ਅਵਾਰਾ ਪਸ਼ੂਆਂ ਦੀ ਸਮੱਸਿਆ ਬਾਰੇ ਪੱਤਰ
ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਅਵਾਰਾ ਪਸ਼ੂਆਂ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਪ੍ਰਗਟਾਓ।
ਪਰੀਖਿਆ ਭਵਨ,
ਕੇਂਦਰ ਨੰਬਰ………,
…………….ਸ਼ਹਿਰ।
ਮਿਤੀ : …………… .
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ’, ਚੰਡੀਗੜ੍ਹ।
ਵਿਸ਼ਾ : ਅਵਾਰਾ ਪਸ਼ੂਆਂ ਦੀ ਸਮੱਸਿਆ।
ਸ੍ਰੀਮਾਨ ਜੀ,
ਇਸ ਪੱਤਰ ਰਾਹੀਂ ਮੈਂ ਅਵਾਰਾ ਪਸ਼ੂਆਂ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਪ੍ਰਗਟਾਉਣੇ ਚਾਹੁੰਦਾ ਹਾਂ। ਆਸ ਹੈ ਤੁਸੀਂ ਇਹਨਾਂ ਵਿਚਾਰਾਂ ਨੂੰ ਪ੍ਰਕਾਸ਼ਿਤ ਕਰ ਕੇ ਪ੍ਰਸ਼ਾਸਨ ਦਾ ਇਸ ਪਾਸੇ ਧਿਆਨ ਖਿੱਚਣ ਵਿੱਚ ਮਦਦ ਕਰੋਗੇ।
ਅਵਾਰਾ ਪਸ਼ੂਆਂ ਦੀ ਸਮੱਸਿਆਂ ਲਗਪਗ ਹਰ ਕਸਬੇ ਅਤੇ ਸ਼ਹਿਰ ਵਿੱਚ ਦੇਖੀ ਜਾ ਸਕਦੀ ਹੈ। ਅਵਾਰਾ ਪਸ਼ੂਆਂ ਵਿੱਚ ਅਵਾਰਾ ਗਊਆਂ ਅਤੇ ਕੁੱਤਿਆ ਦੀ ਸਮੱਸਿਆ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ। ਗਊ ਭਾਵੇਂ ਸਾਡੇ ਲਈ ਪੂਜਣ ਯੋਗ ਹੈ ਪਰ ਹਰ ਸ਼ਹਿਰ ਅਤੇ ਕਸਬੇ ਵਿੱਚ ਅਵਾਰਾ ਗਊਆਂ ਇੱਧਰ-ਉੱਧਰ ਫਿਰਦੀਆਂ ਦੇਖੀਆਂ ਜਾ ਸਕਦੀਆਂ ਹਨ। ਕਈ ਵਾਰ ਤਾਂ ਇਹ ਟ੍ਰੈਫ਼ਿਕ ਦੀ ਸਮੱਸਿਆ ਵੀ ਪੈਦਾ ਕਰ ਦਿੰਦੀਆਂ ਹਨ। ਸੜਕਾਂ ‘ਤੇ ਘੁੰਮਦੀਆਂ ਫਿਰਦੀਆਂ ਗਊਆਂ ਸੜਕਾਂ ‘ਤੇ ਚੱਲਣ ਵਾਲੇ ਵਾਹਨਾਂ ਦੇ ਚਾਲਕਾਂ ਲਈ ਮੁਸ਼ਕਲ ਪੈਦਾ ਕਰਦੀਆਂ ਹਨ। ਫਿਰ ਇਹਨਾਂ ਦੇ ਗੋਹੇ ਆਦਿ ਤੋਂ ਪ੍ਰਦੂਸ਼ਣ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ ਅਤੇ ਬਰਸਾਤ ਦੇ ਦਿਨਾਂ ਵਿਚ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ।
ਅਵਾਰਾ ਕੁੱਤਿਆਂ ਦੀ ਸਮੱਸਿਆ ਤਾਂ ਹੋਰ ਵੀ ਖ਼ਤਰਨਾਕ ਹੈ। ਹਰ ਪਿੰਡ, ਕਸਬੇ ਅਤੇ ਸ਼ਹਿਰ ਦੇ ਗਲੀ-ਮੁਹੱਲਿਆਂ ਵਿੱਚ ਅਵਾਰਾ ਕੁੱਤੇ ਫਿਰਦੇ ਦੇਖੇ ਜਾ ਸਕਦੇ ਹਨ। ਜਦ ਇਹ ਸਾਈਕਲ ਜਾਂ ਸਕੂਟਰ ਸਵਾਰ ਦੇ ਪਿੱਛੇ ਦੌੜਦੇ ਹਨ ਤਾਂ ਕਈ ਭਿਆਨਕ ਦੁਰਘਟਨਾਵਾਂ ਦਾ ਕਾਰਨ ਵੀ ਬਣਦੇ ਹਨ। ਕਈ ਵਾਰ ਇਹ ਉਪਰੇ ਜਾਂ ਰਾਹ ਜਾਂਦੇ ਵਿਅਕਤੀਆਂ ਨੂੰ ਕੱਟ ਵੀ ਦਿੰਦੇ ਹਨ ਅਤੇ ਉਹਨਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਟੀਕੇ ਲਗਾਉਣੇ ਪੈਂਦੇ ਹਨ। ਇੱਕਠੇ ਹੋਏ ਆਵਾਰਾਂ ਕੁੱਤੇ ਕਈ ਵਾਰ ਬੱਚਿਆਂ ‘ਤੇ ਹਮਲਾ ਕਰ ਕੇ ਉਹਨਾਂ ਨੂੰ ਜ਼ਖ਼ਮੀ ਕਰ ਦਿੰਦੇ ਹਨ।
ਕਈ ਵਾਰ ਇਹ ਹਾਦਸਾ ਬਹੁਤ ਭਿਆਨਕ ਹੁੰਦਾ ਹੈ ਅਤੇ ਬੱਚੇ ਦੀ ਜਾਨ ਵੀ ਜਾ ਸਕਦੀ ਹੈ। ਆਮ ਲੋਕਾਂ ਵਿੱਚ ਇਹਨਾਂ ਅਵਾਰਾ ਕੁੱਤਿਆਂ ਦਾ ਡਰ ਬਣਿਆ ਹੀ ਰਹਿੰਦਾ ਹੈ। ਕਈ ਵਾਰ ਰੋਗੀ ਕਿਸਮ ਦੇ ਹੋਰ ਜਾਨਵਰ ਵੀ ਆਵਾਰਾ ਰੂਪ ਵਿੱਚ ਫਿਰਦੇ ਦੇਖੇ ਜਾਂਦੇ ਹਨ।
ਅਵਾਰਾ ਪਸ਼ੂਆਂ ਦੀ ਸਮੱਸਿਆ ਸੁਲਝਾਉਣ ਵਿੱਚ ਪ੍ਰਸ਼ਾਸਨ ਨੂੰ ਵਿਸ਼ੇਸ਼ ਰੂਪ ਵਿੱਚ ਧਿਆਨ ਦੇਣਾ ਚਾਹੀਦਾ ਹੈ। ਅਵਾਰਾ ਗਊਆਂ ਦੀ ਸਾਂਭ-ਸੰਭਾਲ ਲਈ ਇਹਨਾਂ ਨੂੰ ਗਊਸ਼ਾਲਾਵਾਂ ਵਿੱਚ ਭੇਜਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਸਰਕਾਰ ਨੂੰ ਇਸ ਸੰਬੰਧ ਵਿੱਚ ਵਿਸ਼ੇਸ ਫੰਡ ਦੀ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਜੋ ਇਹਨਾਂ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕੀਤੀ ਜਾ ਸਕੇ। ਸਮਾਜ-ਸੇਵਾ ਕਰਨ ਵਾਲੀਆਂ ਸੰਸਥਾਵਾਂ ਅਤੇ ਦਾਨੀ ਲੋਕਾਂ ਨੂੰ ਵੀ ਇਸ ਖੇਤਰ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਨਗਰ-ਪਾਲਕਾ/ਨਗਰ-ਨਿਗਮ ਅਧਿਕਾਰੀਆਂ ਨੂੰ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਸੁਲਝਾਉਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਹਨਾਂ ਦੀ ਅਬਾਦੀ ਦੇ ਵਾਧੇ ‘ਤੇ ਰੋਕ ਲਾਉਣ ਲਈ ਕੁੱਤਿਆ ਦੀ ਨਸਬੰਦੀ ਕਰਨੀ ਜ਼ਰੂਰੀ ਹੈ। ਮੁਹੱਲਿਆਂ ਵਿੱਚ ਅਵਾਰਾ ਫਿਰਦੇ ਖੂਨਖ਼ਾਰ ਕਿਸਮ ਦੇ ਕੁੱਤਿਆਂ ਨੂੰ ਫੜ ਕੇ ਇਹਨਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਰੱਖਣ ਦੀ ਵਿਵਸਥਾ ਦੀ ਵੀ ਲੋੜ ਹੈ। ਅਵਾਰਾ ਪਸ਼ੂਆਂ ਦੀ ਸਮੱਸਿਆ ਪ੍ਰਸ਼ਾਸਨ ਵੱਲੋਂ ਪਹਿਲ ਦੇ ਅਧਾਰ ‘ਤੇ ਸੁਲਝਾਉਣ ਦੀ ਲੋੜ ਹੈ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸ਼ਪਾਤਰ,
ਕੁਲਦੀਪ ਸਿੰਘ
1122, ਊਧਮ ਸਿੰਘ ਨਗਰ,
………………ਸ਼ਹਿਰ।
ਮਿਤੀ : ………….. .