ਅਣਡਿੱਠਾ ਪੈਰਾ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਦੋ ਮਿੱਤਰ ਅਤੇ ਰਿੱਛ
ਇੱਕ ਵਾਰ ਦੀ ਗੱਲ ਹੈ ਕਿ ਦੋ ਮਿੱਤਰ ਆਪਣੇ ਰਾਹ ਤੁਰੇ ਜਾ ਰਹੇ ਸਨ । ਉਹਨਾਂ ਨੇ ਰਾਮਪੁਰ ਪਿੰਡ ਵਿੱਚ ਜਾਣਾ ਸੀ। ਰਸਤੇ ਵਿੱਚ ਕੁੱਝ ਜੰਗਲੀ ਜਾਨਵਰਾਂ ਦਾ ਡਰ ਸੀ। ਆਪਣੀ ਰੱਖਿਆ ਲਈ ਇੱਕ ਦੇ ਕੋਲ ਕੁਹਾੜੀ ਤੇ ਦੂਜੇ ਕੋਲ ਤੀਰ-ਕਮਾਨ ਸੀ। ਦੋਵੇਂ ਬਹੁਤ ਹੁਸ਼ਿਆਰ ਸਨ। ਉਹ ਦੋਵੇਂ ਆਪਸ ਵਿੱਚ ਗੱਲਾਂ ਕਰਦੇ ਹੋਏ ਜਾ ਰਹੇ ਸਨ ਕਿ ਅਚਾਨਕ ਉਹਨਾਂ ਨੂੰ ਪਿੱਛੋਂ ਕੋਈ ਅਵਾਜ਼ ਸੁਣਾਈ ਦਿੱਤੀ। ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹਨਾਂ ਤੋਂ ਥੋੜ੍ਹੀ ਦੂਰੀ ਤੇ ਇੱਕ ਰਿੱਛ ਉਹਨਾਂ ਵੱਲ ਆ ਰਿਹਾ ਸੀ। ਉਹ ਦੋਵੇਂ ਬਚਣ ਲਈ ਬੜੀ ਤੇਜ਼ੀ ਨਾਲ ਦੌੜ ਕੇ ਦਰੱਖ਼ਤ ਉੱਪਰ ਚੜ੍ਹ ਗਏ। ਰਿੱਛ ਵੀ ਉਹਨਾਂ ਦੇ ਪਿੱਛੇ-ਪਿੱਛੇ ਦਰੱਖਤ ਉੱਪਰ ਚੜ੍ਹਨ ਲੱਗਾ।
ਪ੍ਰਸ਼ਨ 1. ਦੋਨਾਂ ਮਿੱਤਰਾਂ ਕੋਲ ਆਪਣੀ ਰੱਖਿਆ ਲਈ ਕਿਹੜੇ ਹਥਿਆਰ ਸਨ?
ਪ੍ਰਸ਼ਨ 2. ਦੋਹਾਂ ਨੇ ਥੋੜ੍ਹੀ ਦੂਰੀ ਤੇ ਕਿਸ ਨੂੰ ਆਉਂਦੇ ਦੇਖਿਆ?
ਪ੍ਰਸ਼ਨ 3. ਦੋਨਾਂ ਮਿੱਤਰਾਂ ਨੇ ਕਿਹੜੇ ਪਿੰਡ ਜਾਣਾ ਸੀ?
ਪ੍ਰਸ਼ਨ 4. ਰਸਤੇ ਵਿੱਚ ਕਿਸ ਦਾ ਡਰ ਸੀ?
ਪ੍ਰਸ਼ਨ 5. ਦੋਹਾਂ ਮਿੱਤਰਾਂ ਨੇ ਬਚਣ ਲਈ ਕੀ ਕੀਤਾ?