ਅਣਡਿੱਠਾ ਪੈਰਾ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਉ।
ਬਹਿਲੋਲ ਲੋਧੀ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਸਿਕੰਦਰ ਲੋਧੀ 1489 ਈ. ਵਿੱਚ ਦਿੱਲੀ ਦੇ ਤਖ਼ਤ ਉੱਤੇ ਬੈਠਿਆ। ਉਸ ਨੇ 1517 ਈ. ਤਕ ਸ਼ਾਸਨ ਕੀਤਾ। ਮੁਸਲਿਮ ਇਤਿਹਾਸਕਾਰਾਂ ਦੀ ਨਜ਼ਰ ਵਿੱਚ ਉਹ ਇੱਕ ਬਹੁਤ ਹੀ ਨਿਆਂ-ਪਸੰਦ ਅਤੇ ਦਿਆਲੂ ਸੁਲਤਾਨ ਸੀ। ਪਰ ਉਸ ਦੀ ਨਿਆਂ-ਪ੍ਰਿਯਤਾ ਅਤੇ ਦਿਆਲਤਾ ਸਿਰਫ ਮੁਸਲਮਾਨਾਂ ਤਕ ਹੀ ਸੀਮਿਤ ਸੀ। ਉਹ ਫ਼ਿਰੋਜ਼ਸ਼ਾਹ ਤੁਗ਼ਲਕ ਅਤੇ ਔਰੰਗਜ਼ੇਬ ਵਾਂਗ ਇੱਕ ਕੱਟੜ ਮੁਸਲਮਾਨ ਸੀ। ਉਹ ਹਿੰਦੂਆਂ ਨੂੰ ਬੜੀ ਨਫ਼ਰਤ ਦੀ ਨਜ਼ਰ ਨਾਲ ਵੇਖਦਾ ਸੀ। ਉਸ ਨੇ ਹਿੰਦੂਆਂ ਪ੍ਰਤੀ ਬੜੀ ਕਠੋਰ ਅਤੇ ਜ਼ਾਲਮਾਨਾ ਨੀਤੀ ਅਪਣਾਈ। ਉਸ ਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰਾਂ ਨੂੰ ਤਹਿਸ-ਨਹਿਸ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਥਾਂ ਮਸਜਿਦਾਂ ਦੀ ਉਸਾਰੀ ਕਰਵਾਈ। ਉਸ ਨੇ ਹਿੰਦੂਆਂ ਨੂੰ ਜਮਨਾ ਵਿੱਚ ਇਸ਼ਨਾਨ ਕਰਨ ਦੀ ਮਨਾਹੀ ਕਰ ਦਿੱਤੀ। ਉਸ ਨੇ ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਬੋਧਨ ਨਾਂ ਦੇ ਇੱਕ ਬ੍ਰਾਹਮਣ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ।
ਪ੍ਰਸ਼ਨ 1. ਸਿਕੰਦਰ ਲੋਧੀ ਕੌਣ ਸੀ ?
ਪ੍ਰਸ਼ਨ 2. ਮੁਸਲਿਮ ਇਤਿਹਾਸਕਾਰ ਸਿਕੰਦਰ ਲੋਧੀ ਨੂੰ ਕਿਹੋ ਜਿਹਾ ਸੁਲਤਾਨ ਦੱਸਦੇ ਹਨ ?
ਪ੍ਰਸ਼ਨ 3. ਸਿਕੰਦਰ ਲੋਧੀ ਨੇ ਹਿੰਦੂਆਂ ਪ੍ਰਤੀ ਕਿਹੜੇ ਦੋ ਕਦਮ ਚੁੱਕੇ ?
ਪ੍ਰਸ਼ਨ 4. ਸਿਕੰਦਰ ਲੋਧੀ ਨੇ ਬੋਧਨ ਬ੍ਰਾਹਮਣ ਨੂੰ ਕਿਉਂ ਮੌਤ ਦੇ ਘਾਟ ਉਤਾਰ ਦਿੱਤਾ ਸੀ ?