ਅਣਡਿੱਠਾ ਪੈਰਾ : ਹਿਮਾਚਲ ਪ੍ਰਦੇਸ਼
ਭੂਮੀ ਦੇ ਬਾਅਦ ਪਸ਼ੂ ਧਨ ਨੂੰ ਮਾਨਤਾ ਪ੍ਰਾਪਤ ਹੈ। ਗਊਆਂ ਮੱਝਾਂ, ਭੇਡਾਂ, ਬੱਕਰੀਆਂ ਦੇ ਇੱਜੜ ਪਾਲਣੇ ਵਡਿਆਈ ਦੀ ਗੱਲ ਹੈ। ਪਸੂਆਂ ਤੋਂ ਦੁੱਧ, ਮਾਸ ਅਤੇ ਉੱਨ ਵਰਗੀਆਂ ਨਿਆਮਤਾਂ ਪ੍ਰਾਪਤ ਹਨ, ਗੋਹਾ ਖਾਦ ਦੇ ਕੰਮ ਆਉਂਦਾ ਹੈ। ਤੀਜਾ ਮੁੱਖ ਕਿੱਤਾ ਬਾਗ਼ਬਾਨੀ ਹੈ। ਇੱਥੇ ਸੇਬ ਕਾਫ਼ੀ ਮਾਤਰਾ ਵਿਚ ਹੁੰਦੇ ਹਨ। ਔਰਤਾਂ-ਮਰਦਾਂ ਦੇ ਕੰਮ ਧੰਦੇ ਵਿਚ ਹੱਥ ਵਟਾਉਂਦੀਆਂ ਹਨ, ਭਾਵੇਂ ਉਹ ਧੰਦਾ ਵਾਹੀ ਖੇਤੀ ਦਾ ਹੋਵੇ, ਭਾਵੇਂ ਪਸੂ-ਪਾਲਣ ਜਾਂ ਬਾਗ਼ਬਾਨੀ ਦਾ ਹੋਵੇ। ਹੱਲ ਵਾਹੁਣ ਤੋਂ ਇਲਾਵਾ ਹੋਰ ਸਾਰੇ ਕਿਸਾਨੀ ਕੰਮਾਂ-ਬੀਜਾਈ, ਕਟਾਈ ਆਦਿ ਵਿਚ ਤੀਵੀਆਂ ਮਰਦਾਂ ਦਾ ਹੱਥ ਵਟਾਉਂਦੀਆਂ ਹਨ। ਪੌਦੇ ਲਗਾਣੇ, ਗੋਡੀ ਕਰਨੀ, ਕਟਾਈ, ਗਹਾਈ ਅਤੇ ਧਾਨ ਦੀ ਛਟਾਈ ਦਾ ਕੰਮ ਜਿਆਦਾਤਰ ਤੀਵੀਆਂ ਦੇ ਜ਼ਿੰਮੇ ਹੈ। ਬਾਗ਼ਬਾਨੀ ਦੇ ਧੰਦੇ ਵਿਚ ਤੀਵੀਆਂ ਪੌਦਿਆ ਨਾਲੋਂ ਸੇਬਾਂ ਨੂੰ ਤਤੁੰਗਦੀਆਂ, ਉਨ੍ਹਾਂ ਨੂੰ ਸਾਫ਼ ਕਰ ਕੇ ਪੇਟੀਆਂ ਵਿਚ ਸਜਾਉਂਦੀਆਂ ਹਨ। ਘਰ ਦੇ ਕੰਮ ਧੰਦੇ ਤੋਂ ਵਿਹਲੀਆਂ ਹੋ ਕੇ ਔਰਤਾਂ ਬਾਹਰੋਂ ਘਾਹ ਕੱਟ ਕੇ ਲਿਆਉਂਦੀਆਂ, ਬਾਲਣ ਲਈ ਪੱਤੇ ਜਾਂ ਲੱਕੜਾਂ ਇਕੱਠੀਆਂ ਕਰਦੀਆਂ, ਖੇਤਾਂ ਵਿਚ ਤੂੜੀ ਢੋਂਦੀਆਂ ਹਨ। ਪਸ਼ੂਆ ਦੀ ਸਾਂਭ ਸਲੀਟ ਵੀ ਤੀਵੀਆਂ ਦੇ ਸਪੁਰਦ ਹੈ । ਦੁੱਧ ਚੋਣਾ, ਘਿਉਂ-ਮੱਖਣ ਤਿਆਰ ਕਰਨਾ, ਪਸੂ ਚਰਾਣੇ ਵਾੜੇ ਦੀ ਸਫ਼ਾਈ ਵੀ ਕਰਨੀ, ਰੂੜੀ ਦੀ ਸੰਭਾਲ ਆਦਿ ਇਹ ਸਭ ਕੰਮ ਤੀਵੀਆਂ ਲਈ ਰਾਖਵੇਂ ਹਨ। ਸਰਦੀਆਂ ਜਾ ਬਾਰਸ਼ਾਂ ਦੇ ਦਿਨਾਂ ਵਿਚ ਤੀਵੀਆਂ ਘਰਾਂ ਦੇ ਅੰਦਰ ਬੈਠ ਕੇ ਚਰਖਾ ਕਤਦੀਆਂ, ਉੱਨ ਦੇ ਕੱਪੜੇ ਬੁਣਦੀਆਂ, ਟੋਕਰੀਆਂ ਤੇ ਚਟਾਈਆਂ ਤਿਆਰ ਕਰਦੀਆਂ ਹਨ।
ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
ਪ੍ਰਸ਼ਨ (ੳ) ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਮੁੱਖ ਕਿੱਤੇ ਕਿਹੜੇ ਹਨ?
ਉੱਤਰ : ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਮੁੱਖ ਕਿੱਤੇ ਖੇਤੀਬਾੜੀ, ਪਸ਼ੂ-ਪਾਲਣ ਤੇ ਬਾਗ਼ਬਾਨੀ ਹਨ।
ਪ੍ਰਸ਼ਨ (ਅ) ਵਾਹੀ ਖੇਤੀ ਦਾ ਕੰਮ ਕੌਣ ਕਰਦਾ ਹੈ?
ਉੱਤਰ : ਵਾਹੀ-ਖੇਤੀ ਦੇ ਕੰਮ ਵਿਚ ਹਲ ਵਾਹੁਣ ਦਾ ਕੰਮ ਕੇਵਲ ਮਰਦ ਕਰਦੇ ਹਨ, ਪਰੰਤੂ ਬਿਜਾਈ ਤੇ ਕਟਾਈ ਵਿਚ ਤੀਵੀਆਂ ਮਰਦਾਂ ਦਾ ਹੱਥ ਵਟਾਉਂਦੀਆਂ ਹਨ। ਪੌਦੇ ਲਾਉਣੇ, ਗੋਡੀ ਕਰਨੀ, ਕਟਾਈ, ਗਹਾਈ ਤੇ ਧਾਨ ਦੀ ਛਟਾਈ ਦਾ ਕੰਮ ਜ਼ਿਆਦਾਤਰ ਤੀਵੀਆਂ ਦੇ ਜ਼ਿੰਮੇ ਹੈ।
ਪ੍ਰਸ਼ਨ (ੲ) ਬਾਗ਼ਬਾਨੀ ਦੇ ਕੰਮ ਵਿਚ ਔਰਤਾਂ ਕਿਵੇਂ ਸਹਾਇਤਾ ਕਰਦੀਆਂ ਹਨ?
ਉੱਤਰ : ਬਾਗ਼ਬਾਨੀ ਦੇ ਕੰਮ ਵਿਚ ਔਰਤਾਂ ਪੌਦਿਆਂ ਨਾਲੋਂ ਸੇਬ ਤੋੜ ਕੇ, ਉਨ੍ਹਾਂ ਨੂੰ ਸਾਫ਼ ਕਰ ਕੇ ਅਤੇ ਪੇਟੀਆਂ ਵਿਚ ਸਜਾ ਕੇ ਸਹਾਇਤਾ ਕਰਦੀਆਂ ਹਨ।
ਪ੍ਰਸ਼ਨ (ਸ) ਘਰ ਦੇ ਕੰਮ ਧੰਦਿਆਂ ਤੋਂ ਵਿਹਲੀਆਂ ਹੋ ਕੇ ਔਰਤਾਂ ਕੀ ਕਰਦੀਆਂ ਹਨ?
ਉੱਤਰ : ਘਰ ਦੇ ਕੰਮ-ਧੰਦਿਆਂ ਤੋਂ ਵਿਹਲੀਆਂ ਹੋ ਕੇ ਔਰਤਾਂ ਬਾਹਰੋਂ ਘਾਹ ਵੱਢ ਕੇ ਲਿਆਉਂਦੀਆਂ, ਬਾਲਣ ਲਈ ਪੱਤੇ ਅਤੇ ਲੱਕੜਾ ਇਕੱਠੀਆ ਕਰਦੀਆਂ ਤੇ ਖੇਤਾਂ ਵਿਚ ਤੂੜੀ ਢੋਂਦੀਆਂ ਹਨ। ਉਹ ਪਸ਼ੂਆਂ ਦੀ ਸੰਭਾਲ ਵੀ ਕਰਦੀਆਂ ਹਨ ਤੇ ਦੁੱਧ, ਘਿਓ ਤੇ ਮੱਖਣ ਵੀ ਤਿਆਰ ਕਰਦੀਆਂ ਹਨ।
ਪ੍ਰਸ਼ਨ (ਹ) ਸਰਦੀਆਂ ਜਾਂ ਬਾਰਸ਼ਾਂ ਦੇ ਦਿਨੀਂ ਹਿਮਾਚਲ ਦੀਆਂ ਔਰਤਾਂ ਹੋਰ ਕਿਹੜੇ ਕੰਮ ਕਰਦੀਆਂ ਹਨ?
ਉੱਤਰ : ਸਰਦੀਆਂ ਜਾਂ ਬਾਰਸਾਂ ਦੇ ਦਿਨਾਂ ਵਿਚ ਔਰਤਾਂ ਘਰਾਂ ਵਿਚ ਚਰਖਾ ਕੱਤਦੀਆਂ, ਉਨ ਦੇ ਕੱਪੜੇ ਬੁਣਦੀਆਂ ਅਤੇ ਟੋਕਰੀਆਂ ਤੇ ਚਟਾਈਆਂ ਤਿਆਰ ਕਰਦੀਆਂ ਹਨ।