ਅਣਡਿੱਠਾ ਪੈਰਾ


ਹੇਠ ਲਿਖੇ ਅਣਡਿੱਠੇ ਪੈਰ੍ਹੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :


ਮਨੁੱਖੀ ਜੀਵਨ ਵਿੱਚ ਰੰਗਾਂ ਅਤੇ ਚਿੱਤਰਕਾਰੀ ਦਾ ਵਿਸ਼ੇਸ਼ ਮਹੱਤਵ ਹੈ। ਚਿੱਤਰਕਾਰੀ ਕਈ ਤਰ੍ਹਾਂ ਦੀ ਹੁੰਦੀ ਹੈ। ਭਾਵ ਇਸ ਦੇ ਕਈ ਰੂਪ ਹੁੰਦੇ ਹਨ। ਪਹਾੜੀ ਚਿੱਤਰਕਾਰੀ ਦੇ ਵੀ ਕਈ ਰੂਪ ਹਨ ; ਇੱਕ ਕਾਗਜ਼ਾਂ ਉੱਤੇ ਬਣੇ ਸਿੱਧੇ ਚਿੱਤਰ ਹਨ ; ਦੂਜੇ ਕੰਧਾਂ ਉੱਤੇ ਬਣੇ ਚਿੱਤਰ ਹਨ ; ਤੀਜੇ ਹੱਥ-ਲਿਖਤਾਂ ਦੇ ਪੰਨਿਆਂ ਉੱਤੇ ਬਣੇ ਚਿੱਤਰ ਹਨ। ਚਿੱਤਰਕਾਰੀ ਵਿੱਚ ਹਿਮਾਚਲ ਦੀ ਪਹਾੜੀ ਕਲਮ ਨੂੰ ਸੰਸਾਰ ਵਿੱਚ ਬੜੀ ਪ੍ਰਸਿੱਧੀ ਮਿਲੀ ਹੈ। ਹਰੇਕ ਇਲਾਕੇ ਦੀ ਆਪੋ – ਆਪਣੀ ਨਵੇਕਲੀ ਸ਼ੈਲੀ ਹੈ ਅਤੇ ਇਲਾਕੇ ਦੇ ਸਾਰੇ ਚਿੱਤਰ ਵੱਖਰੀ ਸਥਾਨਕ ਨੁਹਾਰ ਕਾਰਨ ‘ਕਲਮ’ ਦੇ ਨਾਂ ਨਾਲ ਪ੍ਰਸਿੱਧ ਹੋਏ ਹਨ। ਕਲਮ ਦੇ ਨਾਂ ਹੇਠ 35 ਦੇ ਲਗਭਗ ਸ਼ੈਲੀਆਂ ਹਨ, ਜਿਵੇਂ ਕਾਂਗੜਾ ਕਲਮ, ਬਸੌਲੀ ਕਲਮ, ਚੰਬਾ ਕਲਮ, ਨੂਰਪੁਰ ਕਲਮ, ਬਿਲਾਸਪੁਰ ਕਲਮ, ਮੰਡੀ ਕਲਮ ਆਦਿ।ਕਾਂਗੜੇ ਦੀ ਕਲਮ ਵਿੱਚ ਲਕੀਰਾਂ ਦੀ ਨਜ਼ਾਕਤ ਹੈ, ਨਿੱਕਾ-ਨਿੱਕਾ ਵਿਸਥਾਰ ਹੈ। ਔਰਤਾਂ ਦੇ ਚਿੱਤਰ ਖੂਬਸੂਰਤ ਹਨ। ਚੰਬੇ ਦੇ ਰੁਮਾਲ ਵੀ ਕਲਾ ਦਾ ਇੱਕ ਉੱਤਮ ਨਮੂਨਾ ਹਨ, ਪੰਜਾਬ ਦੀ ਫੁਲਕਾਰੀ ਵਾਂਗ ਚੰਬੇ ਦੀਆਂ ਤੀਵੀਆਂ ਰੁਮਾਲ ਕੱਢਦੀਆਂ ਹਨ। ਰੁਮਾਲ ਦੀ ਬੁਣਤੀ ਦੋ ਰੁਖ਼ੀ ਹੁੰਦੀ ਹੈ ਭਾਵ ਦੋਹਾਂ ਪਾਸਿਆਂ ਤੋਂ ਸਿੱਧੀ ਲੱਗਦੀ ਹੈ।


ਪ੍ਰਸ਼ਨ 1. ਚੰਬੇ ਦੀ ਕਿਹੜੀ ਖ਼ਾਸ ਕਲਾ ਪ੍ਰਸਿੱਧ ਹੈ?

ਪ੍ਰਸ਼ਨ 2. ਕਲਮ ਦੇ ਨਾਂ ਹੇਠ ਕਿੰਨੀਆਂ ਸ਼ੈਲੀਆਂ ਆਉਂਦੀਆਂ ਹਨ?

ਪ੍ਰਸ਼ਨ 3. ਸੰਸਾਰ ਵਿੱਚ ਕਿਹੜੀ ਚਿੱਤਰਕਾਰੀ ਬੜੀ ਪ੍ਰਸਿੱਧ ਹੈ?

ਪ੍ਰਸ਼ਨ 4. ਕਾਂਗੜੇ ਦੀ ਕਲਮ ਵਿੱਚ ਕੀ ਵਿਸ਼ੇਸ਼ਤਾ ਹੈ?

ਪ੍ਰਸ਼ਨ 5. ਪਹਾੜੀ ਚਿੱਤਰਕਾਰੀ ਦੇ ਕਿੰਨੇ ਰੂਪ ਹਨ?