ਅਣਡਿੱਠਾ ਪੈਰਾ


ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :


ਦੱਖਣੀ ਭਾਰਤ ਵਰਗੇ ਇਲਾਕਿਆਂ ਵਿੱਚ ਰਹਿਣ ਵਾਲੇ ਕੁਝ ਲੋਕ, ਪਸ਼ੂਆਂ ਵਿੱਚ ਪਰਮੇਸ਼ਰ ਵੇਖਦੇ ਸਨ। ਮੱਧ ਪੂਰਬੀ ਦੇਸ਼ਾਂ ਦੇ ਵਸਨੀਕਾਂ ਦੀ ਸਥਿਤੀ ਉਨ੍ਹਾਂ ਨੂੰ ਅਜਿਹੇ ਕਿਸੇ ਅਨੁਭਵ ਦੀ ਆਗਿਆ ਹੀ ਨਹੀਂ ਸੀ ਦਿੰਦੀ। ਹਜ਼ਰਤ ਮੂਸਾ ਰਾਹੀਂ ‘ਇਹ ਹੁਕਮ ਹੋਇਆ ਸੀ ਕਿ ਤੁਸੀਂ ਹੱਤਿਆ ਨਹੀਂ ਕਰਨੀ। ਭੋਜਨ ਦੀ ਸਮੱਸਿਆ ਇਸ ਸਿੱਧੇ ਸਪਸ਼ਟ ਰੱਬੀ ਹੁਕਮ ਦਾ ਰਾਹ ਰੋਕ ਬੈਠੀ। ਇਸ ਭਾਰੀ ਰੁਕਾਵਟ ਦੇ ਆਸਿਓਂ-ਪਾਸਿਓਂ ਦੀ ਹੋ ਕੇ ਲੰਘਣ ਦੇ ਯਤਨ ਸਦਕਾ ਇਸ ਰੱਬੀ ਹੁਕਮ ਦਾ ਰੂਪ ਹੀ ਬਦਲ ਕੇ ਇਹ ਹੋ ਗਿਆ ਕਿ ਪਸ਼ੂਆਂ ਨੂੰ ਮਾਰਨ ਵਿੱਚ ਕਿਸੇ ਪ੍ਰਕਾਰ ਦੀ ਹੱਤਿਆ ਨਹੀਂ।’ ਇਹ ਹੁਕਮ ਕੇਵਲ ਮਨੁੱਖੀ ਹੱਤਿਆ ਦੇ ਸੰਬੰਧ ਵਿੱਚ ਹੈ। ਪਸ਼ੂਆਂ ਵਿੱਚ ਰੂਹ ਜਾਂ ਆਤਮਾ ਨਹੀਂ ਹੁੰਦੀ। ਆਪਣੇ ਸੁਆਰਥ ਦੀ ਸਿੱਧੀ ਲਈ ਕਈ ਮਹਾਂਕਾਲੀ ਦੇ ਕ੍ਰੋਧ ਨੂੰ ਸ਼ਾਂਤ ਕਰਨ ਦੇ ਮਨੋਰਥ ਨਾਲ ਨਿਰਦੋਸ਼ ਜੀਵਾਂ ਦੀ ਹੱਤਿਆ ਕਰਦੇ ਸਨ। ਇਹ ਸਭ ਕੁਝ ਮਨੁੱਖ ਨੂੰ, ਪਸ਼ੂਆਂ ਦੇ ਟਾਕਰੇ ਵਿੱਚ ‘ਸਰਵ ਅਧਿਕਾਰ ਸੁਆਮੀ’ ਸਿੱਧ ਕਰਦਾ ਹੈ। ਤਾਂ ਵੀ ਅੱਜ-ਕੱਲ੍ਹ ਪਸ਼ੂਆਂ ਦੇ ਅਧਿਕਾਰ ਦੀ ਚਰਚਾ ਜਾਰੀ ਹੈ।


ਪ੍ਰਸ਼ਨ 1. ਦੱਖਣੀ ਭਾਰਤ ਦੇ ਕੁਝ ਲੋਕਾਂ ਦੀ ਪਸ਼ੂਆਂ ਬਾਰੇ ਕਿਸ ਤਰ੍ਹਾਂ ਦੀ ਭਾਵਨਾ ਸੀ?

ਪ੍ਰਸ਼ਨ 2. ਮੱਧ-ਪੂਰਬੀ ਦੇਸ਼ਾਂ ਦੇ ਵਸਨੀਕ ਪਸ਼ੂਆਂ ਬਾਰੇ ਕਿਸ ਤਰ੍ਹਾਂ ਦੇ ਵਿਚਾਰ ਰੱਖਦੇ ਸਨ?

ਪ੍ਰਸ਼ਨ 3. ਹਜ਼ਰਤ ਮੂਸਾ ਦੇ ਹੁਕਮ ਦਾ ਕਿਸ ਸਮੱਸਿਆ ਨੇ ਰਾਹ ਰੋਕਿਆ ਸੀ?

ਪ੍ਰਸ਼ਨ 4. ਕਿਸ ਦੇਵੀ ਦੇ ਕ੍ਰੋਧ ਨੂੰ ਸ਼ਾਂਤ ਕਰਨ ਲਈ ਲੋਕ ਨਿਰਦੋਸ਼ ਜੀਵਾਂ ਦੀ ਹੱਤਿਆ ਕਰਦੇ ਸਨ?

ਪ੍ਰਸ਼ਨ 5. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।