CBSEEducationਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ : ਸਫ਼ਾਈ


ਸਫ਼ਾਈ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਅਰੋਗ ਰਹਿਣ ਲਈ ਸਾਨੂੰ ਸਾਰਿਆਂ ਨੂੰ ਸਫ਼ਾਈ ਦੇ ਮਹੱਤਵ ਨੂੰ ਜਾਣਨ ਦੀ ਲੋੜ ਹੈ। ਮਨੁੱਖ ਨੂੰ ਨਾ ਕੇਵਲ ਆਪਣੇ ਸਰੀਰ ਦੀ ਹੀ ਸਫ਼ਾਈ ਰੱਖਣੀ ਚਾਹੀਦੀ ਹੈ ਸਗੋਂ ਆਪਣੇ ਘਰ ਅਤੇ ਆਲ਼ੇ-ਦੁਆਲ਼ੇ ਨੂੰ ਵੀ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਹਰ ਰੋਜ਼ ਨਹਾਈਏ ਅਤੇ ਸਾਫ਼-ਸੁਥਰੇ ਕੱਪੜੇ ਪਾਈਏ। ਸਰੀਰ ਨੂੰ ਅਰੋਗ ਰੱਖਣ ਲਈ ਦੰਦਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਨਹਾਉਣ ਸਮੇਂ ਸਾਨੂੰ ਸਾਫ਼-ਸੁਥਰੇ ਤੌਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ। ਗੰਦੇ ਅਥਵਾ ਦੂਸਰੇ ਦੇ ਤੌਲੀਏ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਾਡੀ ਖ਼ੁਰਾਕ ਵੀ ਸਾਫ਼- ਸੁਥਰੀ ਹੋਣੀ ਚਾਹੀਦੀ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਖਾਣ-ਪੀਣ ਵਾਲੀਆਂ ਚੀਜ਼ਾਂ ਢਕ ਕੇ ਰੱਖੀਏ ਤਾਂ ਜੋ ਇਹਨਾਂ ‘ਤੇ ਮੱਖੀਆਂ ਆਦਿ ਨਾ ਬੈਠਣ। ਖਾਣਾ ਖਾਣ ਤੋਂ ਪਹਿਲਾਂ ਸਾਨੂੰ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ। ਪੀਣ ਵਾਲਾ ਪਾਣੀ ਵੀ ਸਾਫ਼-ਸੁਥਰਾ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਸਾਡੇ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਘਰ ਦੀ ਵੀ ਸਫ਼ਾਈ ਰੱਖੀਏ। ਘਰਾਂ ਦੇ ਫਰਸ਼ ਆਦਿ ਦੀ ਸਫ਼ਾਈ ਸਮੇਂ ਫਿਨਾਇਲ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਮੱਖੀਆਂ ਅਤੇ ਮੱਛਰ ਆਦਿ ਦੂਰ ਰਹਿਣ। ਘਰ ਵਿੱਚ ਹਰ ਚੀਜ਼ ਥਾਂ ਸਿਰ ਪਈ ਹੋਣੀ ਚਾਹੀਦੀ ਹੈ ਅਤੇ ਕੂੜਾ ਆਦਿ ਸੁੱਟਣ ਲਈ ਖ਼ਾਸ ਜਗ੍ਹਾ ਹੋਣੀ ਚਾਹੀਦੀ ਹੈ । ਚਾਹੀਦਾ ਤਾਂ ਇਹ ਹੈ ਕਿ ਅਸੀਂ ਘਰ ਦਾ ਕੂੜਾ ਢਕ ਕੇ ਰੱਖੀਏ ਅਤੇ ਇਸ ਨੂੰ ਜਲਦੀ ਹੀ ਕਮੇਟੀ ਦੁਆਰਾ ਨਿਸ਼ਚਿਤ ਥਾਂ ‘ਤੇ ਸੁਟਵਾਉਣ ਦਾ ਪ੍ਰਬੰਧ ਕਰੀਏ। ਘਰ ਤੋਂ ਬਿਨਾਂ ਸਾਨੂੰ ਆਪਣੇ ਆਲ਼ੇ-ਦੁਆਲ਼ੇ ਦੀ ਸਫ਼ਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਕੋਸ਼ਸ ਕਰਨੀ ਚਾਹੀਦੀ ਹੈ ਕਿ ਘਰ ਤੋਂ ਬਾਹਰ ਦੀਆਂ ਨਾਲੀਆਂ ਸਾਫ਼ ਰਹਿਣ ਤੇ ਗਲੀਆਂ ਵਿੱਚ ਗੰਦਗੀ ਦੇ ਢੇਰ ਨਾ ਲੱਗਣ। ਜੇਕਰ ਲੋੜ ਪਵੇ ਤਾਂ ਨਗਰ- ਪਾਲਕਾ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਸਫ਼ਾਈ ਦਾ ਪ੍ਰਬੰਧ ਹੋ ਸਕੇ ਅਤੇ ਕਿਸੇ ਬਿਮਾਰੀ ਦਾ ਖ਼ਤਰਾ ਪੈਦਾ ਨਾ ਹੋਵੇ। ਬਰਸਾਤ ਦੇ ਦਿਨਾਂ ਵਿੱਚ ਤਾਂ ਸਾਨੂੰ ਸਫ਼ਾਈ ਵੱਲ ਹੋਰ ਵੀ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਬਰਸਾਤ ਦੇ ਦਿਨਾਂ ਵਿੱਚ ਮੱਖੀਆਂ-ਮੱਛਰਾਂ ਤੋਂ ਬਚਣ ਲਈ ਡੀ.ਡੀ.ਟੀ. ਦੀ ਵਰਤੋਂ ਕਰਨੀ ਚਾਹੀਦੀ ਹੈ। ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਾਰਵਜਨਿਕ ਥਾਂਵਾਂ ‘ਤੇ ਜਾਣ ਸਮੇਂ ਸਫ਼ਾਈ ਰੱਖਣ ਵਿੱਚ ਸਹਿਯੋਗ ਦੇਣ ਅਤੇ ਕੂੜਾ-ਕਰਕਟ ਤੇ ਫਲਾਂ ਦੇ ਛਿਲਕੇ ਆਦਿ ਨਿਸ਼ਚਿਤ ਥਾਂਵਾਂ ‘ਤੇ ਹੀ ਸੁੱਟਣ। ਸਫ਼ਾਈ ਰੱਖਣ ਵਿੱਚ ਹਰ ਮਨੁੱਖ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।


ਪ੍ਰਸ਼ਨ 1. ਸਾਡੇ ਜੀਵਨ ਵਿੱਚ ਕਿਸ ਦਾ ਬਹੁਤ ਮਹੱਤਵ ਹੈ?

(ੳ) ਰੋਟੀ ਦਾ

(ਅ) ਪੈਸੇ ਦਾ

(ੲ) ਸਫ਼ਾਈ ਦਾ

(ਸ) ਘਰ ਦਾ

ਪ੍ਰਸ਼ਨ 2. ਮਨੁੱਖ ਨੂੰ ਆਪਣੇ ਸਰੀਰ ਦੇ ਨਾਲ-ਨਾਲ ਹੋਰ ਕਿਸ ਦੀ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ?

(ੳ) ਦੇਸ ਦੀ

(ਅ) ਗੱਡੀਆਂ ਦੀ

(ੲ) ਘਰ ਅਤੇ ਆਲ਼ੇ-ਦੁਆਲ਼ੇ ਦੀ

(ਸ) ਬਜ਼ਾਰ ਦੀ

ਪ੍ਰਸ਼ਨ 3. ਸਰੀਰ ਨੂੰ ਅਰੋਗ ਰੱਖਣ ਲਈ ਕਿਹੜੇ ਅੰਗ ਦੀ ਸਫ਼ਾਈ ਵੱਲ ਧਿਆਨ ਦੇਣਾ ਚਾਹੀਦਾ ਹੈ?

(ੳ) ਹੱਥ

(ਅ) ਪੈਰ

(ੲ) ਅੱਖਾਂ

(ਸ) ਦੰਦ

ਪ੍ਰਸ਼ਨ 4. ਖਾਣਾ ਖਾਣ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

(ੳ) ਮੂੰਹ ਧੋਣਾ ਚਾਹੀਦਾ ਹੈ

(ਅ) ਹੱਥ ਧੋਣੇ ਚਾਹੀਦੇ ਹਨ

(ੲ) ਜਾਪ ਕਰਨਾ ਚਾਹੀਦਾ ਹੈ

(ਸ) ਸਿਰ ਧੋਣਾ ਚਾਹੀਦਾ ਹੈ

ਪ੍ਰਸ਼ਨ 5. ਮੱਖੀਆਂ ਅਤੇ ਮੱਛਰ ਤੋਂ ਬਚਾਅ ਲਈ ਘਰ ਦਾ ਫ਼ਰਸ਼ ਕਿਸ ਨਾਲ ਸਾਫ਼ ਕਰਨਾ ਚਾਹੀਦਾ ਹੈ?

(ੳ) ਤੇਲ ਨਾਲ

(ਅ) ਸਾਬਣ ਨਾਲ

(ੲ) ਫਿਨਾਈਲ ਨਾਲ

(ਸ) ਸਰਫ਼ ਨਾਲ

ਪ੍ਰਸ਼ਨ 6. ਨਾਲੀਆਂ ਆਦਿ ਦੀ ਸਫ਼ਾਈ ਲਈ ਕਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ?

(ੳ) ਨਗਰਪਾਲਿਕਾ ਦੇ ਅਧਿਕਾਰੀਆਂ ਨੂੰ

(ਅ) ਸਿਵਲ ਸਰਜਨ ਨੂੰ

(ੲ) ਡੀ. ਸੀ. ਨੂੰ

(ਸ ) ਐੱਸ. ਪੀ. ਨੂੰ

ਪ੍ਰਸ਼ਨ 7. ਸਫ਼ਾਈ ਰੱਖਣ ਵਿੱਚ ਹਰ ਮਨੁੱਖ ਨੂੰ ਕੀ ਪਾਉਣਾ ਚਾਹੀਦਾ ਹੈ?

(ੳ) ਪਾਣੀ

(ਅ) ਪੈਸਾ

(ੲ) ਯੋਗਦਾਨ

(ਸ) ਰੌਲਾ

ਪ੍ਰਸ਼ਨ 8. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

(ੳ) ਅਰੋਗਤਾ

(ਅ) ਸਾਫ਼-ਸੁਥਰਾ

(ੲ) ਸਫ਼ਾਈ

(ਸ) ਆਲਾ-ਦੁਆਲਾ