੀਆਂ, ਮਨਮਰਜ਼ੀਆਂ ਤੋਂ ਸਮੂਹ ਇਲਾਕਾ ਨਿਵਾਸੀ ਬੇਹੱਦ ਪ੍ਰੇਸ਼ਾਨ ਹਨ। ਇਸ ਲਈ ਮਜਬੂਰਨ ਸਾਨੂੰ ਉਨ੍ਹਾਂ ਦੇ ਘਟੀਆ ਕਾਰਨਾਮਿਆਂ ਦਾ ਜ਼ਿਕਰ ਇਸ ਪੱਤਰ ਰਾਹੀਂ ਕਰਨਾ ਪੈ ਰਿਹਾ ਹੈ। ਆਸ ਹੈ ਕਿ ਆਪ ਸਾਡੇ ਇਸ ਪੱਤਰ ਨੂੰ ਆਪਣੀ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ।
ਪਿਛਲੇ ਤਿੰਨ ਕੁ ਮਹੀਨਿਆਂ ਦੀ ਗੱਲ ਹੈ ਕਿ ਸਾਡੇ ਇਲਾਕੇ ਦਾ ਟ੍ਰਾਂਸਫਾਰਮਰ ਖ਼ਰਾਬ ਹੋ ਗਿਆ ਸੀ। ਇਸ ਸਬੰਧੀ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ। ਸ਼ਿਕਾਇਤ ਦਰਜ ਹੋਣ ਤੋਂ ਕਈ ਦਿਨ ਬਾਅਦ ਵੀ ਉਨ੍ਹਾਂ ਦਾ ਕੋਈ ਜਵਾਬ ਨਾ ਆਇਆ। ਇੱਕ-ਦੋ ਚੱਕਰ ਲਾਉਣ ਤੋਂ ਬਾਅਦ ਲੱਖ ਤਰਲੇ-ਮਿੰਨਤਾਂ ਤੋਂ ਬਾਅਦ ਕੁਝ ਕੁ ਅਧਿਕਾਰੀ ਆਏ, ਵੇਖ – ਵਾਖ ਕੇ ਇਹ ਕਹਿ ਗਏ ਕਿ ਇਸ ਵਿੱਚ ਪੈਣ ਵਾਲਾ ਲੋੜੀਂਦਾ ਸਮਾਨ ਵਿਭਾਗ ਵਿੱਚ ਮੌਜੂਦ ਨਹੀਂ ਹੈ। ਇਸ ਲਈ ਜੇ ਤੁਸੀਂ ਆਪਣੇ ਪੱਧਰ ‘ਤੇ ਠੀਕ ਕਰਵਾਉਣਾ ਹੈ ਤਾਂ ਅਸੀਂ ਹਾਜ਼ਰ ਹੋ ਜਾਵਾਂਗੇ। ‘ਮਰਦੇ ਕੀ ਕਰਦੇ’ ਇਲਾਕਾ ਨਿਵਾਸੀਆਂ ਨੇ ਆਪ ਪੈਸੇ ਖ਼ਰਚ ਕਰਕੇ ਟ੍ਰਾਂਸਫਾਰਮਰ ਠੀਕ ਕਰਵਾਇਆ।
ਫਿਰ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਮੀਟਰ ਰੀਡਰ ਦੀ, ਜੋ ਕਦੇ ਵੀ ਘਰੋ-ਘਰੀ ਜਾ ਕੇ ਮੀਟਰ ਦੀ ਰੀਡਿੰਗ ਲੈਣੀ ਮੁਨਾਸਬ ਨਹੀਂ ਸਮਝਦਾ। ਆਪਣੀ ਇੱਛਾ ਅਨੁਸਾਰ ਹੀ ਰੀਡਿੰਗ ਲਿਖ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦਾ ਹੈ। ਇਸ ਕਾਰਨਾਮੇ ਦਾ। ਤਾਂ ਪਤਾ ਹੀ ਉਦੋਂ ਲਗਦਾ ਹੈ ਜਦੋਂ ਦਿਲ-ਕੰਬਾਊ ਬਿੱਲ ਆਉਂਦੇ ਹਨ। ਗੱਲ ਇੱਥੇ ਹੀ ਨਹੀਂ ਮੁੱਕਦੀ, ਬਿੱਲ ਵੰਡਣ ਵਾਲਾ ਗੁਰਮੁਖ ਪਿਆਰਾ ਵੀ ਸਾਰੇ ਬਿੱਲਾਂ ਦਾ ਢੇਰ ਕਿਸੇ ਇੱਕ ਘਰ/ਦੁਕਾਨ ‘ਤੇ ਰੱਖ ਜਾਂਦਾ ਹੈ। ਲੋਕਾਂ ਨੂੰ ਇੱਕ – ਦੂਜੇ ਤੋਂ ਪਤਾ ਲਗਦਾ ਹੈ ਕਿ ਬਿੱਲ ਸਾਡੇ ਇਲਾਕੇ ਵਿੱਚ ਪਹੁੰਚ ਚੁੱਕੇ ਹਨ। ਕਈ ਵਾਰ ਬਿੱਲ ਦੀ ਤਰੀਕ ਲੰਘ ਜਾਣ ਕਾਰਨ ਜੁਰਮਾਨਾ ਭਰਨਾ ਪੈਂਦਾ ਹੈ।
ਇੱਕ ਦਿਨ ਉੱਚ-ਅਧਿਕਾਰੀਆਂ ਦੀ ਗਸ਼ਤ-ਟੁਕੜੀ ਨੇ ਬਿਜਲੀ ਚੋਰੀ ਦੇ ਕੇਸ ਫੜਨ ਲਈ ਧਾਵਾ ਬੋਲ ਦਿੱਤਾ। ਉਨ੍ਹਾਂ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ, ਪਰ ਕਿਵੇਂ? ਅਮੀਰਾਂ ਦੀਆਂ ਕੁੰਡੀਆਂ ਅਮੀਰਾਂ ਦੇ ਪੈਸੇ ਤੇ ਰੋਅਬ ਹੇਠ ਲੁਕੀਆਂ ਰਹੀਆਂ। ਕਿਸਮਤ ਬੁਰੀ ਸੀ ਤਾਂ ਗ਼ਰੀਬਾਂ ’ਤੇ ਮੱਧ-ਵਰਗੀ ਪਰਿਵਾਰਾਂ ਦੀ, ਜਿਨ੍ਹਾਂ ਦੀ ਕੋਈ ਜਾਣ-ਪਛਾਣ ਨਹੀਂ ਸੀ, ਨਾ ਉਨ੍ਹਾਂ ਦਾ ਅਸਰ-ਰਸੂਖ ਸੀ ਤੇ ਨਾ ਹੀ ਉਨ੍ਹਾਂ ਨੂੰ ਦੇਣ ਜੋਗੇ ਪੈਸੇ ਸਨ। ਇੰਝ ਉਨ੍ਹਾਂ ਨੇ ਚੰਦ ਕੁ ਲੋਕਾਂ ਨੂੰ ਮੋਟੀਆਂ ਰਕਮਾਂ ਦੇ ਜੁਰਮਾਨੇ ਵਾਲੀਆਂ ਪਰਚੀਆਂ ਕੱਟ ਕੇ ਆਪਣੀ ਡਿਊਟੀ ਨਾਲ ਇਨਸਾਫ਼ ਕਰ ਦਿੱਤਾ। ਪਰ ਕੌਣ ਸਾਹਿਬ ਨੂੰ ਆਖੇ ਵਜੀਦਾ ਇੰਝ ਨਹੀਂ ਇੰਝ ਕਰ।
ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਇਹ ਚਿੱਠੀ ਆਪਣੇ ਅਖ਼ਬਾਰ ‘ਚ ਜ਼ਰੂਰ ਛਾਪੋਗੇ।
ਧੰਨਵਾਦ ਸਾਹਿਤ,
ਆਪ ਜੀ ਦਾ ਵਿਸ਼ਵਾਸਪਾਤਰ,
ੳ . ਅ . ੲ .।
ਮਿਤੀ : 18 ਜਨਵਰੀ, 2022