ਅਣਡਿੱਠਾ ਪੈਰਾ – ਬਾਲਕ ਸਿਧਾਰਥ
ਬਾਲਕ ਸਿਧਾਰਥ ਅਤੇ ਉਸ ਦੇ ਪਿਤਾ
ਬਾਲਕ ਸਿਧਾਰਥ ਬਚਪਨ ਤੋਂ ਹੀ ਬੜੇ ਹੋਣਹਾਰ, ਚਿੰਤਾਸ਼ੀਲ ਅਤੇ ਏਕਾਂਤ ਪ੍ਰੇਮੀ ਸਨ। ਰਾਜੇ ਨੂੰ ਪੁੱਤਰ ਦੀ ਅਜਿਹੀ ਬਿਰਤੀ ਵੇਖ ਕੇ ਚਿੰਤਾ ਹੋਈ। ਉਨ੍ਹਾਂ ਨੇ ਮੰਤਰੀਆਂ ਦੀ ਸਲਾਹ ਨਾਲ ਪੁੱਤਰ ਦਾ ਵਿਆਹ ਰਾਜ ਕੁਮਾਰੀ ਯਸ਼ੋਧਰਾ ਨਾਲ਼ ਕਰ ਦਿੱਤਾ ਤੇ ਉਨ੍ਹਾਂ ਦੇ ਸੁੱਖ – ਅਰਾਮ ਲਈ ਤਿੰਨ ਰਿਤੂਆਂ, ਗਰਮੀ, ਬਰਸਾਤ ਤੇ ਸਰਦੀ ਦੀਆਂ ਅਲੱਗ – ਅਲੱਗ ਲੋੜ ਵਾਲੇ ਤਿੰਨ ਵੱਖ – ਵੱਖ ਮਹਿਲ ਬਣਵਾ ਦਿੱਤੇ ਤੇ ਮਨ ਪਰਚਾਵੇ ਦੇ ਵੀ ਸਾਰੇ ਸਾਧਨ ਇਕੱਠੇ ਕਰ ਦਿੱਤੇ, ਪਰ ਸਿਧਾਰਥ ਨੂੰ ਕੋਈ ਨਾ ਕੋਈ ਸੋਚ ਲੱਗੀ ਹੀ ਰਹਿੰਦੀ। ਉਨ੍ਹਾਂ ਦੇ ਪਿਤਾ, ਪਤਨੀ ਸਭ ਉਨ੍ਹਾਂ ਨੂੰ ਉਦਾਸੀ ਤੇ ਚਿੰਤਾ ਦਾ ਕਾਰਨ ਪੁੱਛਦੇ, ਪਰ
ਉਹ ਉੱਤਰ ਵਿੱਚ ਕੇਵਲ ਮੁਸਕਰਾ ਦਿੰਦੇ ਸਨ। ਇੱਕ ਦਿਨ ਸਿਧਾਰਥ ਆਪਣੇ ਪਿਤਾ ਦੀ ਆਗਿਆ ਨਾਲ਼ ਸ਼ਹਿਰ ਦੀ ਸੈਰ ਲਈ ਮਹਿਲ ਤੋਂ ਬਾਹਰ ਗਿਆ। ਰਾਜਾ ਆਪਣੇ ਪੁੱਤਰ ਦੇ ਚੁੱਪ – ਗੜੱਪ ਸੁਭਾਅ ਬਾਰੇ ਅੱਗੇ ਹੀ ਫ਼ਿਕਰਮੰਦ ਸੀ। ਉਸਨੇ ਰਥਵਾਨ ਨੂੰ ਸਮਝਾ ਦਿੱਤਾ ਕਿ ਰੱਬ ਨੂੰ ਅਜਿਹੇ ਰਸਤੇ ਲੈ ਜਾਈਂ ਜਿੱਥੇ ਦੁੱਖ ਦੇਣ ਵਾਲਾ ਕੋਈ ਨਜ਼ਾਰਾ ਸਿਧਾਰਥ ਦੀਆਂ ਅੱਖਾਂ ਸਾਹਵੇਂ ਨਾ ਆਵੇ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਬਚਪਨ ਤੋਂ ਸਿਧਾਰਥ ਦਾ ਸੁਭਾਅ ਕਿਹੋ ਜਿਹਾ ਸੀ?
ਪ੍ਰਸ਼ਨ 2 . ਉਸ ਦੇ ਪਿਤਾ ਨੇ ਉਸ ਲਈ ਕੀ ਕੀਤਾ?
ਪ੍ਰਸ਼ਨ 3 . ਰਾਜੇ ਨੇ ਰਥਵਾਨ ਨੂੰ ਕੀ ਸਮਝਾਇਆ?
ਪ੍ਰਸ਼ਨ 4 . ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸੋ।
ਚਿੰਤਾਸ਼ੀਲ, ਰਿਤੂਆਂ, ਰਥਵਾਨ, ਸਾਹਵੇਂ।
ਪ੍ਰਸ਼ਨ 5 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
ਔਖੇ ਸ਼ਬਦਾਂ ਦੇ ਅਰਥ
ਚਿੰਤਾਸ਼ੀਲ = ਡੂੰਘੀ ਸੋਚ ਵਾਲਾ
ਰਿਤੂਆਂ = ਮੌਸਮਾਂ
ਰਥਵਾਨ = ਰੱਥ ਚਲਾਉਣ ਵਾਲਾ
ਸਾਹਵੇਂ = ਸਾਹਮਣੇ