ਅਣਡਿੱਠਾ ਪੈਰਾ : ਸ਼ਾਮ ਦੀ ਸੈਰ


ਸ਼ਾਮ ਦੀ ਸੈਰ ਵੀ ਕਿੰਨੀ ਗੁਣਕਾਰੀ, ਸੁਹਾਵਣੀ ਤੇ ਸਵਾਸਥ ਵਰਧਕ ਹੁੰਦੀ ਹੈ। ਸਾਰੇ ਦਿਨ ਦੀ ਮਿਹਨਤ ਨਾਲ ਤਨ-ਮਨ ਦੇ ਮੈਲੇ ਹੋਏ ਕੱਪੜੇ ਸ਼ਾਮ ਦੀ ਸੈਰ ਦੇ ਸਰਫ਼ ਨਾਲ ਤੁਰੰਤ ਸਾਫ਼ ਹੋ ਜਾਂਦੇ ਹਨ, ਦਿਮਾਗ਼ ਉਜਲ ਹੋ ਜਾਂਦਾ, ਬੁੱਧੀ ਨਿਰਮਲ ਹੋ ਜਾਂਦੀ, ਇਉਂ ਜਾਪਦਾ ਹੈ, ਇਹ ਸੈਰ ਨਹੀਂ, ਤੁਰਦੀ-ਫਿਰਦੀ ਟਕਸਾਲ ਹੈ, ਜਿਸ ਵਿਚ ਪੈ ਕੇ ਸੁਰਤਿ, ਮਨ, ਮਤ ਤੇ ਬੁਧਿ ਘੜੇ ਜਾਂਦੇ ਹਨ ਤੇ ਟਕਸਾਲੀ ਬਣ ਜਾਂਦੇ ਹਨ। ਖ਼ਰੇ ਸਿੱਕੇ ਵਾਂਗ ਹਰ ਥਾਂ ਚੱਲ ਸਕਦੇ ਹਨ, ਸ਼ਾਮ ਦੀ ਸੈਰ ਤੁਹਾਨੂੰ ਹਲਕਾ-ਫੁਲਕਾ ਕਰ ਦਿੰਦੀ ਹੈ, ਦਿਨ ਦੀ ਥਕਾਨ ਲਾਹੁੰਦੀ ਹੈ ਤੇ ਪੈਣ ਵਾਲੀ ਰਾਤ ਲਈ ਸੁਖਾਸਨ ਤਿਆਰ ਕਰਦੀ ਹੈ। ਤੁਸੀਂ ਤਰੋ-ਤਾਜ਼ਾ ਹੋ ਕੇ ਫੇਰ ਕੰਮ ਵਿਚ ਜੁਟ ਸਕਦੇ ਹੋ। ਰੱਜ ਕੇ ਭੋਜਨ ਛੱਕ ਸਕਦੇ ਹੋ। ਮਿੱਠੀ ਨੀਂਦ ਸੌਂ ਸਕਦੇ ਹੋ, ਲਾਲਚੀ ਡਾਕਟਰ ਨੂੰ ਆਪਣੇ ਤੋਂ ਪਰ੍ਹਾਂ ਰੱਖ ਸਕਦੇ ਹੋ ਤੇ ਲੋੜਵੰਦ ਲਈ ਦਰ ਖੁੱਲ੍ਹਾ ਛੱਡ ਸਕਦੇ ਹੋ, ਜਿਹੜਾ ਗੁਰੂ ਕੇ ਨਗਰ ਵਿਚ ਆ ਕੇ ਪਰਸ਼ਾਦੇ ਛੱਕ ਸਕੇ ਤੇ ‘ਗੁਰੂ ਦੀ ਸਰਾਏ’ ਵਿਚ ਰਾਤ ਭਰ ਬਿਸਰਾਮ ਕਰ ਸਕੇ।


ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ-

ਪ੍ਰਸ਼ਨ (ੳ) ਸ਼ਾਮ ਦੀ ਸੈਰ ਨੂੰ ਟਕਸਾਲ ਕਿਉਂ ਕਿਹਾ ਗਿਆ ਹੈ?

ਉੱਤਰ : ਸ਼ਾਮ ਦੀ ਸੈਰ ਨੂੰ ‘ਟਕਸਾਲ’ ਇਸ ਲਈ ਕਿਹਾ ਗਿਆ ਹੈ, ਕਿਉਂਕਿ ਇਸ ਵਿਚ ਪੈ ਕੇ ਸੁਰਤਿ, ਮਤ, ਮਨ ਤੇ ਬੁੱਧੀ ਘੜੇ ਜਾਂਦੇ ਹਨ।

ਪ੍ਰਸ਼ਨ (ਅ) ਸ਼ਾਮ ਦੀ ਸੈਰ ਦੇ ਕੀ ਗੁਣ ਹਨ?

ਉੱਤਰ : ਸ਼ਾਮ ਦੀ ਸੈਰ ਕਰਨ ਨਾਲ ਸਾਰੇ ਦਿਨ ਦੀ ਮਿਹਨਤ ਨਾਲ ਥੱਕਿਆ ਦਿਮਾਗ਼ ਉਜਲ ਹੋ ਜਾਂਦਾ ਹੈ ਤੇ ਬੁੱਧੀ ਨਿਰਮਲ ਹੁੰਦੀ ਹੈ। ਸਰੀਰ ਹਲਕਾ-ਫੁਲਕਾ ਤੇ ਤਰੋ-ਤਾਜ਼ਾ ਹੁੰਦਾ ਹੈ। ਇਸ ਨਾਲ ਭੁੱਖ ਲਗਦੀ ਹੈ ਤੇ ਮਿੱਠੀ ਨੀਂਦ ਆਉਂਦੀ ਹੈ। ਇਸ ਨਾਲ ਸਾਡਾ ਡਾਕਟਰਾਂ ਤੋਂ ਵੀ ਬਚਾਅ ਰਹਿੰਦਾ ਹੈ।

ਪ੍ਰਸ਼ਨ (ੲ) ਸ਼ਾਮ ਦੀ ਸੈਰ ਸਰੀਰ ਦੀ ਅਰੋਗਤਾ ਲਈ ਕਿਵੇਂ ਸਹਾਈ ਹੁੰਦੀ ਹੈ?

ਉੱਤਰ : ਸ਼ਾਮ ਦੀ ਸੈਰ ਕਰਨ ਨਾਲ ਸਰੀਰ ਹਲਕਾ-ਫੁਲਕਾ ਤੇ ਤੋਰ-ਤਾਜ਼ਾ ਹੁੰਦਾ ਹੈ। ਇਸ ਨਾਲ ਭੁੱਖ ਬਹੁਤ ਲਗਦੀ ਹੈ ਤੇ ਮਿੱਠੀ ਨੀਂਦ ਆਉਂਦੀ ਹੈ। ਸਰੀਰ ਰੋਗਾਂ ਤੋਂ ਬਚਿਆ ਰਹਿੰਦਾ ਹੈ। ਇਸ ਤਰ੍ਹਾਂ ਇਹ ਸਾਡੇ ਸਰੀਰ ਦੀ ਅਰੋਗਤਾ ਵਿਚ ਸਹਾਈ ਹੁੰਦੀ ਹੈ।

ਪ੍ਰਸ਼ਨ (ਸ) ਸ਼ਾਮ ਦੀ ਸੈਰ ਲਾਲਚੀ ਡਾਕਟਰ ਨੂੰ ਆਪਣੇ ਤੋਂ ਕਿਵੇਂ ਪਰ੍ਹਾਂ ਰੱਖ ਸਕਦੀ ਹੈ?

ਉੱਤਰ : ਸ਼ਾਮ ਦੀ ਸੈਰ ਨਾਲ ਮਨੁੱਖ ਦਾ ਸਰੀਰ ਅਰੋਗ ਰਹਿੰਦਾ ਹੈ ਤੇ ਉਸ ਨੂੰ ਮਿੱਠੀ ਨੀਂਦ ਆਉਂਦੀ ਹੈ। ਫਲਸਰੂਪ ਸ਼ਾਮ ਦੀ ਸੈਰ ਸਰੀਰ ਨੂੰ ਰੋਗਾਂ ਤੋਂ ਬਚਾ ਕੇ ਲਾਲਚੀ ਡਾਕਟਰ ਨੂੰ ਪਰ੍ਹਾਂ ਰੱਖ ਸਕਦੀ ਹੈ।