ਅਣਡਿੱਠਾ ਪੈਰਾ – ਸਫ਼ਲਤਾ ਦੀ ਕੁੰਜੀ
ਸਫ਼ਲਤਾ ਦੀ ਕੁੰਜੀ – ਇੱਛਾ ਸ਼ਕਤੀ
ਬਹੁਤ ਸਾਰੇ ਲੋਕ ਆਪਣੀ ਅਸਫ਼ਲਤਾ ਦਾ ਕਾਰਨ ਆਪਣੀ ਸਰੀਰਕ ਬਿਮਾਰੀ ਜਾਂ ਘਾਟ ਨੂੰ ਦੱਸਦੇ ਹਨ। ਮੈਂ ਲਿੱਖਣਾ ਤਾਂ ਨਹੀਂ ਚਾਹੁੰਦਾ ਪਰ ਲਿੱਖਣਾ ਪੈ ਰਿਹਾ ਹੈ ਕਿ ਅਜਿਹਾ ਕਾਰਨ ਬਹੁਤੀ ਵਾਰੀ ਸਰੀਰਕ ਬਿਮਾਰੀ ਨਹੀਂ ਸਗੋਂ ਮਾਨਸਕ ਬਿਮਾਰੀ ਹੁੰਦੀ ਹੈ। ਇੱਕ ਤਰ੍ਹਾਂ ਨਾਲ ਆਪਣੀ ਅਸਫ਼ਲਤਾ ਲਈ ਆਪਣੇ ਆਪ ਨੂੰ ਜ਼ਿਮੇਵਾਰੀ ਤੋਂ ਮੁਕਤ ਕਰਦਿਆਂ ਆਪਣੇ ਸਰੀਰ ਨੂੰ ਜਿੰਮੇਵਾਰ ਦੱਸਣ ਦੀ ਬਿਮਾਰੀ। ਸੋਚੋ, ਜੇ ਕੋਈ ਵਿਅਕਤੀ ਨਾ ਬੋਲ ਸਕਦਾ ਹੋਵੇ, ਨਾ ਤੁਰ ਸਕਦਾ ਹੋਵੇ, ਹਰ ਸਮੇਂ ਪਹੀਏ ਵਾਲੀ ਕੁਰਸੀ ‘ਤੇ ਰਹਿੰਦਾ ਹੋਵੇ, ਕੀ ਉਹ ਵਿਅਕਤੀ ਵਿਗਿਆਨੀ ਹੋ ਸਕਦਾ ਹੈ? ਤੁਸੀਂ ਸੋਚੋਗੇ ਜਿਹੜਾ ਵਿਅਕਤੀ ਆਪਣੀ ਕਿਰਿਆ ਨਹੀਂ ਸੋਧ ਸਕਦਾ ਉਹ ਕੀ ਕਰ ਸਕਦਾ ਹੈ, ਪਰ ਅਜਿਹੇ ਵਿਗਿਆਨੀ ਦਾ ਨਾਂ ਸਟੀਫ਼ਨ ਹਾਕਿੰਗ ਹੈ। ‘ਏ ਬਰੀਫ਼ ਹਿਸਟਰੀ ਆਫ਼ ਟਾਈਮ’ ਉਸ ਦੀ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਪੁਸਤਕਾਂ ਵਿੱਚ ਸ਼ੁਮਾਰ ਰਹੀ ਹੈ। ਪੂਰੀ ਤਰ੍ਹਾਂ ਅਪਾਹਜ ਹੋ ਜਾਣ ਤੋਂ ਬਾਅਦ ਵੀ ਉਸ ਨੇ ਹੋਰ ਕਿਤਾਬਾਂ ਲਿਖੀਆਂ ਹਨ। ਉਹ ਬੈਠੇ – ਬੈਠੇ ਬ੍ਰਹਿਮੰਡ ਦੇ ਉਨ੍ਹਾਂ ਕੋਨਿਆਂ ਵਿੱਚ ਘੁੰਮ ਆਉਂਦਾ ਹੈ ਜਿਨ੍ਹਾਂ ਨੂੰ ਅਜੇ ਤੱਕ ਕੋਈ ਵੀ ਨਹੀਂ ਜਾਣਦਾ। ਉਹ ਉਨ੍ਹਾਂ ਰਹੱਸਾਂ ਤੋਂ ਪਰਦਾ ਉਠਾਉਂਦਾ ਹੈ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਥੋਂ ਤਾਂ ਰੋਸ਼ਨੀ ਦੀ ਕਿਰਨ ਵੀ ਵਾਪਸ ਨਹੀਂ ਪਰਤਦੀ ਭਾਵ ਬਲੈਕ ਹੋਲ। ਸੋ ਦੁਨੀਆਂ ਦੇ ਮਹਾਨ ਵਿਗਿਆਨੀਆਂ ਦੀ ਕਤਾਰ ਵਿੱਚ ਖੜ੍ਹਨ ਲਈ ਸਰੀਰਕ ਤੰਦਰੁਸਤੀ ਨਾਲ਼ੋਂ ਮਾਨਸਕ ਇੱਛਾ ਸ਼ਕਤੀ ਦੀ ਵਧੇਰੇ ਲੋੜ ਹੁੰਦੀ ਹੈ। ਜਿਨ੍ਹਾਂ ਨੇ ਸਫ਼ਲਤਾ ਦੇ ਮਾਰਗ ‘ਤੇ ਮਾਰਚ ਕਰਨਾ ਹੁੰਦਾ ਹੈ, ਉਹ ਲੱਤਾਂ ਨਾਲ ਨਹੀਂ ਇੱਛਾ ਨਾਲ ਚਲਦੇ ਹਨ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਕੀ ਸਰੀਰਕ ਅਸਮਰਥਾ ਸਫ਼ਲਤਾ ਦੇ ਰਾਹ ਵਿੱਚ ਰੁਕਾਵਟ ਹੈ?
ਪ੍ਰਸ਼ਨ 2 . ਸਟੀਫ਼ਨ ਹਾਕਿੰਗ ਨੇ ਕਿਹੜੀ ਪੁਸਤਕ ਲਿਖੀ?
ਪ੍ਰਸ਼ਨ 3 . ਸਫ਼ਲਤਾ ਤੇ ਇੱਛਾ ਦਾ ਕੀ ਸੰਬੰਧ ਹੈ?
ਪ੍ਰਸ਼ਨ 4 . ਬਲੈਕ ਹੋਲ ਕਿਸ ਨੂੰ ਆਖਦੇ ਹਨ?
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਸਿਰਲੇਖ ਲਿਖੋ?