ਅਣਡਿੱਠਾ ਪੈਰਾ : ਹੱਥਾਂ ਦਾ ਮਹੱਤਵ
ਹੱਥ ਦਾ ਪ੍ਰਯੋਗ ਇੰਨਾ ਜ਼ਿਆਦਾ ਹੈ ਕਿ ਮਨੁੱਖ ਦੀ ਭਾਸ਼ਾ ਵਿਚ ਜਿੰਨੇ ਮੁਹਾਵਰੇ ਹੱਥਾਂ ਨਾਲ ਜੁੜੇ ਹੋਏ ਹਨ, ਉੱਨੇ ਸਰੀਰ ਦੇ ਹੋਰ ਕਿਸੇ ਅੰਗ ਨਾਲ ਸੰਬੰਧਿਤ ਨਹੀਂ। ‘ਹੱਥ ਉੱਤੇ ਹੱਥ ਧਰਨ’ ਜਾਂ ‘ਹੱਥ ਮਲਦੇ ਰਹਿ ਜਾਣ’ ਵਰਗੇ ਨਕਾਰਾਤਮਕ ਮੁਹਾਵਰਿਆਂ ਤੋਂ ਲੈ ਕੇ ‘ਧਨ ਦੌਲਤ ਨੂੰ ਹੱਥਾਂ ਦੀ ਮੈਲ’ ; ‘ਮਨੁੱਖ ਦੀ ਕਿਸਮਤ ਉਸ ਦੇ ਹੱਥ ਵਿਚ ਹੈ’, ਹਜ਼ਾਰਾਂ ਹੀ ਮੁਹਾਵਰੇ ਹੱਥਾਂ ਬਾਰੇ ਬਣੇ ਹੋਏ ਹਨ। ਹੱਥ ਹੀ ਜੁੜ ਕੇ ਨਮਸਕਾਰ ਕਰਦੇ ਹਨ, ਹੱਥ ਹੀ ਇਕੱਠੇ ਹੋ ਕੇ ਦਰਿਆਵਾਂ ਦੇ ਮੂੰਹ ਬੰਦ ਕਰਦੇ ਹਨ ਤੇ ਹੱਥ ਦੀ ਸਫ਼ਾਈ ਹੀ ਬਟੂਆ ਮਾਰਦੀ ਹੈ। ਸਿਪਾਹੀ ਹੱਥ ਦੇ ਕੇ ਦਿਸਾ ਦੱਸਦਾ ਹੈ, ਸਾਧੂ ਸੰਤ ਸਿਰ ਉੱਤੇ ਹੱਥ ਫੇਰਦੇ ਹਨ।
ਈਸ਼ਵਰ ਹੱਥ ਦੇ ਕੇ ਰੱਖਿਆ ਕਰਦਾ ਹੈ, ਅਧਿਆਪਕ ਹੱਥੀ ਕਰ ਕੇ ਹੀ ਸਮਝਾਉਂਦਾ ਹੈ। ਇਹ ਹੱਥ ਹੀ ਮਿੱਟੀ ਨੂੰ ਸੋਨਾ ਬਣਾਉਂਦੇ ਹਨ। ਇਨ੍ਹਾਂ ਹੱਥਾਂ ਨੇ ਹੀ ਧਰਤੀ ਦਾ ਸਵਰਗ ਬਣਾਇਆ ਹੋਇਆ ਹੈ। ਇਹੋ ਹੀ ਹਨ, ਜੋ ਪਰਾਈ ਚੀਜ਼ ਤੋਂ ਪਰੇ ਰਹਿੰਦੇ ਹਨ (ਹੱਥ ਨਾ ਲਾਉਣਾ) ਤੇ ਇਹੇ ਹੀ ਹਨ, ਜੋ ਗ਼ੈਬੀ ਰੂਪ ਵਿਚ ਕਿਸੇ ਦੀ ਪਿੱਠ ਠੋਕਦੇ ਹਨ ਜਾਂ ਕਿਸੇ ਦੇ ਸਿਰ ਤੇ ਹੁੰਦੇ ਹਨ। ਹੱਥ ਹੀ ਤਾੜੀ ਮਾਰਦੇ ਹਨ ਤੇ ਹੱਥ ਹੀ ਅੱਥਰੂ ਪੂੰਝਦੇ ਹਨ। ਇਹ ਹੱਥ ਹੀ ਧੱਕਾ ਮਾਰਦੇ ਹਨ ਤੇ ਹੱਥ ਹੀ ਸਹਾਰਾ ਦੇਂਦੇ ਹਨ। ਹੱਥ ਹੀ ਵਗਾਹ ਮਾਰਦੇ ਹਨ ਤੇ ਹੱਥ ਹੀ ਬੋਚਦੇ ਹਨ। ਹੱਥ ਹੀ ਜੀ ਆਇਆ ਕਹਿੰਦੇ ਹਨ ਤੇ ਹੱਥ ਹੀ ਬਾਹਰ ਜਾਣ ਦਾ ਸੰਕੇਤ ਕਰਦੇ ਹਨ। ਹੱਥ ਨੂੰ ਹੀ ਹੱਥ ਹੁੰਦਾ ਹੈ ਤੇ ਹੱਥ ਹੀ ਹੱਥ ਦਾ ਵਿਰੋਧ ਕਰਦਾ ਹੈ। ਇਨ੍ਹਾਂ ਹੱਥਾਂ ਰਾਹੀਂ ਮਨੁੱਖ ਆਪਣੀ ਗੱਲ ਨੂੰ ਸਮਝਾਉਂਦਾ ਹੈ ਤੇ ਆਪਣੀ ਭਾਸ਼ਾ ਨੂੰ ਹੱਥਾਂ ਦੇ ਸੰਕੇਤਾਂ ਰਾਹੀਂ ਜ਼ੋਰਦਾਰ ਬਣਾਉਂਦਾ ਹੈ। ਹੱਥਾਂ ਦੀ ਭਾਸ਼ਾ ਸੰਸਾਰ ਦੀ ਭਾਸ਼ਾ ਹੈ। ਜਿਸ ਨੂੰ ਹਰ ਕੋਈ ਮਨੁੱਖ ਬੋਲਦਾ ਹੈ ਤੇ ਸਮਝਦਾ ਹੈ । ਇਸੇ ਭਾਸ਼ਾ ਸਦਕਾ ਵਿਦੇਸ਼ਾਂ ਵਿਚ ਜਾ ਕੇ ਵੀ ਮਨੁੱਖ ਆਪਣਾ ਕੰਮ ਚਲਾ ਲੈਂਦਾ ਹੈ।
ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
ਪ੍ਰਸ਼ਨ (ੳ) ਹੱਥ ਦਾ ਬਹੁਤਾ ਪ੍ਰਯੋਗ ਮੁਹਾਵਰਿਆਂ ਨਾਲ ਕੀ ਸੰਬੰਧ ਰੱਖਦਾ ਹੈ?
ਉੱਤਰ : ਹੱਥ ਦੇ ਬਹੁਤੇ ਪ੍ਰਯੋਗ ਕਾਰਨ ਮਨੁੱਖ ਦੀ ਭਾਸ਼ਾ ਵਿਚ ਹੱਥ ਨਾਲ ਸੰਬੰਧਿਤ ਜਿੰਨੇ ਮੁਹਾਵਰੇ ਹਨ, ਓਨੇ ਕਿਸੇ ਹੋਰ ਅੰਗ ਨਾਲ ਸੰਬੰਧਿਤ ਨਹੀਂ।
ਪ੍ਰਸ਼ਨ (ਅ) ਵੱਖ-ਵੱਖ ਤਰ੍ਹਾਂ ਦੇ ਲੋਕ ਹੱਥ ਦਾ ਪ੍ਰਯੋਗ ਕਿਵੇਂ ਕਰਦੇ ਹਨ ?
ਉੱਤਰ : ਸਿਪਾਹੀ ਹੱਥ ਦੇ ਕੇ ਦਿਸ਼ਾ ਦੱਸਦਾ ਹੈ ਤੇ ਸਾਧੂ ਸੰਤ ਸਿਰ ਉੱਤੇ ਹੱਥ ਫੇਰਦੇ ਹਨ। ਈਸ਼ਵਰ ਹੱਥ ਦੇ ਕੇ ਰੱਖਿਆ ਕਰਦਾ ਹੈ ਤੇ ਅਧਿਆਪਕ ਹੱਥੀਂ ਕਰ ਕੇ ਸਮਝਾਉਂਦਾ ਹੈ। ਸਤਿਕਾਰ ਪ੍ਰਗਟ ਕਰਨ ਵਾਲਾ ਹੱਥ ਜੋੜ ਕੇ ਨਮਸਕਾਰ ਕਰਦਾ ਹੈ ਤੇ ਜੇਬ ਕਤਰਾ ਵੀ ਹੱਥਾਂ ਨਾਲ ਬਟੂਆ ਸਾਫ਼ ਕਰਦਾ ਹੈ।
ਪ੍ਰਸ਼ਨ (ੲ) ‘ਇਹ ਹੱਥ ਹੀ ਮਿੱਟੀ ਨੂੰ ਸੋਨਾ ਬਣਾਉਂਦੇ ਹਨ’ ਤੋਂ ਕੀ ਭਾਵ ਹੈ ?
ਉੱਤਰ : ਇਸ ਦਾ ਭਾਵ ਇਹ ਹੈ ਕਿ ਹੱਥ ਮਿਹਨਤ ਕਰ ਕੇ ਸਧਾਰਨ ਚੀਜ਼ ਨੂੰ ਬਹੁਮੁੱਲੀ ਬਣਾ ਦਿੰਦੇ ਹਨ।
ਪ੍ਰਸ਼ਨ (ਸ) ਹੱਥਾਂ ਦੀ ਭਾਸ਼ਾ ਸੰਸਾਰ ਦੀ ਭਾਸ਼ਾ ਕਿਵੇਂ ਹੈ?
ਉੱਤਰ : ਜਦੋਂ ਕਿਸੇ ਬਾਹਰਲੇ ਦੇਸ਼ ਵਿਚ ਜਾ ਕੇ ਸਾਨੂੰ ਉੱਥੇ ਦੀ ਬੋਲੀ ਨਹੀਂ ਆਉਂਦੀ ਹੁੰਦੀ, ਤਾਂ ਅਸੀਂ ਹੱਥਾਂ ਦੇ ਇਸ਼ਾਰਿਆਂ ਨਾਲ ਆਪਣੀ ਗੱਲ ਸਮਝਾ ਦਿੰਦੇ ਹਾਂ। ਇਸੇ ਤਰ੍ਹਾਂ ਅਗਲੇ ਦੀ ਗੱਲ ਵੀ ਸਮਝ ਲੈਂਦੇ ਹਾਂ। ਇਸ ਪ੍ਰਕਾਰ ਹੱਥਾਂ ਦੀ ਭਾਸ਼ਾ ਸੰਸਾਰ ਦੀ ਭਾਸ਼ਾ ਹੈ।
ਪ੍ਰਸ਼ਨ (ਹ) ਇਸ ਪੈਰੇ ਦਾ ਸਿਰਲੇਖ ਕੀ ਹੋ ਸਕਦਾ ਹੈ ?
ਉੱਤਰ : ਹੱਥਾਂ ਦੀ ਮਹਾਨਤਾ ।