ਅਣਡਿੱਠਾ ਪੈਰਾ : ਹਜ਼ਰੋ ਦੀ ਲੜਾਈ
ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖ਼ਾਂ ਦੁਆਰਾ ਕੀਤੇ ਗਏ ਧੋਖੇ ਕਾਰਨ ਉਸ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਉਹਨਾਂ ਨੇ ਫੌਰਨ ਫ਼ਕੀਰ ਅਜ਼ੀਜ਼ਉੱਦੀਨ ਨੂੰ ਅਟਕ ‘ਤੇ ਕਬਜ਼ਾ ਕਰਨ ਲਈ ਭੇਜਿਆ। ਅਟਕ ਦੇ ਸ਼ਾਸਕ ਜਹਾਂਦਾਦ ਖ਼ਾਂ ਨੇ 1 ਲੱਖ ਰੁਪਏ ਦੀ ਜਾਗੀਰ ਦੇ ਬਦਲੇ ਅਟਕ ਦਾ ਇਲਾਕਾ ਮਹਾਰਾਜੇ ਦੇ ਹਵਾਲੇ ਕਰ ਦਿੱਤਾ।
ਜਦੋਂ ਫ਼ਤਿਹ ਖ਼ਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ। ਉਸ ਨੇ ਕਸ਼ਮੀਰ ਦਾ ਸ਼ਾਸਨ ਪ੍ਰਬੰਧ ਆਪਣੇ ਭਰਾ ਆਜ਼ਿਮ ਖ਼ਾਂ ਨੂੰ ਸੌਂਪਿਆ ਅਤੇ ਆਪ ਇੱਕ ਵਿਸ਼ਾਲ ਸੈਨਾ ਲੈ ਕੇ ਅਟਕ ਵਿਚੋਂ ਸਿੱਖਾਂ ਨੂੰ ਕੱਢਣ ਲਈ ਤੁਰ ਪਿਆ।
13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਦੇ ਸਥਾਨ ‘ਤੇ ਹੋਈ ਇੱਕ ਘਮਸਾਨ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫ਼ਤਿਹ ਖ਼ਾਂ ਨੂੰ ਇੱਕ ਕਰਾਰੀ ਹਾਰ ਦਿੱਤੀ। ਇਹ ਅਫ਼ਗਾਨਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਸੀ। ਇਸ ਵਿੱਚ ਸਿੱਖਾਂ ਦੀ ਜਿੱਤ ਕਾਰਨ ਅਫ਼ਗਾਨਾਂ ਦੀ ਸ਼ਕਤੀ ਨੂੰ ਇੱਕ ਜ਼ਬਰਦਸਤ ਧੱਕਾ ਲੱਗਿਆ ਅਤੇ ਸਿੱਖਾਂ ਦੇ ਮਾਣ-ਸਨਮਾਨ ਵਿੱਚ ਬਹੁਤ ਵਾਧਾ ਹੋਇਆ।
ਪ੍ਰਸ਼ਨ 1. ਫ਼ਤਿਹ ਖ਼ਾਂ ਕੌਣ ਸੀ?
ਉੱਤਰ : ਫਤਿਹ ਖਾਂ ਅਵਗਾਨਿਸਤਾਨ ਦੇ ਸਾਸਕ ਸ਼ਾਹ ਮਹਿਮਦ ਦਾ ਵਜ਼ੀਰ ਸੀ।
ਪ੍ਰਸ਼ਨ 2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਟਕ ਦਾ ਸ਼ਾਸਕ ਕੌਣ ਸੀ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਟਕ ਦਾ ਸ਼ਾਸਕ ਜਹਾਂਦਾਦ ਖ਼ਾਂ ਸੀ।
ਪ੍ਰਸ਼ਨ 3. ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਕਿਹੜੀ ਸੀ? ਇਹ ਲੜਾਈ ਕਦੋਂ ਹੋਈ ਸੀ?
ਉੱਤਰ : (i) ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਹਜ਼ਰੋ ਦੀ ਸੀ।
(ii) ਇਹ ਲੜਾਈ 13 ਜੁਲਾਈ, 1813 ਈ. ਨੂੰ ਹੋਈ।
ਪ੍ਰਸ਼ਨ 4. ਹਜ਼ਰੋ ਦੀ ਲੜਾਈ ਵਿੱਚ ਕੌਣ ਜੇਤੂ ਰਿਹਾ?
ਉੱਤਰ : ਹਜ਼ਰੋ ਦੀ ਲੜਾਈ ਵਿੱਚ ਸਿੱਖ ਜੇਤੂ ਰਹੇ।