ਅਣਡਿੱਠਾ ਪੈਰਾ : ਵੱਡਾ ਘੱਲੂਘਾਰਾ


ਅਹਿਮਦ ਸ਼ਾਹ ਅਬਦਾਲੀ ਨੇ ਬਿਨਾਂ ਕਿਸੇ ਔਕੜ ਦੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਉਹ ਜੰਡਿਆਲਾ ਵੱਲ ਵਧਿਆ। ਇੱਥੇ ਪਹੁੰਚਣ ‘ਤੇ ਉਸ ਨੂੰ ਇਹ ਖ਼ਬਰ ਮਿਲੀ ਕਿ ਸਿੱਖ ਉੱਥੋਂ ਜਾ ਚੁੱਕੇ ਹਨ ਅਤੇ ਇਸ ਸਮੇਂ ਉਹ ਮਲੇਰਕੋਟਲਾ ਦੇ ਨੇੜੇ ਸਥਿਤ ਪਿੰਡ ਕੁੱਪ ਵਿਖੇ ਇਕੱਠੇ ਹਨ। ਇਸ ਲਈ ਉਹ ਬੜੀ ਤੇਜ਼ੀ ਨਾਲ ਮਲੇਰਕੋਟਲਾ ਵੱਲ ਵਧਿਆ। ਉਸ ਨੇ ਸਰਹਿੰਦ ਦੇ ਸੂਬੇਦਾਰ ਜੈਨ ਖ਼ਾਂ ਨੂੰ ਆਪਣੀਆਂ ਫ਼ੌਜਾਂ ਸਮੇਤ ਉੱਥੇ ਪਹੁੰਚਣ ਦਾ ਹੁਕਮ ਦਿੱਤਾ। ਇਸ ਸਾਂਝੀ ਫ਼ੌਜ ਨੇ 5 ਫ਼ਰਵਰੀ, 1762 ਈ. ਨੂੰ ਪਿੰਡ ਕੁੱਪ ਵਿੱਚ ਸਿੱਖਾਂ ‘ਤੇ ਅਚਾਨਕ ਹਮਲਾ ਕਰ ਦਿੱਤਾ।

ਸਿੱਖ ਉਸ ਸਮੇਂ ਆਪਣੇ ਪਰਿਵਾਰਾਂ ਨੂੰ ਕਿਸੇ ਸੁਰੱਖਿਅਤ ਥਾਂ ‘ਤੇ ਲੈ ਜਾ ਰਹੇ ਸਨ। ਉਸ ਸਮੇਂ ਉਨ੍ਹਾਂ ਦੇ ਸ਼ਸਤਰ ਅਤੇ ਹੋਰ ਭੋਜਨ ਸਾਮਗਰੀ ਗਰਮਾ ਪਿੰਡ, ਜੋ ਉੱਥੋਂ 6 ਕਿਲੋਮੀਟਰ ਦੂਰ ਸੀ, ਵਿਖੇ ਪਏ ਹੋਏ ਸਨ। ਸਿੱਖਾਂ ਨੇ ਆਪਣੀਆਂ ਇਸਤਰੀਆਂ ਅਤੇ ਬੱਚਿਆਂ ਨੂੰ ਚੌਹਾਂ  ਪਾਸਿਆਂ ਤੋਂ ਰੱਖਿਆ ਘੇਰਾ ਪਾ ਕੇ ਅਬਦਾਲੀ ਦੇ ਸੈਨਿਕਾਂ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ। ਪਰ ਸਿੱਖਾਂ ਦੇ ਕੋਲ ਸ਼ਸਤਰਾਂ ਦੀ ਘਾਟ ਹੋਣ ਕਾਰਨ ਉਹ ਜ਼ਿਆਦਾ ਸਮੇਂ ਤਕ ਉਨ੍ਹਾਂ ਦਾ ਮੁਕਾਬਲਾ ਨਾ ਕਰ ਸਕੇ। ਇਸ ਲੜਾਈ ਵਿੱਚ ਸਿੱਖਾਂ ਦਾ ਬੜਾ ਭਾਰੀ ਜਾਨੀ ਨੁਕਸਾਨ ਹੋਇਆ।


ਪ੍ਰਸ਼ਨ 1. ਵੱਡਾ ਘੱਲੂਘਾਰਾ ਕਦੋਂ ਅਤੇ ਕਿੱਥੇ ਵਾਪਰਿਆ?

ਉੱਤਰ : ਵੱਡਾ ਘੱਲੂਘਾਰਾ 5 ਫ਼ਰਵਰੀ, 1762 ਈ. ਨੂੰ ਕੁੱਪ ਵਿਖੇ ਵਾਪਰਿਆ।

ਪ੍ਰਸ਼ਨ 2. ਵੱਡੇ ਘੱਲੂਘਾਰੇ ਲਈ ਕੌਣ ਜਿੰਮੇਵਾਰ ਸੀ?

ਉੱਤਰ : ਵੱਡੇ ਘੱਲੂਘਾਰੇ ਲਈ ਅਹਿਮਦ ਸ਼ਾਹ ਅਬਦਾਲੀ ਜ਼ਿੰਮੇਵਾਰ ਸੀ।

ਪ੍ਰਸ਼ਨ 3. ਵੱਡੇ ਘੱਲੂਘਾਰੇ ਸਮੇਂ ਸਰਹਿੰਦ ਦਾ ਸੂਬੇਦਾਰ ਕੌਣ ਸੀ?

ਉੱਤਰ : ਵੱਡੇ ਘੱਲੂਘਾਰੇ ਸਮੇਂ ਸਰਹਿੰਦ ਦਾ ਸੂਬੇਦਾਰ ਜੈਨ ਖ਼ਾਂ ਸੀ।

ਪ੍ਰਸ਼ਨ 4. ਵੱਡੇ ਘੱਲੂਘਾਰੇ ਵਿੱਚ ਸਿੱਖਾਂ ਦੇ ਵਧੇਰੇ ਨੁਕਸਾਨ ਦੇ ਕੀ ਕਾਰਨ ਸਨ?

ਉੱਤਰ  : (i) ਸਿੱਖਾਂ ਕੋਲ ਸ਼ਸਤਰਾਂ ਦੀ ਬਹੁਤ ਘਾਟ ਸੀ।

(ii) ਉਸ ਸਮੇਂ ਸਿੱਖਾਂ ਦੀਆਂ ਇਸਤਰੀਆਂ ਅਤੇ ਬੱਚੇ ਨਾਲ ਸਨ।