ਅਣਡਿੱਠਾ ਪੈਰਾ


ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :


ਜਹਾਂਗੀਰ ਆਪਣੇ ਬਹੁਤ ਸਾਰੇ ਕੰਮਾਂ ਵਿੱਚ ਆਪਣੇ ਬਾਪ ਅਕਬਰ ਬਾਦਸ਼ਾਹ ਦੇ ਬਿਲਕੁਲ ਉਲਟ ਸੀ, ਪਰ ਧਾਰਮਿਕ ਵਿਚਾਰਾਂ ਵਿੱਚ ਤਾਂ ਦੋਹਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਸੀ। ਅਕਬਰ ਨੇ ਜਿੱਥੇ ਸਾਰੇ ਧਰਮਾਂ ਨੂੰ ਚੰਗਾ ਜਾਣਦੇ ਹੋਏ ਆਪਣੀ ਹਕੂਮਤ ਨੂੰ ਪੱਕਿਆਂ ਕਰਨ ਲਈ ਆਪਣੇ ਵਿਚਾਰ ਅਨੁਸਾਰ ਇੱਕ ਨਵੇਂ ਧਰਮ ਦੀ ਬੁਨਿਆਦ ਰੱਖ ਕੇ ਇਸਲਾਮੀ ਤੁਅੱਸਬ ਨੂੰ ਦੂਰ ਹਟਾ ਕੇ ਲੋਕਾਂ ਨੂੰ ਖੁਸ਼ ਕਰਨ ਦੀ ਪਾਲਿਸੀ ਅਖ਼ਤਿਆਰ ਕੀਤੀ ਸੀ, ਉੱਥੇ ਜਹਾਂਗੀਰ ਬਿਲਕੁਲ ਉਸ ਦੇ ਵਿਰੁੱਧ ਇਸਲਾਮੀ ਤੁਅੱਸਬ ਦਾ ਪੁਤਲਾ ਸੀ ਤੇ ਆਪਣੇ ਬਾਪ ਦੇ ਧਾਰਮਿਕ ਵਿਚਾਰਾਂ ਦੇ ਕਾਰਨ ਉਸ ਦਾ ਅੰਦਰੋਂ – ਅੰਦਰੀਂ ਸਖ਼ਤ ਵਿਰੋਧੀ ਸੀ। ਇਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਜਹਾਂਗੀਰ ਨੇ ਆਪਣੇ ਬਾਪ ਦੇ ਨਵੇਂ ਧਰਮ ਚਲਾਉਣ ਦੇ ਇਰਾਦੇ ਵਿੱਚ ਮਦਦ ਕਰਨ ਵਾਲੇ ਉਸ ਦੇ ਇੱਕ ਪੱਕੇ ਦੋਸਤ ਅਬੁੱਲ ਫ਼ਜ਼ਲ ਨੂੰ ਮਰਵਾ ਦਿੱਤਾ ਸੀ।


ਪ੍ਰਸ਼ਨ 1. ਜਹਾਂਗੀਰ ਅਤੇ ਅਕਬਰ ਦੇ ਧਾਰਮਿਕ ਵਿਚਾਰਾਂ ਵਿੱਚ ਕਿੰਨਾ ਕੁ ਅੰਤਰ ਸੀ?

ਪ੍ਰਸ਼ਨ 2. ਅਕਬਰ ਨੇ ਨਵੇਂ ਧਰਮ ਦੀ ਬੁਨਿਆਦ ਕਿਸ ਕਾਰਨ ਰੱਖੀ ਸੀ?

ਪ੍ਰਸ਼ਨ 3. ਅਬੁੱਲ ਫ਼ਜ਼ਲ ਨੂੰ ਜਹਾਂਗੀਰ ਨੇ ਕਿਉਂ ਮਰਵਾਇਆ ਸੀ?

ਪ੍ਰਸ਼ਨ 4. ਧਰਮ ਸੰਬੰਧੀ ਜਹਾਂਗੀਰ ਦੇ ਵਿਚਾਰ ਕਿਸ ਤਰ੍ਹਾਂ ਦੇ ਸਨ?

ਪ੍ਰਸ਼ਨ 5. ਪੈਰ੍ਹੇ ਦਾ ਢੁੱਕਵਾਂ ਸਿਰਲੇਖ ਲਿਖੋ।