ਅਣਡਿੱਠਾ ਪੈਰਾ : ਸਿੱਖਣਾ
ਸਿੱਖਿਆ ਜੀਵਨ ਭਰ ਚਲਦੀ ਹੈ। ਇਹ ਗਿਣਤੀ ਦੀਆਂ ਜਮਾਤਾਂ ਪਾਸ ਕਰਨ ਨਾਲ ਖ਼ਤਮ ਨਹੀਂ ਹੁੰਦੀ। ਸਿਆਣੇ ਆਖਦੇ ਹਨ ਸਾਨੂੰ ਹਰ ਪਲ ਕੁੱਝ ਨਵਾਂ ਸਿੱਖਣ ਦਾ ਮੌਕਾ ਮਿਲਦਾ ਹੈ। ਕੁਦਰਤ ਤੋਂ ਸਿੱਖਣ ਲਈ ਕਿੰਨਾ ਕੁੱਝ ਹੈ। ਆਪਣੇ ਗਲੀ-ਮੁਹੱਲੇ ਦੇ ਆਪ ਤੋਂ ਵੱਡੀ ਉਮਰ ਦੇ ਅਤੇ ਵੱਧ ਪੜ੍ਹੇ-ਲਿਖੇ ਲੋਕਾਂ ਤੋਂ ਵੀ ਕੁੱਝ ਨਾ ਕੁੱਝ ਸਿੱਖਿਆ ਜਾ ਸਕਦਾ ਹੈ। ਸੂਝਵਾਨ ਲੋਕ ਆਪਣੀਆਂ ਗ਼ਲਤੀਆਂ ਅਤੇ ਅਸਫਲਤਾਵਾਂ ਤੋਂ ਤਾਂ ਸਿੱਖਦੇ ਹੀ ਹਨ, ਦੂਜਿਆਂ ਦੇ ਤਜਰਬਿਆਂ ਤੋਂ ਵੀ ਲਾਭ ਉਠਾਉਂਦੇ ਹਨ।
ਲਾਇਬਰੇਰੀ ਸਿੱਖਿਆ ਦਾ ਬਹੁਤ ਸਸਤਾ ਸਾਧਨ ਹੈ। ਅਖ਼ਬਾਰ, ਰਸਾਲਿਆਂ ਤੋਂ ਇਲਾਵਾ ਉੱਥੇ ਚੰਗੀਆਂ ਪੁਸਤਕਾਂ ਵੱਡੀ ਹਾਲਤ ਵਿਚ ਹੁੰਦੀਆਂ ਹਨ। ਇਨ੍ਹਾਂ ਪੁਸਤਕਾਂ ਵਿਚ ਮਹਾਨ ਪੁਰਖਾਂ ਦੇ ਵਿਚਾਰ ਹੁੰਦੇ ਹਨ। ਵੈਸੇ ਅੱਜ-ਕਲ੍ਹ ਤਾਂ ਵੱਡੇ ਸ਼ਹਿਰਾਂ ਵਿਚ ਛੋਟੇ-ਛੋਟੇ ਕੋਰਸ, ਖਾਣਾ ਪਕਾਣ ਤੋਂ ਲੈ ਕੇ ਖ਼ੁਸ਼ ਰਹਿਣ ਦੀ ਜਾਚ ਤਕ ਸਿਖਾਉਣ ਵਾਲੇ, ਸਾਲ ਭਰ ਚੱਲਦੇ ਰਹਿੰਦੇ ਹਨ। ਕੁੱਝ ਨਾ ਕੁੱਝ ਨਵਾਂ ਸਿੱਖਦੇ ਰਹਿਣ ਦਾ ਮਤਲਬ ਕੂਲ੍ਹ ਦੇ ਪਾਣੀ ਵਾਂਗ ਸਦਾ ਵਗਦੇ ਰਹਿਣਾ ਹੈ। ਵਗਦਾ ਪਾਣੀ ਵੇਖਣ ਨੂੰ ਵੀ ਸੋਹਣਾ ਲਗਦਾ ਹੈ।
ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
ਪ੍ਰਸ਼ਨ (ੳ) ਲੇਖਕ ਦਾ ਸਿੱਖਿਆ ਤੋਂ ਕੀ ਭਾਵ ਹੈ?
ਉੱਤਰ : ਸਿੱਖਿਆ ਤੋਂ ਭਾਵ ਹਰ ਸਮੇਂ ਜਿੱਥੋਂ ਕਿਤੋਂ ਹੋ ਸਕੇ, ਕੁੱਝ ਨਾ ਕੁੱਝ ਸਿੱਖਦੇ ਰਹਿਣਾ ਹੈ ਤੇ ਇਹ ਪ੍ਰਕਿਰਿਆ ਜੀਵਨ ਭਰ ਚਲਦੀ ਰਹਿੰਦੀ ਹੈ।
ਪ੍ਰਸ਼ਨ (ਅ) ਸਿੱਖਣ ਦੇ ਮੌਕੇ ਕਿਹੜੇ-ਕਿਹੜੇ ਹੋ ਸਕਦੇ ਹਨ?
ਉੱਤਰ : ਸਾਡੇ ਲਈ ਸਿੱਖਣ ਦੇ ਮੌਕੇ ਹਰ ਥਾਂ ਹਨ। ਅਸੀਂ ਆਪਣੇ ਗਲੀ-ਮੁਹੱਲੇ ਦੇ ਆਪਣੇ ਤੋਂ ਵੱਡੀ ਉਮਰ ਦੇ ਤੇ ਵੱਧ ਪੜ੍ਹੇ ਲੋਕਾਂ ਤੋਂ ਕੁੱਝ ਨਾ ਕੁੱਝ ਸਿੱਖ ਸਕਦੇ ਹਾਂ। ਸੂਝਵਾਨ ਮਨੁੱਖ ਆਪਣੀਆਂ ਗ਼ਲਤੀਆਂ ਤੇ ਅਸਫਲਤਾਵਾਂ ਤੇ ਦੂਜਿਆਂ ਦੇ ਤਜਰਬਿਆਂ ਤੋਂ ਵੀ ਸਿੱਖਦੇ ਹਨ।
ਪ੍ਰਸ਼ਨ (ੲ) ਲਾਇਬਰੇਰੀ ਸਿੱਖਣ ਦਾ ਸਾਧਨ ਕਿਵੇਂ ਹੈ?
ਉੱਤਰ : ਲਾਇਬਰੇਰੀ ਵਿਚ ਅਖ਼ਬਾਰਾਂ, ਰਸਾਲੇ ਤੇ ਚੰਗੀਆਂ ਪੁਸਤਕਾਂ ਹੁੰਦੀਆਂ ਹਨ, ਜਿਨ੍ਹਾਂ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ, ਇਸ ਕਰਕੇ ਇਹ ਸਿੱਖਿਆ ਦਾ ਚੰਗਾ ਸਾਧਨ ਹਨ।
ਪ੍ਰਸ਼ਨ (ਸ) ਵੱਡੇ ਸ਼ਹਿਰਾਂ ਵਿਚ ਸਿੱਖਿਆ ਦੀ ਹੋਰ ਕਿਹੜੀ ਸਹੂਲਤ ਮਿਲਦੀ ਹੈ?
ਉੱਤਰ : ਵੱਡੇ ਸ਼ਹਿਰਾਂ ਵਿਚ ਸਿੱਖਿਆ ਲਈ ਛੋਟੇ-ਛੋਟੇ ਕੋਰਸ, ਜੋ ਕਿ ਖਾਣਾ ਪਕਾਉਣ ਤੋਂ ਲੈ ਕੇ ਖ਼ੁਸ਼ ਰਹਿਣ ਦੀ ਜਾਚ ਤਕ ਸਿਖਾਉਣ ਨਾਲ ਸੰਬੰਧਿਤ ਹੁੰਦੇ ਹਨ, ਦੀ ਸਹੂਲਤ ਮਿਲਦੀ ਹੈ।
ਪ੍ਰਸ਼ਨ (ਹ) ਕੁੱਝ ਨਾ ਕੁੱਝ ਸਿੱਖਦੇ ਰਹਿਣ ਤੋਂ ਕੀ ਲਾਭ ਹੁੰਦਾ ਹੈ?
ਉੱਤਰ : ਕੁੱਝ ਨਾ ਕੁੱਝ ਸਿੱਖਦੇ ਰਹਿਣ ਨਾਲ ਮਨੁੱਖ ਦੀ ਸਿੱਖਿਆ ਵਿਚ ਕੂਲ੍ਹ ਦੇ ਸਦਾ ਵਗਦੇ ਪਾਣੀ ਵਾਂਗ ਤਾਜ਼ਗੀ ਰਹਿੰਦੀ ਹੈ। ਇਹ ਪਾਣੀ ਵੇਖਣ ਨੂੰ ਸੋਹਣਾ ਲਗਦਾ ਹੈ।