ਅਣਡਿੱਠਾ ਪੈਰਾ : ਸਿੰਧੂ ਜਲ ਸੰਧੀ


15 ਅਗਸਤ 1947 ਈਸਵੀ ਨੂੰ ਸਾਡਾ ਦੇਸ਼ ਅਜ਼ਾਦ ਹੋਇਆ। ਇਸ ਅਜ਼ਾਦੀ ਲਈ ਵੰਡ ਹੋਣ ਕਾਰਨ ਜਿੱਥੇ ਦੋ ਮੁਲਕ ਬਣੇ ਉੱਥੇ ਨਾਲ ਹੀ ਬਹੁਤ ਸਾਰੇ ਗੁੰਝਲਦਾਰ ਮੁੱਦੇ ਤੇ ਸਮੱਸਿਆਵਾਂ ਵੀ ਪੈਦਾ ਹੋਈਆਂ ; ਜਿਵੇਂ ਕਿ ਸ਼ਰਨਾਰਥੀਆਂ ਦੀ ਸਮੱਸਿਆ, ਜ਼ਮੀਨੀ ਵਿਵਾਦ, ਦੰਗੇ, ਜਾਇਦਾਦਾਂ ਦੀ ਮਲਕੀਅਤ ਦਾ ਮਸਲਾ, ਇਤਿਹਾਸਿਕ ਅਤੇ ਪੁਰਾਤੱਤਵ ਕਲਾਵਾਂ ਦੇ ਬਟਵਾਰੇ ਆਦਿ। ਇਹਨਾਂ ਤੋਂ ਇਲਾਵਾ ਇੱਕ ਹੋਰ ਵੱਡਾ ਮਸਲਾ ਸੀ ਜਿਸ ਦਾ 1960 ਈਸਵੀ ਤੱਕ ਫ਼ੈਸਲਾ ਨਾ ਹੋ ਸਕਿਆ। ਇਹ ਸੀ ਪਾਣੀ ਦੀ ਵੰਡ ਦਾ ਮੁੱਦਾ, ਜੋ ਭਾਵੇਂ ਬਹੁਤ ਗੰਭੀਰ ਮੁੱਦਾ ਸੀ ਪਰ ਇਸ ਦਾ ਫ਼ੈਸਲਾ ਬਹੁਤ ਬਾਅਦ ਵਿੱਚ ਕੀਤਾ ਗਿਆ। 1960 ਈਸਵੀ ਵਿੱਚ ਸਿੰਧੂ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਨੂੰ ਸਾਂਝਾ ਵਰਤਣ ਲਈ ਭਾਰਤ ਅਤੇ ਪਾਕਿਸਤਾਨ ਦੁਆਰਾ ਇੱਕ ਸਮਝੌਤੇ ‘ਤੇ ਦਸਖ਼ਤ ਕੀਤੇ ਗਏ, ਇਸ ਸਮਝੌਤੇ ਨੂੰ ‘ਸਿੰਧੂ ਜਲ ਸੰਧੀ’ ਦਾ ਨਾਂ ਦਿੱਤਾ ਗਿਆ। ਇਹ ਸੰਧੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਈਆਂ ਤਿੰਨ ਜੰਗਾਂ ਦੇ ਬਾਵਜੂਦ ਵੀ ਕਾਇਮ ਹੈ। ਭਾਰਤ ਵਿੱਚ ਤਿੰਨ ਮੁੱਖ ਨਦੀ ਜਲ ਪ੍ਰਨਾਲੀਆਂ ਹਨ ; ਜਿਵੇਂ ਕਿ ਗੰਗਾ ਨਦੀ ਪ੍ਰਨਾਲੀ, ਬ੍ਰਹਮਪੁੱਤਰ ਨਦੀ ਪ੍ਰਨਾਲੀ ਅਤੇ ਸਿੰਧੂ ਨਦੀ ਪ੍ਰਨਾਲੀ। ਗੰਗਾ ਨਦੀ ਪ੍ਰਨਾਲੀ ਭਾਰਤੀ ਅਤੇ ਨੇਪਾਲੀ ਖੇਤਰਾਂ ਤੱਕ ਸੀਮਤ ਹੈ ; ਬ੍ਰਹਮਪੁੱਤਰ ਨਦੀ ਪ੍ਰਨਾਲੀ ਤਿੱਬਤ ਖੇਤਰ ਤੋਂ ਆਪਣਾ ਪਾਣੀ ਲੈ ਰਹੀ ਹੈ। ਪਰ ਸਿੰਧੂ ਨਦੀ ਪ੍ਰਨਾਲੀ ਦਾ ਪ੍ਰਬੰਧਕੀ ਢਾਂਚਾ ਬਹੁਤ ਹੀ ਨਾਜ਼ੁਕਤਾ ਵਾਲਾ ਹੈ, ਕਿਉਂਕਿ ਇਹ ਨਦੀ ਪ੍ਰਨਾਲੀ ਭਾਰਤ ਦੇ ਨਾਲ-ਨਾਲ ਪਾਕਿਸਤਾਨ ਨਾਲ ਵੀ ਜੁੜੀ ਹੋਈ ਹੈ। ਇਸ ਦਾ ਪਿਛੋਕੜ ਇਹ ਹੈ ਕਿ ਵਿਸ਼ਵ ਬੈਂਕ ਦੀ ਮਦਦ ਨਾਲ ਭਾਰਤ ਅਤੇ ਪਾਕਿਸਤਾਨ ਦਰਮਿਆਨ ਨੌਂ ਸਾਲਾਂ ਦੀ ਗੱਲਬਾਤ ਤੋਂ ਬਾਅਦ ਸਤੰਬਰ, 1960 ਨੂੰ ਸਿੰਧੂ ਜਲ ਸੰਧੀ ‘ਤੇ ਦਸਖ਼ਤ ਕੀਤੇ ਗਏ, ਜੋ ਕਿ ਇੱਕ ਹਸਤਾਖ਼ਰਕਰਤਾ ਵੀ ਹੈ। ਇਸ ਸੰਧੀ ਨੂੰ ਵਿਸ਼ਵ ਇਤਿਹਾਸ ਵਿੱਚ ਸਭ ਤੋਂ ਸਫਲ ਅੰਤਰ-ਰਾਸ਼ਟਰੀ ਸੰਧੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਨੇ ਲਗਾਤਾਰ ਤਣਾਅ ਤੇ ਯੁੱਧਾਂ ਤੋਂ ਬਚਾਅ ਦੇ ਨਾਲ-ਨਾਲ ਅੱਧੀ ਸਦੀ ਤੋਂ ਵੱਧ ਸਮੇਂ ਲਈ ਸਿੰਚਾਈ ਅਤੇ ਪਣ-ਬਿਜਲੀ ਦੇ ਵਿਕਾਸ ਲਈ ਇੱਕ ਮਜ਼ਬੂਤ ਢਾਂਚਾ ਪ੍ਰਦਾਨ ਕੀਤਾ ਹੈ। ਇਹ ਸੰਧੀ, ਪੱਛਮੀ ਨਦੀਆਂ ਜਿਵੇਂ ਸਿੱਧੂ, ਜੇਹਲਮ, ਚਨਾਬ ਪਾਕਿਸਤਾਨ ਨੂੰ ਅਤੇ ਪੂਰਬੀ ਨਦੀਆਂ ਜਿਵੇਂ ਰਾਵੀ, ਬਿਆਸ, ਸਤਲੁਜ ਭਾਰਤ ਨੂੰ ਵੰਡਦੀ ਹੈ। ਇਸ ਦੇ ਨਾਲ ਹੀ, ਸੰਧੀ ਹਰੇਕ ਦੇਸ਼ ਨੂੰ ਦਰਿਆਵਾਂ ਦੀ ਨਿਰਧਾਰਤ ਵਰਤੋਂ ਦੀ ਆਗਿਆ ਦਿੰਦੀ ਹੈ।

ਪ੍ਰਸ਼ਨ 1. ਕਿਹੜੇ ਮਸਲੇ ਦਾ 1960 ਈਸਵੀ ਤੱਕ ਫੈਸਲਾ ਹੀ ਨਾ ਹੋ ਸਕਿਆ?

(ੳ) ਪਾਣੀ ਦੀ ਵੰਡ

(ਅ) ਸ਼ਰਨਾਰਥੀਆਂ ਦੀ ਵੰਡ

(ੲ) ਦੇਸ਼ ਦੀ ਵੰਡ

(ਸ) ਸੜਕਾਂ ਦੀ ਵੰਡ

ਪ੍ਰਸ਼ਨ 2. ਪਾਣੀ ਨੂੰ ਸਾਂਝਾ ਵਰਤਣ ਲਈ ਭਾਰਤ ਅਤੇ ਪਾਕਿਸਤਾਨ ਦੁਆਰਾ 1960 ਈਸਵੀ ਵਿੱਚ ਜਿਸ ਸਮਝੌਤੇ ‘ਤੇ ਦਸਖ਼ਤ ਕੀਤੇ ਗਏ, ਉਸ ਸਮਝੌਤੇ ਨੂੰ ਕੀ ਨਾਂ ਦਿੱਤਾ ਗਿਆ?

(ੳ) ਬ੍ਰਹਮਪੁੱਤਰ ਨਦੀ ਪ੍ਰਨਾਲੀ ਸੰਧੀ

(ਅ) ਗੰਗਾ ਨਦੀ ਪ੍ਰਨਾਲੀ ਸੰਧੀ

(ੲ) ਸਿੰਧੂ ਜਲ ਸੰਧੀ

(ਸ) ਇਤਿਹਾਸਿਕ ਅਤੇ ਪੁਰਾਤੱਤਵ ਕਲਾਵਾਂ ਸੰਧੀ

ਪ੍ਰਸ਼ਨ 3. ਗੰਗਾ ਨਦੀ ਪ੍ਰਨਾਲੀ ਕਿਹੜੇ ਖੇਤਰਾਂ ਤੱਕ ਸੀਮਤ ਹੈ?

(ੳ) ਚਨਾਬ ਖੇਤਰ

(ਅ) ਬਿਆਸ ਖੇਤਰ

(ੲ) ਤਿੱਬਤ ਖੇਤਰ

(ਸ) ਭਾਰਤੀ ਅਤੇ ਨੇਪਾਲੀ ਖੇਤਰ

ਪ੍ਰਸ਼ਨ 4. ਭਾਰਤ ਅਤੇ ਪਾਕਿਸਤਾਨ ਦਰਮਿਆਨ ਕਿੰਨੇ ਸਾਲਾਂ ਦੀ ਗੱਲਬਾਤ ਤੋਂ ਬਾਅਦ ਸਿੰਧੂ ਜਲ ਸੰਧੀ ‘ਤੇ ਦਸਖ਼ਤ ਕੀਤੇ ਗਏ?

(ੳ) ਨੌਂ

(ਅ) ਦਸ

(ੲ) ਗਿਆਰਾਂ

(ਸ) ਬਾਰਾਂ

ਪ੍ਰਸ਼ਨ 5. ਕਿਹੜੀ ਸੰਧੀ ਨੂੰ ਵਿਸ਼ਵ ਇਤਿਹਾਸ ਵਿੱਚ ਸਭ ਤੋਂ ਸਫਲ ਅੰਤਰ-ਰਾਸ਼ਟਰੀ ਸੰਧੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ?

(ੳ) ਇਤਿਹਾਸਿਕ ਅਤੇ ਪੁਰਾਤੱਤਵ ਕਲਾਵਾਂ ਸੰਧੀ

(ਅ) ਸਿੰਧੂ ਜਲ ਸੰਧੀ

(ੲ) ਜ਼ਮੀਨੀ ਵਿਵਾਦ ਸੰਧੀ

(ਸ) ਜਾਇਦਾਦਾਂ ਦੀ ਮਲਕੀਅਤ ਦੀ ਸੰਧੀ

ਪ੍ਰਸ਼ਨ 6. ਭਾਰਤ ਵਿੱਚ ਮੁੱਖ ਤੌਰ ‘ਤੇ ਕਿੰਨੀਆਂ ਨਦੀ ਜਲ ਪ੍ਰਨਾਲੀਆਂ ਹਨ?

(ੳ) 3

(ਅ) 1960

(ੲ) 1947

(ਸ) 6

ਪ੍ਰਸ਼ਨ 7. ਸਾਡਾ ਦੇਸ਼ ਕਦੋਂ ਅਜ਼ਾਦ ਹੋਇਆ?

(ੳ) 26 ਜਨਵਰੀ ,1950

(ਅ) 15 ਅਗਸਤ,1947

(ੲ) 26 ਨਵੰਬਰ, 1949

(ਸ) 15 ਅਗਸਤ, 1948

ਪ੍ਰਸ਼ਨ 8. ਪੈਰੇ ਅਨੁਸਾਰ ਪੱਛਮੀ ਨਦੀਆਂ ਕਿਹੜੀਆਂ ਹਨ?

(ੳ) ਸਿੰਧੂ

(ਅ) ਜੇਹਲਮ

(ੲ) ਚਨਾਬ

(ਸ) ਇਹ ਸਾਰੀਆਂ