ਅਣਡਿੱਠਾ ਪੈਰਾ


ਹੇਠ ਲਿਖੇ ਪੈਰ੍ਹੇ ਨੂੰ ਪੜ੍ਹੋ ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :


ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ। ਉਨ੍ਹਾਂ ਨੇ ਧਰਮ ਅਤੇ ਕੌਮ ਦੀ ਖ਼ਾਤਰ ਆਪਣਾ ਸਰਬੰਸ ਵਾਰ ਦਿੱਤਾ। ਉਨ੍ਹਾਂ ਨੂੰ ਲੋਕ ਬਾਜਾਂ ਵਾਲਾ, ਸੰਤ ਸਿਪਾਹੀ, ਦਸਮ ਪਿਤਾ, ਕਲਗੀਆਂ ਵਾਲਾ ਆਦਿ ਨਾਵਾਂ ਨਾਲ ਵੀ ਯਾਦ ਕਰਦੇ ਹਨ। ਆਪ ਦੇ ਪਿਤਾ ਦਾ ਨਾਂ ਗੁਰੂ ਤੇਗ਼ ਬਹਾਦਰ ਜੀ ਅਤੇ ਮਾਤਾ ਦਾ ਨਾਂ ਗੁਜਰੀ ਸੀ। ਆਪ ਦੇ ਚਾਰ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਸਨ। ਨੌਂ ਸਾਲ ਦੀ ਉਮਰ ‘ਚ ਆਪ ਗੁਰਗੱਦੀ ਤੇ ਬੈਠੇ। ਆਪ ਨੇ 13 ਅਪ੍ਰੈਲ, 1699 ਨੂੰ ਵਿਸਾਖੀ ਵਾਲੇ ਦਿਨ ਖਾਲਸਾ-ਪੰਥ ਦੀ ਸਾਜਨਾ ਕੀਤੀ। ਆਪ ਨੇ ਆਪਣੀ ਜ਼ਿੰਦਗੀ ਵਿੱਚ ਕਈ ਲੜਾਈਆਂ ਲੜੀਆਂ ਤੇ ਜਿੱਤਾਂ ਪ੍ਰਾਪਤ ਕੀਤੀਆਂ। ਚਮਕੌਰ ਦੀ ਲੜਾਈ ਵਿੱਚ ਆਪ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ। 1708 ਈ. ਨੂੰ ਆਪ ਜੋਤੀ ਜੋਤ ਸਮਾ ਗਏ।


ਪ੍ਰਸ਼ਨ 1. ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੇ-ਕਿਹੜੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ?

ਪ੍ਰਸ਼ਨ 2. ਗੁਰੂ ਜੀ ਦੇ ਸਾਹਿਬਜ਼ਾਦਿਆਂ ਦੇ ਨਾਂ ਲਿਖੋ।

ਪ੍ਰਸ਼ਨ 3. ਆਪ ਦੇ ਸਾਹਿਬਜ਼ਾਦੇ ਕਿਵੇਂ ਸ਼ਹੀਦ ਹੋਏ?