ਅਣਡਿੱਠਾ ਪੈਰਾ
ਅਣਡਿੱਠਾ ਪੈਰਾ (Unseen Passage)
ਅਣਡਿੱਠਾ ਪੈਰਾ, ਉਹ ਪੈਰਾ ਹੁੰਦਾ ਹੈ ਜੋ ਨਿਰਧਾਰਤ ਸਿਲੇਬਸ ਦੀਆਂ ਪਾਠ-ਪੁਸਤਕਾਂ ਤੋਂ ਬਾਹਰ, ਕਿਤੇ ਵੀ, ਕਿਸੇ ਵੀ ਲੇਖਕ ਦੀ ਕਿਸੇ ਵੀ ਵਾਰਤਕ ਰਚਨਾ ਵਿੱਚੋਂ ਲਿਆ ਗਿਆ ਹੋਵੇ। ਇਹ ਪੈਰਾ ਕਿਸੇ ਵੀ ਵਿਸ਼ੇ ਨਾਲ ਸਬੰਧਤ ਹੋ ਸਕਦਾ ਹੈ। ਇਸ ਦੇ ਹੇਠਾਂ ਪੈਰੇ ਦੇ ਅਧਾਰ ‘ਤੇ ਹੀ ਕੁਝ ਪ੍ਰਸ਼ਨ ਪੁੱਛੇ ਜਾਂਦੇ ਹਨ, ਜਿਨ੍ਹਾਂ ਦਾ ਉੱਤਰ ਪੈਰੇ ਵਿੱਚ ਹੀ ਲਿਖਣਾ ਹੁੰਦਾ ਹੈ। ਇਮਤਿਹਾਨ ਵਿੱਚ ਪੈਰੇ ਦਾ ਢੁੱਕਵਾਂ ਸਿਰਲੇਖ ਵੀ ਪੁੱਛਿਆ ਜਾ ਸਕਦਾ ਹੈ ਅਤੇ ਕੁਝ ਸ਼ਬਦਾਂ ਦੇ ਅਰਥ, ਵਾਕ ਜਾਂ ਵਿਆਕਰਨ ਦੀ ਕੋਈ ਵੀ ਜਾਣਕਾਰੀ ਪੁੱਛੀ ਜਾ ਸਕਦੀ ਹੈ। ਇਸ ਪ੍ਰਸ਼ਨ ਦੇ ਅਭਿਆਸ ਨਾਲ ਕਿਸੇ ਰਚਨਾ ਨੂੰ ਗ੍ਰਹਿਣ ਕਰਨ ਤੇ ਫਿਰ ਉਸ ਬਾਰੇ ਪੁੱਛੇ ਪ੍ਰਸ਼ਨਾਂ ਨੂੰ ਆਪਣੇ ਸ਼ਬਦਾਂ ਵਿੱਚ ਪੇਸ਼ ਕਰਨ ‘ਚ ਮੁਹਾਰਤ ਪ੍ਰਾਪਤ ਹੁੰਦੀ ਹੈ।
ਅਣਡਿੱਠੇ ਪੈਰੇ ਨੂੰ ਹੱਲ ਕਰਨ ਲਈ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ :
1. ਸਭ ਤੋਂ ਪਹਿਲਾਂ ਪੈਰੇ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ।
2. ਪੈਰੇ ਦੇ ਹੇਠਾਂ ਦਿੱਤੇ ਗਏ ਪ੍ਰਸ਼ਨਾਂ ਨੂੰ ਵੀ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ।
3. ਫਿਰ ਦੁਬਾਰਾ ਤੋਂ ਪੈਰਾ ਪੜ੍ਹਦੇ ਹੋਏ ਉਨ੍ਹਾਂ ਵਾਕਾਂ ਦੇ ਹੇਠਾਂ ਲਕੀਰਾਂ ਲਾ ਲਓ, ਜਿੱਥੇ ਪ੍ਰਸ਼ਨਾਂ ਦੇ ਉੱਤਰ ਸੰਭਾਵਤ ਜਾਪਣ।
4. ਕਈ ਵਾਰ ਕਿਸੇ ਪ੍ਰਸ਼ਨ ਦਾ ਉੱਤਰ ਸਾਰਾ ਪੈਰਾ ਪੜ੍ਹ ਕੇ ਹੀ ਮਿਲਦਾ ਹੈ। ਇਸ ਲਈ ਅਜਿਹੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਖ਼ਾਸ ਖ਼ਿਆਲ ਰੱਖਿਆ ਜਾਵੇ।
5. ਪ੍ਰਸ਼ਨਾਂ ਦੇ ਉੱਤਰ ਪੈਰੇ ਅਨੁਸਾਰ ਹੀ ਹੋਣੇ ਚਾਹੀਦੇ ਹਨ ਭਾਵ ਆਪਣੇ ਵੱਲੋਂ ਕੋਈ ਟੀਕਾ-ਟਿੱਪਣੀ ਨਹੀਂ ਕਰਨੀ ਚਾਹੀਦੀ।
6. ਪ੍ਰਸ਼ਨਾਂ ਦੇ ਉੱਤਰ ਲਿਖਦੇ ਸਮੇਂ ਬੇਲੋੜੇ ਵਿਸਥਾਰ ਤੋਂ ਬਚਣਾ ਚਾਹੀਦਾ ਹੈ।
7. ਸਿਰਲੇਖ ਦੀ ਚੋਣ ਵੇਲੇ ਪੈਰੇ ਦੇ ਵਿਸ਼ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ।