ਅਣਡਿੱਠਾ ਪੈਰਾ – ਸੱਚਾ ਗੁਰੂ
ਸੱਚਾ ਗੁਰੂ
ਗੁਰੂ ਗ੍ਰੰਥ ਜੀ ਦੀ ਬਾਣੀ ਅਨੁਸਾਰ ਗੁਰੂ ਉਹ ਵਿਅਕਤੀ ਹੈ ਜਿਸ ਦੇ ਮਿਲਾਪ ਨਾਲ ਮਨੁੱਖੀ ਮਨ ਅਨੰਦਿਤ ਹੋ ਜਾਂਦਾ ਹੈ ਅਤੇ ਆਪਣੀ ਦੁਬਿਧਾ ਤੇ ਭਟਕਣ ਨੂੰ ਮਿਟਾ ਕੇ ਪਰਮ ਪਦ ਦੀ ਅਵਸਥਾ ਵਿਚ ਲੀਨ ਹੋ ਜਾਂਦਾ ਹੈ। ਪੂਰੇ ਗੁਰੂ ਦੀ ਇਕ ਇਹ ਵੀ ਨਿਸ਼ਾਨੀ ਹੁੰਦੀ ਹੈ ਕਿ ਉਹ ਨਾਮ ਦੀ ਪੂੰਜੀ ਦੇ ਕੇ ਭਰਮਾਂ ਨੂੰ ਦੂਰ ਕਰ ਦਿੰਦਾ ਹੈ ਜਿਸ ਕਰਕੇ ਜਨਮ ਮਰਨ ਦੀ ਸੋਝੀ ਹੋ ਜਾਂਦੀ ਹੈ। ਸੰਤ ਕਬੀਰ ਜੀ ਦਾ ਵਿਚਾਰ ਹੈ ਕਿ ਗੁਰੂ ਵਾਸਤਵ ਵਿਚ ਉਹ ਹੀ ਹੋ ਸਕਦਾ ਹੈ ਜਿਸ ਦੇ ਦਰਸ਼ਨ ਕਰਕੇ ਅਤੇ ਬਚਨ ਸੁਣ ਕੇ ਸੰਸਾਰਕ ਪਦਾਰਥਾਂ ਦਾ ਮੋਹ ਖ਼ਤਮ ਹੋ ਜਾਂਦਾ ਹੈ ਅਤੇ ਹਰਖ ਸੋਗ ਦੀ ਅੱਗ ਪੋਹ ਨਹੀਂ ਸਕਦੀ। ਬੇਪਰਵਾਹੀ ਸਤਿਗੁਰੂ ਦਾ ਇਕ ਵਿਸ਼ਿਸ਼ਟ ਗੁਣ ਹੈ।
ਸੱਚਾ ਗੁਰੂ ਇਕ ਸਮਦਰਸੀ ਪੁਰਸ਼ ਹੁੰਦਾ ਹੈ। ਨਿੰਦਾ ਉਸਤਤ ਉਸ ਲਈ ਇੱਕੋ ਜਿਹੇ ਹੁੰਦੇ ਹਨ। ਉਹ ਇਕ ਅਜਿਹਾ ਸੁਜਾਨ ਪੁਰਖ ਹੈ ਜਿਸਦਾ ਹਿਰਦਾ ਬ੍ਰਹਮ ਗਿਆਨ ਨਾਲ ਸਦਾ ਹੀ ਭਰਿਆ ਰਹਿੰਦਾ ਹੈ। ਵਾਸਤਵ ਵਿਚ ਉਹ ਨਿਰੰਕਾਰ ਦੀਆਂ ਸਭ ਸ਼ਕਤੀਆਂ ਦਾ ਮਾਲਕ ਹੁੰਦਾ ਹੈ ਅਤੇ ਉਸਦੀ ਆਤਮਕ ਉੱਚਤਾ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਸਤਿਗੁਰੂ ਵਿਚ ਹਰੀ ਦੇ ਸਾਰੇ ਹੀ ਗੁਣ ਮੌਜੂਦ ਹੁੰਦੇ ਹਨ ਅਤੇ ਉਸਦਾ ਮਿਲਾਪ ਸਿੱਖ ਦੇ ਅੰਦਰੋਂ ਹਉਮੈਂ ਦਾ ਕੰਡਾ ਕੱਢ ਦਿੰਦਾ ਹੈ। ਉਹ ਅੱਠੇ ਪਹਿਰ ਨਾਮ ਵਿਚ ਲੀਨ ਰਹਿੰਦਾ ਹੈ। ਸੱਚੇ ਗੁਰੂ ਦਾ ਇਹ ਵੀ ਇਕ ਲੱਛਣ ਹੈ ਕਿ ਉਹ ਆਪਣੀ ਪੂਜਾ ਕਦੇ ਨਹੀਂ ਕਰਾਉਂਦਾ ਕਿਉਂਕਿ ਉਸਨੂੰ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਹੁੰਦਾ। ਉਹ ਸਦਾ ਨਿਰਦੋਖ ਅਤੇ ਨਿਰਵੈਰ ਰਹਿੰਦਾ ਹੈ। ਮਿੱਤਰ ਅਤੇ ਸ਼ਤਰੂ ਉਸ ਲਈ ਇੱਕੋ ਜਿਹੇ ਹਨ। ਜੇ ਕੋਈ ਨਿੰਦਕ ਵੀ ਉਸਦੀ ਸ਼ਰਨ ਵਿਚ ਆ ਜਾਵੇ ਤਾਂ ਉਹ ਉਸਨੂੰ ਬਖਸ਼ ਦਿੰਦਾ ਹੈ। ਇਸ ਤੋਂ ਇਲਾਵਾ ਉਹ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦਾ। ਉਹ ਇਕ ਬਖਸ਼ਿੰਦ ਹਸਤੀ ਹੁੰਦਾ ਹੈ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਦਿੱਤੀ ਹੋਈ ਰਚਨਾ ਨੂੰ ਢੁਕਵਾਂ ਸਿਰਲੇਖ ਦਿਓ।
ਪ੍ਰਸ਼ਨ 2. ਦਿੱਤੀ ਹੋਈ ਰਚਨਾ ਨੂੰ ਸੰਖੇਪ ਕਰਕੇ ਲਿਖੋ।
ਪ੍ਰਸ਼ਨ 3. ਸੱਚੇ ਗੁਰੂ ਵਿਚ ਕਿਹੜੇ-ਕਿਹੜੇ ਗੁਣ ਹੁੰਦੇ ਹਨ?
ਪ੍ਰਸ਼ਨ 4. ਗੁਰੂ ਗ੍ਰੰਥ ਬਾਣੀ ਅਨੁਸਾਰ ਗੁਰੂ ਕਿਹੜਾ ਵਿਅਕਤੀ ਹੈ?