ਅਭਿਆਸ ਦੇ ਪ੍ਰਸ਼ਨ – ਉੱਤਰ : ਇਕ ਹੋਰ ਨਵਾਂ ਸਾਲ
ਪ੍ਰਸ਼ਨ 46. ਬੰਤੇ ਦੇ ਰਿਕਸ਼ੇ ਵਿਚ ਕੰਪਨੀ ਬਾਗ਼ ਜਾਣ ਲਈ ਬੈਠੇ ਦੋ ਸ਼ਾਇਰਾਂ ਦੀ ਆਪਸ ਵਿਚ ਜੋ ਗੱਲ-ਬਾਤ ਹੁੰਦੀ ਹੈ, ਉਸ ਨੂੰ ਸੰਖੇਪ ਰੂਪ ਵਿਚ ਲਿਖੋ ।
ਉੱਤਰ : ਰਾਤ ਨੂੰ ਬੰਤੇ ਦੇ ਰਿਕਸ਼ੇ ਵਿਚ ਕੰਪਨੀ ਬਾਗ਼ ਜਾਣ ਲਈ ਦੋ ਸ਼ਾਇਰ-ਅਸ਼ਕ ਤੇ ਪਰਵੇਜ਼ ਬੈਠ ਜਾਂਦੇ ਹਨ। ਉਹ ਕੰਪਨੀ ਬਾਗ਼ ਦੇ ਰਣਜੀਤ ਸਿੰਘ ਹਾਲ ਵਿਚ ਹੋ ਰਹੇ ਮੁਸ਼ਾਇਰੇ ਬਾਰੇ ਗੱਲਾਂ ਕਰਦੇ ਹਨ। ਪਰਵੇਜ਼ ਅਸ਼ਕ ਨੂੰ ਕਹਿੰਦਾ ਹੈ ਕਿ ਮੁਸ਼ਾਇਰੇ ਦੇ ਪਹਿਲੇ ਦੌਰ ਵਿਚ ਉਸ ਦੀ ਗ਼ਜ਼ਲ ਖੂਬ ਚਮਕੀ ਸੀ। ਉਹ ਸੋਚਦੇ ਹਨ ਕਿ ਉੱਥੇ ਪਹੁੰਚਣ ਤਕ ਮੁਸ਼ਾਇਰੇ ਦੇ ਦੂਜੇ ਦੌਰ ਵਿਚ ਵੀ ਉਨ੍ਹਾਂ ਦੀ ਵਾਰੀ ਆ ਜਾਵੇਗੀ। ਮੁਸ਼ਾਇਰਾ ਇੱਥੇ ਹਰ ਸਾਲ ਪਹਿਲੀ ਜਨਵਰੀ ਨੂੰ ਹੁੰਦਾ ਹੈ। ਅਸ਼ਕ ਦੱਸਦਾ ਹੈ ਕਿ ਉਹ ਬੜੀ ਦੂਰ-ਦੂਰ ਮੁਸ਼ਾਇਰਿਆਂ ‘ਤੇ ਜਾਂਦਾ ਹੈ, ਪਰ ਪਰਵੇਜ਼ ਕਹਿੰਦਾ ਹੈ ਕਿ ਉਹ ਬਹੁਤਾ ਬਾਹਰ ਨਹੀਂ ਜਾਂਦਾ ਹੈ ਕਿਉਂਕਿ ਉਸ ਦੀ ਸਿਹਤ ਬਹੁਤੀ ਇਜਾਜ਼ਤ ਨਹੀਂ ਦਿੰਦੀ। ਫਿਰ ਉਹ ਗੱਲਾਂ ਕਰਦੇ ਹਨ ਕਿ ਹੁਣ ਉਰਦੂ ਵਰਗੀ ਸ਼ਾਹੀ ਜ਼ਬਾਨ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਉਸ ਜ਼ਮਾਨੇ ਹੁਣ ਮੁੜ ਕੇ ਆਉਣ ਦੀ ਆਸ ਨਹੀਂ। ਪਰਵੇਜ਼ ਕਹਿੰਦਾ ਹੈ ਕਿ ਉਨ੍ਹਾਂ ਨੂੰ ਮਜ਼ਦੂਰਾਂ ਕਿਸਾਨਾਂ ਬਾਰੇ ਵੀ ਕਵਿਤਾਵਾਂ ਲਿਖਣੀਆਂ ਚਾਹੀਦੀਆਂ ਹਨ। ਪਰ ਅਸ਼ਕ ਕਹਿੰਦਾ ਹੈ ਕਿ ਉਹ ਅੱਜ ਰਾਤ ਨੂੰ ਇਸ ਰਿਕਸ਼ੇ ਵਾਲੇ ਉੱਪਰ ਕਵਿਤਾ ਲਿਖੇਗਾ, ਜਿਹੜਾ ਕਿ ਐਨੀ ਠੰਢ ਵਿਚ ਰਿਕਸ਼ਾ ਚਲਾ ਰਿਹਾ ਹੈ। ਪਰਵੇਜ਼ ਕਹਿੰਦਾ ਹੈ ਕਿ ਜੇਕਰ ਇਹ ਮਿਹਨਤੀ ਲੋਕ ਨਾ ਹੋਣ, ਤਾਂ ਜ਼ਿੰਦਗੀ ਦੇ ਕੰਮ ਹੀ ਰੁਕ ਜਾਣ। ਫਿਰ ਉਹ ਆਪਣੇ ਸਰਪ੍ਰਸਤ ਕੰਵਰ ਸਾਹਿਬ ਦੇ ਪਿਆਰ ਤੇ ਪ੍ਰਾਹੁਣਚਾਰੀ ਦੀ ਪ੍ਰਸੰਸਾ ਕਰਦੇ ਹਨ। ਬੰਤੇ ਨੂੰ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਦੀ ਕੋਈ ਸਮਝ ਨਹੀਂ ਸੀ ਆ ਰਹੀ। ਅਸ਼ਕ ਬੰਤੇ ਨੂੰ ਕਹਿੰਦਾ ਹੈ, “ਰਿਕਸ਼ੇ ਵਾਲੇ ਤੂੰ ਬਿਲਕੁਲ ਫਿਕਰ ਨਾ ਕਰ, ਮੈਂ ਤੇਰੇ ਬਾਰੇ ਅੱਜ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਜ਼ੋਰਦਾਰ ਕਵਿਤਾ ਲਿਖਾਂਗਾ।” ਬੰਤਾ ਪੁੱਛਦਾ ਹੈ ਕਿ “ਉਸ ਨੂੰ ਕੀ ਫ਼ਾਇਦਾ ਹੋਵੇਗਾ?” ਸ਼ਾਇਰ ਉਸ ਨੂੰ ਉੱਤਰ ਦਿੰਦਾ ਹੈ ਕਿ ਹਰ ਇਕ ਚੀਜ਼ ਦਾ ਫ਼ਾਇਦਾ ਨਹੀ ਹੁੰਦਾ, ਸਗੋਂ ਕੁੱਝ ਚੀਜ਼ਾਂ ਮਨ ਨੂੰ ਖੁਸ਼ ਕਰਨ ਲਈ ਹੀ ਹੁੰਦੀਆਂ ਹਨ। ਬੰਤਾ ਕਹਿੰਦਾ ਹੈ ਕਿ ਭੁੱਖੇ ਢਿੱਡ ਮਨ-ਪਰਚਾਵਾ ਕਿਸ ਕੰਮ ਦਾ? ਸ਼ਾਇਰ ਉੱਤਰ ਦਿੰਦਾ ਹੈ ਕਿ ਉਸ ਨੂੰ ਢਿੱਡ ਦੀ ਗੱਲ ਛੱਡ ਕੇ ਮਨ ਦੀ ਗੱਲ ਕਰਨੀ ਚਾਹੀਦੀ ਹੈ। ਉਹ ਜਦੋਂ ਦੁਖੀ ਹੁੰਦੇ ਹਨ, ਤਾਂ ਉਹ ਬਹੁਤ ਵਧੀਆ ਕਵਿਤਾ ਲਿਖ ਲੈਂਦੇ ਹਨ ਤੇ ਇਸ ਪ੍ਰਕਾਰ ਉਨ੍ਹਾਂ ਦੇ ਢਿੱਡ ਦੀ ਭੁੱਖ ਮਿਟਦੀ ਨਹੀਂ, ਪਰ ਟਲ ਜ਼ਰੂਰ ਜਾਂਦੀ ਹੈ। ਬੰਤੇ ਨੂੰ ਇਸ ਗੱਲ ਦੀ ਕੋਈ ਸਮਝ ਨਾ ਆਈ। ਰਣਜੀਤ ਸਿੰਘ ਹਾਲ ਪਹੁੰਚਣ ‘ਤੇ ਉਹ ਉੱਤਰ ਜਾਂਦੇ ਹਨ।
ਪ੍ਰਸ਼ਨ 47. ਬੰਤੇ ਦੇ ਰਿਕਸ਼ੇ ਵਿਚ ਛਾਉਣੀ ਜਾਣ ਵਾਲੇ ਪਤੀ-ਪਤਨੀ ਆਪਸ ਵਿਚ ਕੀ ਗੱਲਾਂ ਕਰਦੇ ਹਨ?
ਉੱਤਰ : ਰਿਕਸ਼ੇ ਵਿਚ ਬੈਠੀ ਤੀਵੀਂ ਆਪਣੇ ਪਤੀ ਨੂੰ ਦੱਸਦੀ ਹੈ ਕਿ ਜਦੋਂ ਉਹ (ਪਤੀ ਦਾ ਬਾਸ ) ਉਸ ਨਾਲ ਡਾਂਸ ਕਰਦਾ ਹੈ, ਤਾਂ ਉਸ ਦਾ ਹਾਸਾ ਬੰਦ ਨਹੀਂ ਹੁੰਦਾ, ਪਰ ਪਤੀ ਉਸ ਨੂੰ ਕਹਿੰਦਾ ਹੈ ਕਿ ਉਹ ਹੱਸਿਆ ਨਾ ਕਰੇ, ਕਿਉਂਕਿ ਉਹ ਉਸ ਦਾ ਬਾਸ ਹੈ, ਕਿਧਰੇ ਉਹ ਬੁਰਾ ਹੀ ਨਾ ਮਨਾ ਲਵੇ। ਉਹ ਚਾਹੁੰਦਾ ਹੈ ਕਿ ਅਗਲੀ ਪਰਮੋਸ਼ਨ ਹੋਣ ਤਕ ਉਸ ਨੂੰ ਖ਼ੁਸ਼ ਰੱਖਿਆ ਜਾਵੇ। ਫਿਰ ਉਹ ਪਤੀ ਨੂੰ ਕਹਿੰਦੀ ਹੈ ਕਿ ਉਹ ਅੱਜ ਬਹੁਤੀ ਸ਼ਰਾਬ ਨਾ ਪੀਵੇ। ਉਹ ਕਹਿੰਦਾ ਹੈ ਕਿ ਸਕੂਟਰ ਨਾ ਹੋਣ ਕਰਕੇ ਉਹ ਅੱਜ ਘਰ ਨਹੀਂ ਪਰਤ ਸਕਣਗੇ। ਉਹ ਹੋਰ ਕਹਿੰਦਾ ਹੈ ਕਿ ਉਹ ਬਹੁਤਾ ਰੋਸ਼ਾ ਸਾਹਿਬ ਨਾਲ ਹੀ ਡਾਂਸ ਕਰੇ ਤੇ ਉਹ ਮਿਸਿਜ਼ ਨਾਥ ਨੂੰ ਉਸ ਦਾ ਪਾਰਟਨਰ ਨਾ ਬਣਨ ਦੇਵੇ, ਕਿਉਂਕਿ ਜੇਕਰ ਉਹ ਉਸ ਨਾਲ ਖ਼ੁਸ਼ ਹੋ ਗਿਆ, ਤਾਂ ਉਸ ਦੀ ਪਰਮੋਸ਼ਨ ਨਹੀਂ ਹੋਵੇਗੀ। ਪਤਨੀ ਕਹਿੰਦੀ ਹੈ, “ਨਾ ਹੋਵੇ ਪਰਮੋਸ਼ਨ, ਮੇਰਾ ਤਾਂ ਹਾਸਾ ਈ ਨਹੀਂ ਰੁਕਦਾ। ਬੱਸ ਉਸ ਦਾ ਹੱਥ ਮੇਰੀ ਪਿੱਠ ਨਾਲ ਛੂਹਿਆ ਨਹੀਂ ਤੇ ਮੇਰਾ ਹਾਸਾ ਨਿਕਲਿਆ ਨਹੀਂ।” ਉਸ ਦਾ ਪਤੀ ਉਸ ਦੀ ਇਸ ਗੱਲ ‘ਤੇ ਨਰਾਜ਼ ਹੁੰਦਾ ਹੈ। ਪਰ ਪਤਨੀ ਉਸ ਨੂੰ ਬੇਫ਼ਿਕਰ ਹੋਣ ਲਈ ਕਹਿੰਦੀ ਹੈ। ਫਿਰ ਪਤਨੀ ਉਸ ਨੂੰ ਤਾਅਨਾ ਦਿੰਦੀ ਹੈ ਕਿ ਉਸ ਨੇ ਉਸ ਨੂੰ ਨਿਊ ਯੀਅਰ ਉੱਤੇ ਹੀਰਿਆਂ ਦਾ ਹਾਰ ਨਹੀਂ ਲੈ ਕੇ ਦਿੱਤਾ। ਪਤੀ ਕਹਿੰਦਾ ਹੈ ਕਿ ਉਸ ਦਾ ਵਾਅਦਾ ਪੱਕਾ ਹੈ।
ਉਨ੍ਹਾਂ ਦੀਆਂ ਗੱਲਾਂ ਸੁਣ ਕੇ ਬੰਤੇ ਦਾ ਮਨ ਬਹੁਤ ਦੁਖੀ ਹੋਇਆ। ਉਸ ਦਾ ਦਿਲ ਕੀਤਾ ਕਿ ਜ਼ੋਰ ਦੀਆਂ ਬ੍ਰੇਕਾਂ ਲਾ ਕੇ ਦੋਵਾਂ ਨੂੰ ਹੇਠਾਂ ਸੁੱਟ ਦੇਵੇ। ਪਰ ਅਗਲਾ ਮੋੜ ਮੁੜ ਕੇ ਤੀਜੀ ਕੋਠੀ ਅੱਗੇ ਉਨ੍ਹਾਂ ਨੇ ਰਿਕਸ਼ਾ ਰੁਕਵਾ ਲਿਆ। ਉਨ੍ਹਾਂ ਨੇ ਬੰਤੇ ਨੂੰ ਪੈਸੇ ਦਿੱਤੇ ਤੇ ਕੋਠੀ ਦੇ ਅੰਦਰ ਚਲੇ ਗਏ।
ਪ੍ਰਸ਼ਨ 48. ਬੰਤੇ ਨੂੰ ਆਪਣੀ ਕਾਰ ਨਾਲ ਟੱਕਰ ਦੀ ਜਿਹੜੀ ਘਟਨਾ ਯਾਦ ਆਉਂਦੀ ਹੈ, ਉਸ ਬਾਰੇ ਸੰਖੇਪ ਵਿਚ ਲਿਖੋ।
ਉੱਤਰ : ਬੰਤੇ ਨੂੰ ਯਾਦ ਆਉਂਦਾ ਹੈ ਕਿ ਇਕ ਵਾਰ ਉਸ ਦੀ ਕਾਰ ਨਾਲ ਟੱਕਰ ਹੋ ਗਈ ਸੀ ਤੇ ਉਹ ਕਿੰਨਾ ਚਿਰ ਸੜਕ ਉੱਤੇ ਹੀ ਬੇਹੋਸ਼ ਪਿਆ ਰਿਹਾ ਸੀ। ਫਿਰ ਕੋਈ ਉਸ ਨੂੰ ਚੁੱਕ ਕੇ ਹਸਪਤਾਲ ਛੱਡ ਆਇਆ ਸੀ, ਜਿੱਥੇ ਉਸ ਨੂੰ ਤੜਕਸਾਰ ਹੋਸ਼ ਆਈ ਸੀ। ਘਰ ਕਿਸੇ ਨੂੰ ਪਤਾ ਹੀ ਨਹੀਂ ਸੀ। ਉਸ ਦੀ ਪਤਨੀ ਸਾਰੀ ਰਾਤ ਜਾਗ ਕੇ ਉਸ ਦੀ ਉਡੀਕ ਕਰਦੀ ਰਹੀ ਤੇ ਬੱਚੇ ਵੀ ਰੋਂਦੇ ਰਹੇ। ਦੂਜੇ ਦਿਨ ਸ਼ਾਮ ਨੂੰ ਉਸ ਨੂੰ ਪਤਾ ਲੱਗਾ ਤੇ ਉਹ ਕੁੱਛੜ ਵਾਲੀ ਬੱਚੀ ਨੂੰ ਚੁੱਕ ਕੇ ਰੋਂਦੀ ਹੋਈ ਆ ਗਈ। ਬੰਤੇ ਨੂੰ ਗੁੱਝੀਆਂ ਸੱਟਾਂ ਲੱਗੀਆਂ ਸਨ ਤੇ ਸਿਰ ਪਰਨੇ ਡਿਗਣ ਕਰਕੇ ਉਹ ਬੇਹੋਸ਼ ਹੋ ਗਿਆ ਸੀ। ਉਦੋਂ ਦਾ ਤਾਰੋ ਦਾ ਦਿਲ ਬਹੁਤ ਛੋਟਾ ਹੋ ਗਿਆ ਸੀ। ਬਹੁਤੀ ਦੇਰ ਹੋ ਜਾਵੇ, ਤਾਂ ਉਸ ਦੀ ਪਤਨੀ ਘਬਰਾ ਜਾਂਦੀ ਸੀ ਤੇ ਰੋਣ ਲੱਗ ਪੈਂਦੀ ਸੀ। ਫਿਰ ਉਹ ਸੋਚਦਾ ਹੈ ਕਿ ਟੱਕਰਾਂ ਕਿਹੜੀਆਂ ਰੋਜ਼-ਰੋਜ਼ ਹੁੰਦੀਆਂ ਹਨ। ਇਹ ਤਾਂ ਚਾਨਸ ਦੀ ਗੱਲ ਹੈ।
ਪ੍ਰਸ਼ਨ 49. ਬੰਤੇ ਨੂੰ ਹਸਪਤਾਲ ਵਿਚ ਆਪਣੇ ਵਲੋਂ ਜ਼ਨਾਨੀ ਨੂੰ ਖੂਨ ਦੇਣ ਦੀ ਕਿਹੜੀ ਘਟਨਾ ਯਾਦ ਆਉਂਦੀ ਹੈ?
ਉੱਤਰ : ਬੰਤੇ ਨੂੰ ਹਸਪਤਾਲ ਦੀ ਉਹ ਘਟਨਾ ਯਾਦ ਆ ਗਈ। ਜਦੋਂ ਪੰਜ-ਸੱਤ ਬੰਦੇ ਤੇ ਦੋ-ਤਿੰਨ ਤੀਵੀਂਆਂ ਇਕ ਜਨਾਨੀ ਨੂੰ ਲਿਆਏ। ਉਸ ਜ਼ਨਾਨੀ ਦਾ ਵੱਡਾ ਅਪਰੇਸ਼ਨ ਹੋਣਾ ਸੀ। ਡਾਕਟਰ ਨੇ ਖੂਨ ਦੀ ਮੰਗ ਕੀਤੀ, ਪਰ ਬੰਦਿਆਂ ਵਿਚੋਂ ਕੋਈ ਵੀ ਖੂਨ ਦੇਣ ਲਈ ਤਿਆਰ ਨਾ ਹੋਇਆ। ਉਹ ਕਹਿ ਰਹੇ ਸਨ, ਪੈਸੇ ਜਿੰਨੇ ਮਰਜ਼ੀ ਲੈ ਲਵੋ, ਉਹ ਖੂਨ ਨਹੀਂ ਦੇ ਸਕਦੇ। ਡਾਕਟਰ ਨੇ ਨਾਂਹ ਕਰ ਦਿੱਤੀ ਤੇ ਖੂਨ ਮੰਗਿਆ। ਫਿਰ ਉਹ ਬਾਹਰ ਆਏ, ਉੱਥੇ ਦੋ ਤਿੰਨ ਰਿਕਸ਼ੇ ਵਾਲੇ ਖੜ੍ਹੇ ਸਨ। ਉਹ ਬੰਤੇ ਨੂੰ ਸੌ ਦਾ ਨੋਟ ਫੜਾਈ ਜਾਣ ਤੇ ਖੂਨ ਦੇਣ ਲਈ ਕਹਿਣ। ਬੰਤੇ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਉੱਤੇ ਤਰਸ ਖਾ ਕੇ ਖੂਨ ਦੇਣ ਲਈ ਤਿਆਰ ਹੋ ਗਿਆ। ਉਸ ਨੇ ਖੂਨ ਦਿੱਤਾ ਤੇ ਪਿੱਛੋਂ ਉਸ ਨੇ ਦੁੱਧ ਪੀਤਾ। ਉਸ ਨੇ ਸੋਚਿਆ ਕਿ ਹੁਣ ਸੋਚ ਕਿ ਉਹ ਦੋ ਦਿਨ ਕੰਮ ਨਹੀਂ ਕਰ ਸਕੇਗਾ। ਇਸ ਕਰਕੇ ਘਰ ਦਾ ਗੁਜ਼ਾਰਾ ਚਲਾਉਣ ਲਈ ਪੈਸੇ ਲੈ ਲੈਣੇ ਠੀਕ ਹੀ ਸਨ। ਉਹ ਸਾਰੇ ਜਣੇ ਅਪਰੇਸ਼ਨ ਵਾਲੇ ਕਮਰੇ ਦੇ ਬਾਹਰ ਖੜ੍ਹੇ ਸਨ ਤੇ ਇਕ ਨਰਸ ਨੇ ਉਨ੍ਹਾਂ ਨੂੰ ਮੁੰਡਾ ਹੋਣ ਦੀ ਵਧਾਈ ਦਿੱਤੀ। ਬੰਤੇ ਨੇ ਵੀ ਆਪਣੇ ਵਲੋਂ ਵਧਾਈ ਦਿੱਤੀ, ਪਰ ਉਨ੍ਹਾਂ ਉਸ ਨੂੰ ਦਿੱਤਾ ਕੁੱਝ ਨਾ। ਰਿਕਸ਼ੇ ਕੋਲ ਆ ਕੇ ਉਸ ਨੂੰ ਇਕ ਚੱਕਰ ਜਿਹਾ ਆਇਆ। ਕਈ ਸਵਾਰੀਆਂ ਨੇ ਉਸ ਨੂੰ ਜਾਣ ਲਈ ਪੁੱਛਿਆ, ਪਰ ਉਸ ਨੇ ਨਾਂਹ ਕਰ ਦਿੱਤੀ। ਅੰਤ ਉਹ ਘਰ ਪਰਤ ਆਇਆ ਤੇ ਘਰ ਆ ਕੇ ਉਸ ਨੇ ਰੋਟੀ ਖਾਧੀ ਤੇ ਚਾਹ ਪੀ ਕੇ ਸੌਂ ਗਿਆ। ਤਾਰੋ ਘਬਰਾਈ ਹੋਈ ਸੀ। ਉਹ ਇਹ ਸੁਣ ਕੇ ਰੋਣ ਲੱਗ ਪਈ ਕਿ ਉਸ ਨੇ ਖੂਨ ਦੇਣ ਬਦਲੇ ਕੁੱਝ ਨਹੀਂ ਲਿਆ।
ਪ੍ਰਸ਼ਨ 50. ਬੰਤੇ ਦੇ ਰਿਕਸ਼ੇ ਵਿਚ ਇਕ ਸ਼ਰਾਬੀ ਇੰਸਪੈਕਟਰ ਦੇ ਬੈਠਣ ਵਾਲੀ ਘਟਨਾ ਲਿਖੋ ।
ਉੱਤਰ : ਰਾਤ ਨੂੰ ਘਰ ਵਲ ਪਰਤਦਿਆਂ ਬੰਤੇ ਨੂੰ ਰਾਹ ਵਿਚ ਇਕ ਆਦਮੀ ਮਿਲਦਾ ਹੈ, ਜਿਸ ਨੇ ਸ਼ਰਾਬ ਦੀ ਬੋਤਲ ਹੱਥ ਵਿਚ ਫੜੀ ਹੋਈ ਸੀ। ਬੰਤਾ ਉਸ ਦੇ ਕੋਲੋਂ ਚੁੱਪ ਕਰਕੇ ਲੰਘ ਜਾਣਾ ਚਾਹੁੰਦਾ ਹੈ, ਪਰ ਉਹ ਆਦਮੀ ਉਸ ਨੂੰ ਅਵਾਜ਼ ਮਾਰ ਕੇ ਉਸ ਨੂੰ ਬੜੀ ਕੁਰੱਖ਼ਤੀ ਨਾਲ ਕਹਿਣ ਲੱਗਾ ਕਿ ਉਹ ਵੱਡਾ ਇੰਸਪੈਕਟਰ ਹੈ, ਇਸ ਕਰਕੇ ਉਹ ਉਸ ਨੂੰ ਬਾਹੋਂ ਫੜ ਕੇ ਰਿਕਸ਼ੇ ਵਿਚ ਬਿਠਾਵੇ। ਰਿਕਸ਼ੇ ਵਿਚ ਬੈਠ ਕੇ ਉਹ ਬੰਤੇ ਨੂੰ ਇਹ ਵੀ ਨਹੀਂ ਦੱਸਦਾ ਕਿ ਉਸ ਨੇ ਜਾਣਾ ਕਿੱਥੇ ਹੈ, ਸਗੋਂ ਉਸ ਨੂੰ ਕਹਿੰਦਾ ਹੈ ਕਿ ਸਿੱਧੀ ਤਰ੍ਹਾਂ ਰਿਕਸ਼ਾ ਚਲਾਈ ਜਾਵੇ। ਬੰਤਾ ਉਸ ਨਾਲ ਬਹੁਤ ਖਹਿਬੜਨਾ ਚੰਗਾ ਨਹੀਂ ਸਮਝਦਾ। ਰੇਲ ਦਾ ਪੁਲ ਆਉਣ ਤੇ ਬੰਤਾ ਉੱਤਰ ਕੇ ਰਿਕਸ਼ਾ ਰੇੜ੍ਹਨ ਲੱਗਾ ਤੇ ਉਸ ਦਾ ਸਵਾਰ ਕਦੇ-ਕਦੇ ਬੋਤਲ ਵਿਚੋਂ ਘੁੱਟ ਪੀ ਲੈਂਦਾ ਸੀ। ਸ਼ਰਾਬ ਉਸ ਦੇ ਕੱਪੜਿਆਂ ਤੇ ਡੁਲ੍ਹ ਰਹੀ ਸੀ ਤੇ ਉਸ ਦੀ ਪੱਗ ਢਿੱਲੀ ਹੋਈ ਸੀ।
ਪੁਲ ਉੱਤੇ ਪਹੁੰਚ ਕੇ ਬੰਤਾ ਰਿਕਸ਼ੇ ਉੱਪਰ ਚੜ੍ਹਨ ਹੀ ਲੱਗਾ ਸੀ ਕਿ ਸਵਾਰ ਕਹਿਣ ਲੱਗਾ ਕਿ, ਉਸ ਨੇ ਮਾਡਲ ਟਾਊਨ ਜਾਣਾ ਹੈ। ਬੰਤੇ ਨੂੰ ਗੁੱਸਾ ਤਾਂ ਬਹੁਤ ਆ ਰਿਹਾ ਸੀ, ਪਰ ਬੇਵੱਸ ਸੀ। ਫਿਰ ਉਸ ਨੇ ਬੰਤੇ ਨੂੰ ਕਿਹਾ ਕਿ ਉਹ ਰਿਕਸ਼ਾ ਰੋਕੇ, ਉਸ ਨੇ ਪਿਸ਼ਾਬ ਕਰਨਾ ਹੈ । ਉਹ ਬੰਤੇ ਨੂੰ ਕਹਿਣ ਲੱਗਾ ਕਿ ਉਹ ਉਸ ਨੂੰ ਫੜ ਕੇ ਪਿਸ਼ਾਬ ਕਰਵਾਏ। ਪਿਸ਼ਾਬ ਕਰਨ ਮਗਰੋਂ ਉਸ ਨੇ ਕਿੰਨੀ ਦੇਰ ਬਟਨ ਬੰਦ ਕਰਦਿਆਂ ਲਾ ਦਿੱਤੇ। ਫਿਰ ਉਹ ਬੰਤੇ ਨੂੰ ਬਟਨ ਬੰਦ ਕਰਨ ਲਈ ਕਹਿਣ ਲੱਗਾ। ਬੰਤੇ ਨੇ ਕਿਹਾ ਕਿ ਉਹ ਖੁੱਲ੍ਹੇ ਹੀ ਰਹਿਣ ਦੇਵੇ। ਫਿਰ ਉਹ ਰਿਕਸ਼ੇ ਵਿਚ ਬੈਠ ਕੇ ਉਸ ਨੂੰ ਦੱਸਦਾ ਹੈ ਕਿ ਉਸ ਨੂੰ ਕਾਰਖ਼ਾਨੇਦਾਰ ਨੇ ਧੋਖਾ ਦਿੱਤਾ ਹੈ, ਜਿਸ ਨੇ ਉਸ ਨੂੰ ਪੰਜ ਸੌ ਕਹਿ ਕੇ ਤਿੰਨ ਸੌ ਦਿੱਤਾ ਹੈ ਤੇ ਇਹ ਤਿੰਨ ਸੌ ਉਸ ਤੋਂ ਉਸ ਦਾ ਅਫ਼ਸਰ ਲੈ ਲਵੇਗਾ। ਬੰਤਾ ਪੁੱਛਦਾ ਹੈ ਕਿ ਉਸ ਨੇ ਕਿਹੜੀ ਗਲੀ ਮੁੜਨਾ ਹੈ? ਇੰਸਪੈਕਟਰ ਕਹਿੰਦਾ ਹੈ, “ਜਿਸ ਵਿਚ ਉਹ ਰਹਿੰਦੀ ਏ।” ਬੰਤਾ ਪੁੱਛਦਾ ਹੈ, ” ਉਹ ਕੌਣ?” ਇੰਸਪੈਕਟਰ ਕਹਿੰਦਾ ਹੈ, ਬਕਵਾਸ ਨਾ ਕਰ, ਚਲੀ ਚੱਲ ਅੱਗੇ……।”
ਬੰਤੇ ਨੂੰ ਬਹੁਤ ਗੁੱਸਾ ਆ ਰਿਹਾ ਸੀ, ਪਰ ਉਹ ਬੇਵੱਸ ਸੀ। ਉਹ ਹੌਂਸਲਾ ਕਰ ਕੇ ਉਸ ਨੂੰ ਕਹਿਣ ਲੱਗਾ ਕਿ ਉਹ ਉੱਤਰ ਜਾਵੇ, ਭਾਵੇਂ ਉਹ ਗਲੀ ਆਈ ਹੈ ਜਾਂ ਨਹੀਂ। ਇਹ ਸੁਣ ਕੇ ਇੰਸਪੈਕਟਰ ਬੜੀ ਨਰਮੀ ਨਾਲ ਪੇਸ਼ ਆਉਣ ਲੱਗਾ ਤੇ ਕਹਿਣ ਲੱਗਾ, “ਵੀਰ ਮੇਰਿਆ ਗੁੱਸਾ ਨਹੀਂ ਕਰੀਦਾ ਐਹ ਲੈ ਫੜ, ਤੂੰ ਵੀ ਪੀ ਘੁੱਟ।” ‘ਵੀਰ ਮੇਰਿਆ’ ਸ਼ਬਦ ਸੁਣ ਕੇ ਬੰਤੇ ਦਾ ਗੁੱਸਾ ਕੁੱਝ ਘੱਟ ਗਿਆ ਤੇ ਉਸ ਦੁਆਰਾ ਬਦੋ-ਬਦੀ ਮੂੰਹ ਨਾਲ ਬੋਤਲ ਲਾਉਣ ਤੇ ਬੰਤੇ ਨੇ ਕੁੱਝ ਸ਼ਰਾਬ ਪੀ ਲਈ। ਇੰਸਪੈਕਟਰ ਨੇ ਦੋ ਤਿੰਨ ਘੁੱਟ ਆਪ ਪੀ ਕੇ ਬੰਤੇ ਨੂੰ ਬੋਤਲ ਫੜਾ ਦਿੱਤੀ। ਬੰਤੇ ਨੇ ਕਿਹਾ ਕਿ ਉਹ ਆਪ ਹੀ ਪੀ ਲਵੇ, ਪਰ ਉਹ ਕਹਿਣ ਲੱਗਾ, ”ਮੈਂ ਨਹੀਂ ਪੀਣੀ ਹੋਰ, ਮੈਂ ਨਹੀਂ ਪੀਣੀ ਹੋਰ ਸਜਨਵਾ ਮੈਂ ਨਹੀਂ ਪੀਣੀ ਹੋਰ।” ਉਹ ਇਕ ਉੱਪਰ ਚੁੱਕ ਕੇ ਤੇ ਦੂਸਰਾ ਹੱਥ ਲੱਕ ਕੋਲ ਰੱਖ ਕੇ ਨੱਚਣ ਲੱਗ ਪਿਆ। ਇਸ ਪ੍ਰਕਾਰ ਉਹ ਨੱਚਦਾ ਹੋਇਆ ਰਿਕਸ਼ਾ ਤੋਂ ਥੋੜ੍ਹੀ ਜਿਹੀ ਦੂਰ ਚਲਾ ਗਿਆ ਤੇ ਬੰਤਾ ਰਿਕਸ਼ੇ ਦੀ ਸੀਟ ਉੱਪਰ ਬੈਠਾ ਹੱਸਣ ਲੱਗਾ। ਨਾਲ ਹੀ ਉਹ ਘੁੱਟ-ਘੁੱਟ ਕਰ ਕੇ ਸ਼ਰਾਬ ਪੀਂਦਾ ਰਿਹਾ। ਸ਼ਰਾਬ ਬੰਤੇ ਨੂੰ ਚੜ੍ਹਦੀ ਜਾ ਰਹੀ ਸੀ। ਆਖਰੀ ਘੁੱਟ ਪੀ ਕੇ ਉਸ ਨੇ ਬੋਤਲ ਵਗਾਹ ਕੇ ਪਰ੍ਹਾਂ ਮਾਰੀ। ਫਿਰ ਉਸ ਨੇ ਇੰਸਪੈਕਟਰ ਨੂੰ ਕਿਹਾ ”ਬੈਠੋ ਸਰਦਾਰ ਜੀ, ਚਲੀਏ ਹੁਣ। ਬੰਤੇ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਉਸ ਨੇ ਚਾਰ ਨੰਬਰ ਗਲੀ ਵਿਚ ਜਾਣਾ ਹੈ। ਉਸ ਗਲੀ ਵਿਚ ਬਹੁਤ ਹਨੇਰਾ ਸੀ।
ਚਲਦਿਆਂ-ਚਲਦਿਆਂ ਉਹ ਗਲੀ ਖ਼ਤਮ ਹੋ ਗਈ ਤੇ ਅੱਗੇ ਸੱਜੇ ਹੱਥ ਮੁੜਦੀ ਸੀ। ਮੋੜ ਮੁੜਦਿਆਂ ਹੀ ਉਹ ਰਿਕਸ਼ੇ ਵਿਚੋਂ ਉੱਤਰ ਕੇ ਸਾਹਮਣੇ ਘਰ ਵਿਚ ਜਾ ਵੜਿਆ। ਉਸ ਦੇ ਘੰਟੀ ਵਜਾਉਣ ਤੇ ਇਕ ਜ਼ਨਾਨੀ ਨੇ ਬੂਹਾ ਖੋਲ੍ਹਿਆ। ਇੰਸਪੈਕਟਰ ਅੰਦਰ ਚਲਾ ਗਿਆ ਤੇ ਜ਼ਨਾਨੀ ਨੇ ਬੂਹਾ ਬੰਦ ਕਰ ਲਿਆ। ਬੰਤਾ ਥੋੜ੍ਹੀ ਦੇਰ ਇਸ ਆਸ ਵਿਚ ਬਾਹਰ ਖੜ੍ਹਾ ਰਿਹਾ ਕਿ ਸ਼ਾਇਦ ਉਹ ਕਿਸੇ ਹੱਥ ਪੈਸੇ ਭੇਜੇਗਾ, ਪਰ ਫ਼ਿਰ ਅੰਦਰ ਵਾਲੀ ਬੱਤੀ ਵੀ ਬੰਦ ਹੋ ਗਈ। ਬੰਤੇ ਨੇ ਦੋ-ਤਿੰਨ ਵਾਰ ਦਰਵਾਜ਼ਾ ਖੜਕਾਇਆ ਤੇ ਅਵਾਜ਼ ਵੀ ਦਿੱਤੀ, ਪਰ ਅੰਦਰੋਂ ਕੋਈ ਨਾ ਕੁਸਕਿਆ। ਇੰਨੇ ਨੂੰ ਇਕ ਕੁੱਤਾ ਆ ਕੇ ਭੌਂਕਣ ਲੱਗ ਪਿਆ। ਬੰਤੇ ਨੇ ਉਸ ਦੇ ਜੁੱਤੀ ਲਾਹ ਕੇ ਮਾਰੀ ਤੇ ਪਿੱਛੇ ਹਟ ਗਿਆ । ਫਿਰ ਬੰਤੇ ਨੂੰ ਕਿੰਨੀ ਦੇਰ ਜੁੱਤੀ ਨਾ ਲੱਭੀ। ਅੰਤ ਜੁੱਤੀ ਲੱਭਣ ਤੇ ਉਹ ਰਿਕਸ਼ਾ ਲੈ ਕੇ ਚਲ ਪਿਆ।
ਪ੍ਰਸ਼ਨ 51. ਰਾਤ ਨੂੰ ਘਰ ਪਰਤ ਕੇ ਬੰਤਾ ਆਪਣੇ ਪੁੱਤਰ ਫੁੰਮਣ ਬਾਰੇ ਕੀ ਸੋਚਦਾ ਹੈ ਤੇ ਤਾਰੋ ਉਸ ਦੀਆਂ ਗੱਲਾਂ ਬਾਰੇ ਕੀ ਕਹਿੰਦੀ ਹੈ?
ਉੱਤਰ : ਫੁੰਮਣ ਨੇ ਜਦੋਂ ਸੌਣ ਲਈ ਅੱਖਾਂ ਬੰਦ ਕਰ ਲਈਆਂ ਤਾਂ ਬੰਤੇ ਨੂੰ ਉਸ ਦਾ ਮੂੰਹ ਬਹੁਤ ਭੋਲਾ ਲੱਗ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਕਿਤੇ ਫੁੰਮਣ ਨੂੰ ਰਿਕਸ਼ਾ ਨਾ ਚਲਾਉਣਾ ਪੈ ਜਾਵੇ। ਉਹ ਸੋਚਦਾ ਸੀ ਕਿ ਉਹ ਉਸ ਨੂੰ ਠੋਕਰਾਂ ਨਹੀਂ ਖਾਣ ਦੇਵੇਗਾ, ਸਗੋਂ ਉਹ ਵੱਡਾ ਹੋ ਕੇ ਕਿਸੇ ਚੰਗੇ ਕੰਮ ‘ਤੇ ਲੱਗੇਗਾ ਤੇ ਮੌਜਾਂ ਕਰੇਗਾ। ਨਵਾਂ ਸਾਲ ਚੜ੍ਹਨ ਉੱਤੇ ਉਹ ਖ਼ੁਸ਼ੀਆਂ ਮਨਾਇਆ ਕਰੇਗਾ। ਕਾਰਾਂ ਵਿੱਚ ਇਧਰ-ਉਧਰ ਜਾਇਆ ਕਰੇਗਾ। ਫਿਰ ਉਹ ਸੋਚਦਾ ਹੈ ਕਿ ਇਹ ਸਭ ਸ਼ੇਖ਼-ਚਿਲੀਆਂ ਵਾਲੀਆਂ ਗੱਲਾਂ ਹਨ। ਤਾਰੋ ਕਹਿਣ ਲੱਗੀ ਕਿ ਉਹ ਬਹੁਤੀ ਪੀ ਆਇਆ ਹੈ, ਇਸੇ ਕਰਕੇ ਬੇ-ਸਿਰ ਪੈਰ ਗੱਲਾਂ ਕਰਦਾ ਹੈ।
ਪ੍ਰਸ਼ਨ 52. ਰਾਤ ਨੂੰ ਜਦੋਂ ਤਾਰੋ ਦੂਜੇ ਪਾਸੇ ਨੂੰ ਮੂੰਹ ਕਰ ਕੇ ਲੰਮੀ ਪੈ ਜਾਂਦੀ ਹੈ, ਤਾਂ ਬੰਤਾ ਕੀ ਸੋਚਦਾ ਹੈ?
ਉੱਤਰ : ਇਸ ਸਮੇਂ ਬੰਤਾ ਤਾਰੋ ਦੀ ਸਿਹਤ ਦਾ ਫ਼ਿਕਰ ਕਰਦਾ ਹੈ। ਉਹ ਸੋਚਦਾ ਹੈ ਕਿ ਛੋਟੀ ਕੁੜੀ ਦੀਆਂ ਟੱਟੀਆਂ ਹੀ ਬੰਦ ਨਹੀਂ ਹੁੰਦੀਆਂ। ਅਸਲ ਵਿਚ ਤਾਰੋ ਕੰਮ ਕਰਨ ਚਲੀ ਜਾਂਦੀ ਹੈ ਤੇ ਉਹ ਪਿੱਛੋਂ ਖੇਹ ਸੁਆਹ ਖਾਂਦੀ ਰਹਿੰਦੀ ਹੈ। ਵੱਡੀ ਕੁੜੀ ਦੀਆਂ ਅੱਖਾਂ ਹੀ ਠੀਕ ਨਹੀਂ ਹੁੰਦੀਆਂ। ਅਸਲ ਵਿਚ ਤਾਰੋ ਦੀ ਆਪਣੀ ਸਿਹਤ ਠੀਕ ਹੋਵੇ, ਤਾਂ ਹੀ ਉਹ ਬੱਚਿਆਂ ਨੂੰ ਸੰਭਾਲੇ। ਉਹ ਉਸ ਦੇ ਆਖੇ ਲੱਗ ਕੇ ਮਾਸਟਰਾਂ ਦਾ ਕੰਮ ਵੀ ਨਹੀਂ ਛੱਡਦੀ। ਉਹ ਫਿਰ ਤਾਰੋ ਨੂੰ ਬੁਲਾਉਂਦਾ ਹੈ, ਪਰ ਤਾਰੋ ਉਸ ਨੂੰ ਸੌਂ ਜਾਣ ਲਈ ਕਹਿੰਦੀ ਹੈ। ਬੰਤਾ ਉਸ ਨੂੰ ਕਹਿੰਦਾ ਹੈ ਕਿ ਅੱਜ ਨਵਾਂ ਸਾਲ ਚੜ੍ਹਿਆ ਹੈ, ਸਾਰੇ ਲੋਕ ਖ਼ੁਸ਼ੀਆਂ ਮਨਾ ਰਹੇ ਹਨ, ਉਹ ਵੀ ਉਸ ਨਾਲ ਕੋਈ ਗੱਲ ਕਰੇ। ਤਾਰੋ ਕਹਿੰਦੀ ਹੈ ਕਿ ਉਨ੍ਹਾਂ ਨੇ ਨਵੇਂ ਸਾਲ ਤੋਂ ਕੀ ਲੈਣਾ ਹੈ? ਬੰਤਾ ਕਹਿੰਦਾ ਹੈ ਕਿ ਕੀ ਉਹ ਕਿਸੇ ਨਾਲੋਂ ਘੱਟ ਹਨ, ਸਾਡੇ ਕੋਲ ਹੱਥ ਪੈਰ ਸਭ ਕੁੱਝ ਹੈ। ਸਾਡਾ ਨਵਾਂ ਸਾਲ ਉੱਨਾ ਹੀ ਹੈ, ਜਿੰਨਾ ਕਿਸੇ ਹੋਰ ਦਾ। ਉਹ ਤਾਰੋ ਨੂੰ ਬੁਲਾਉਂਦਾ ਹੈ, ਪਰ ਉਹ ਸੁੱਤੀ ਹੁੰਦੀ ਹੈ। ਬੰਤਾ ਵੀ ਆਪਣੇ ਆਪ ਨੂੰ ਸੌਣ ਲਈ ਕਹਿੰਦਾ ਹੈ, ਕਿਉਂਕਿ ਉਸ ਨੇ ਸਵੇਰੇ ਛੇ ਵਜੇ ਕਾਲਕਾ ਮੇਲ ਦੇਖਣੀ ਹੈ।