ਅਖ਼ਬਾਰ ਦੇ ਸੰਪਾਦਕ ਨੂੰ ਉਤਪਾਦਨਾਂ ਦੀ ਵਿਕਰੀ ਲਈ ਵਿਗਿਆਪਨ ਸਬੰਧੀ ਪਤੱਰ ਲਿਖੋ।


‘ਉਤਪਾਦਨਾਂ ਦੀ ਵਿਕਰੀ ਸਬੰਧੀ ਵਿਗਿਆਪਨ’ ਵਿਸ਼ੇ ‘ਤੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਆਪਣੇ ਵਿਚਾਰ ਲਿਖੋ।

ਪ੍ਰੀਖਿਆ ਭਵਨ,

………………. .ਸ਼ਹਿਰ।

ਸੇਵਾ ਵਿਖੇ,

ਸੰਪਾਦਕ ਸਾਹਿਬ,
ਨਵਾਂ ਜ਼ਮਾਨਾ,
ਜਲੰਧਰ।

ਵਿਸ਼ਾ : ਉਤਪਾਦਨਾਂ ਦੀ ਵਿਕਰੀ ਲਈ ਵਿਗਿਆਪਨ ਸਬੰਧੀ।

ਸ੍ਰੀਮਾਨ ਜੀ,

         ਬੇਨਤੀ ਹੈ ਕਿ ਮੈਂ ਆਪ ਨੂੰ ਇਸ ਪੱਤਰ ਰਾਹੀਂ ਉਤਪਾਦਨਾਂ ਦੀ ਵਿਕਰੀ ਸਬੰਧੀ ਵਿਗਿਆਪਨਾਂ ਬਾਰੇ ਆਪਣੇ ਵਿਚਾਰ ਭੇਜ ਰਿਹਾ ਹਾਂ। ਕਿਰਪਾ ਕਰਕੇ ਇਸ ਨੂੰ ਆਪਣੀ ਅਖਬਾਰ ਵਿੱਚ ਪ੍ਰਕਾਸ਼ਿਤ ਕਰਨ ਦੀ ਖੇਚਲ ਕਰਨੀ।

          ਅੱਜ ਵਿਗਿਆਨਕ ਯੁੱਗ ਵਿੱਚ ਮਨੁੱਖ ਨੇ ਕਈ ਪ੍ਰਕਾਰ ਦੀਆਂ ਕਾਢਾਂ ਕੱਢੀਆਂ ਹਨ। ਰੋਜ਼ਾਨਾ ਜ਼ਿੰਦਗੀ ਵਿੱਚ ਵਰਤਣ ਵਾਲੀਆਂ ਬੇਸ਼ੁਮਾਰ ਵਸਤਾਂ ਵੱਖ-ਵੱਖ ਕੰਪਨੀਆਂ ਵਲੋਂ ਬਜ਼ਾਰ ਵਿੱਚ ਲਿਆਂਦੀਆਂ ਜਾ ਰਹੀਆਂ ਹਨ | ਕਿਸੇ ਇੱਕ ਕਿਸਮ ਦੀ ਵਸਤੂ ਨੂੰ ਕਈ ਕੰਪਨੀਆਂ ਵਲੋਂ ਤਿਆਰ ਕੀਤਾ ਜਾ ਰਿਹਾ ਹੈ ਜਿਵੇਂ ਟੂਥ ਪੇਸਟ ਦੀ ਹੀ ਉਦਾਹਰਨ ਲੈ ਲਓ। ਬਹੁਤ ਸਾਰੀਆਂ ਕੰਪਨੀਆਂ ਲਈ ਵੱਖ-ਵੱਖ ਨਾਵਾਂ ਅਧੀਨ ਟੂਥ ਪੇਸਟ ਬਣਾ ਰਹੀਆਂ ਹਨ। ਇਸ ਲਈ ਤਿਆਰ ਮਾਲ ਵੇਚਣ ਲਈ ਆਪਣੀ ਨਵੀਂ ਵਸਤੂ ਨੂੰ ਬਾਕੀਆਂ ਨਾਲੋਂ ‘ਵਿਸ਼ੇਸ਼’ ਸਾਬਤ ਕਰਨ ਲਈ ਉਸ ਦੀ ਵਧ-ਚੜ੍ਹ ਕੇ ਸਿਫ਼ਤ ਕੀਤੀ ਜਾਂਦੀ ਹੈ ਤਾਂ ਜੋ ਗ੍ਰਾਹਕ ਨਵੀਂ ਵਸਤੂ ਵੱਲ ਵਧੇਰੇ ਆਕਰਸ਼ਿਤ ਹੋ ਸਕਣ। ਅੱਜ-ਕੱਲ੍ਹ ਗਾਹਕ ਨਵਾਂ ਉਤਪਾਦਨ ਖ਼ਰੀਦਣ ਵਿੱਚ ਵਿਸ਼ਵਾਸ ਰੱਖਦਾ ਹੈ। ਉਤਪਾਦਨ ਦੀ ਵਿਕਰੀ ਸਬੰਧੀ ਕੰਪਨੀਆਂ ਵਾਲੇ ਦੇ ਤਰੀਕੇ ਅਪਣਾਉਂਦੇ ਹਨ, ਇੱਕ ਤਾਂ ਇਸ਼ਤਿਹਾਰਬਾਜ਼ੀ ਅਤੇ ਦੂਜਾ ਟੀ. ਵੀ. ਚੈਨਲਾਂ ‘ਤੇ ਇਸ ਦੀ ਮਸ਼ਹੂਰੀ। ਅੱਜ ਹਰ ਟੀ. ਵੀ. ਚੈਨਲ ‘ਤੇ ਪ੍ਰੋਗਰਾਮ ਘੱਟ ਤੇ ਵਿਗਿਆਪਨ ਵਧੇਰੇ ਵੇਖਣ ਨੂੰ ਮਿਲਦੇ ਹਨ। ਹਰ ਕੰਪਨੀ ਵਾਲੇ ਆਪਣੇ ਉਤਪਾਦਨ ਨੂੰ ਵਧੀਆ ਤੋਂ ਵਧੀਆ ਦਰਸਾਉਣ ਲਈ ਕਈ ਪ੍ਰਭਾਵਸ਼ਾਲੀ ਢੰਗ-ਤਰੀਕੇ ਵਰਤਦੇ ਹਨ।

    ਅੱਜ ਕੋਈ ਵੀ ਵਿਗਿਆਪਨ ਵੇਖ ਲਓ, ਉਸ ਵਿੱਚ ਫ਼ਿਲਮੀ ਐਕਟਰ, ਖਿਡਾਰੀ ਤੇ ਸਿਰਫ਼ ਔਰਤ ਹੀ ਪ੍ਰਧਾਨ ਰੋਲ ਅਦਾ ਕਰਦੇ ਹਨ। ਔਰਤ ਦੀ ਪੇਸ਼ਕਾਰੀ ਤਾਂ ਹਰ ਵਿਗਿਆਪਨ ਵਿੱਚ ਲਾਜ਼ਮੀ ਹੋ ਗਈ ਜਾਪਦੀ ਹੈ।

       ਬਹੁਤ ਸਾਰੇ ਵਿਗਿਆਪਨ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਪੇਸ਼ਕਾਰੀ ਦਾ ਬੱਚਿਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਕਿਉਂਕਿ ਵਿਗਿਆਪਨ ਵੇਖ ਕੇ ਕਈ ਬੱਚੇ ਉਨ੍ਹਾਂ ਦੀ ਨਕਲ ਕਰਦੇ ਹਨ, ਜਿਵੇਂ ਉੱਚੀਆਂ – ਉੱਚੀਆਂ ਉਡਾਰੀਆਂ ਲਾਉਣਾ, ਛਾਲਾਂ ਮਾਰਨੀਆਂ, ਖ਼ਤਰੇ ਮੁੱਲ ਲੈਣੇ ਆਦਿ। ਇਸ ਨਾਲ ਬੱਚਿਆਂ ਨੂੰ ਨੁਕਸਾਨ ਵਧੇਰੇ ਹੁੰਦਾ ਹੈ। ਇਸ ਲਈ ਵਿਗਿਆਪਨ ਦੀ ਪੇਸ਼ਕਾਰੀ ਅਜਿਹੀ ਹੋਣੀ ਚਾਹੀਦੀ ਹੈ, ਜਿਸ ਨਾਲ ਬੱਚਿਆਂ ‘ਤੇ ਮਾੜਾ ਪ੍ਰਭਾਵ ਨਾ ਪਵੇ।

     ਕਈ ਵਾਰ ਵਿਗਿਆਪਨਾਂ ਵਿੱਚ ਅਸਿੱਧੇ ਤੌਰ ‘ਤੇ ਦੂਸਰੇ ਉਤਪਾਦਨਾਂ ਦੀ ਬੁਰਾਈ ਵੀ ਕਰ ਦਿੱਤੀ ਜਾਂਦੀ ਹੈ ਤੇ ਆਪਣੇ ਉਤਪਾਦਨ ਨੂੰ ਵਧੀਆ ਸਾਬਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਹ ਸਭ ਵਿਕਰੀ ਲਈ ਹੱਥ – ਕੰਡੇ ਵਰਤੇ ਜਾਂਦੇ ਹਨ। ਇਸ ਤੋਂ ਇਲਾਵਾ ਕਈ ਵਿਗਿਆਪਨ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਵੇਖ ਕੇ ਸ਼ਰਮਸਾਰ ਵੀ ਹੋਣਾ ਪੈਂਦਾ ਹੈ।

ਇਸ ਲਈ ਕੰਪਨੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਉਤਪਾਦਨਾਂ ਦੀ ਵਿਕਰੀ ਵਧਾਉਣ ਲਈ ਵਿਗਿਆਪਨ ਜ਼ਰੂਰ ਪੇਸ਼ ਕਰਨ ਪਰ ਅਜਿਹੇ ਢੰਗ ਤਰੀਕੇ ਵਰਤਣ ਕਿ ਜਿਸ ਨਾਲ ਕਿਸੇ ਨੂੰ ਵੀ ਕੋਈ ਇਤਰਾਜ਼ ਨਾ ਹੋਵੇ ਤੇ ਬੱਚਿਆਂ ਨੂੰ ਖ਼ਤਰਾ ਵੀ ਨਾ ਹੋਵੇ ਆਦਿ।

     ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਇਹ ਪੱਤਰ ਆਪਣੇ ਅਖ਼ਬਾਰ ‘ਚ ਜ਼ਰੂਰ ਛਾਪੋਗੇ।

ਧੰਨਵਾਦ ਸਹਿਤ,

ਆਪਜੀ ਦਾ ਵਿਸ਼ਵਾਸਪਾਤਰ,
ਉ. ਅ. ੲ. ।

ਮਿਤੀ : 28 ਜਨਵਰੀ, 2022