ਅਣਡਿੱਠਾ ਪੈਰਾ : ਵਿਗਿਆਨ ਦੀਆਂ ਕਾਢਾਂ


ਹੇਠ ਲਿਖੇ ਵਾਰਤਕ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਹੇਠਾਂ ਪੁੱਛੇ ਗਏ ਬਹੁ-ਵਿਕਲਪੀ ਪ੍ਰਸ਼ਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਹਨਾਂ ਦੇ ਉੱਤਰ ਲਿਖੋ –


ਆਰਮ ਸਟਰਾਂਗ ਅਤੇ ਉਹਦੇ ਸਾਥੀ, ਜਿਹੜੇ ਪਹਿਲਾਂ ਚੰਨ ‘ਤੇ ਜਾ ਕੇ ਉੱਤਰੇ ਸਨ, ਵਾਪਸ ਆਏ ਤਾਂ ਉਨ੍ਹਾਂ ਨੂੰ ਕਿਸੇ ਨੇ ਪੁੱਛਿਆ ਕਿ ਕਿਹੜੇ ਸਾਇੰਸਦਾਨ ਨੇ ਤੁਹਾਨੂੰ ਚੰਨ ‘ਤੇ ਪਹੁੰਚਾਇਆ ਸੀ। ਉਨ੍ਹਾਂ ਦਾ ਜਵਾਬ ਸੀ ਨਿਊਟਨ ਨੇ। ਜੇ ਨਿਊਟਨ ਦੇ ਕੱਢੇ ਕੁਦਰਤੀ ਕਾਨੂੰਨ ਨਾ ਹੁੰਦੇ ਤਾਂ ਬਾਕੀ ਖੋਜ ਕਿਸ ਤਰ੍ਹਾਂ ਹੁੰਦੀ? ਪੰਜਾਬ ਵਿੱਚ ਕਹਾਵਤ ਹੈ ਕਿ ਫੂਹੀ-ਫੂਹੀ ਦਰਿਆ ਭਰਦਾ ਹੈ। ਇਲਮ ਦਾ ਦਰਿਆ ਵੀ ਫੂਹੀ-ਫੂਹੀ ਹੀ ਭਰਦਾ ਹੈ। ਇੱਕ ਆਦਮੀ ਤਜਰਬੇ ਅਤੇ ਵਿਚਾਰਾਂ ਕਰ ਕੇ ਕੁਝ ਗਿਆਨ ਪ੍ਰਾਪਤ ਕਰਦਾ ਹੈ। ਦੂਜਾ ਉਨ੍ਹਾਂ ’ਤੇ ਖੜ੍ਹਾ ਹੋ ਕੇ ਇਹਨਾਂ ਤਜਰਬਿਆਂ ਅਤੇ ਵਿਚਾਰਾਂ ਦੀ ਲੜੀ ਜਾਰੀ ਰੱਖਦਾ ਹੈ। ਤੀਜਾ ਹੋਰ ਅੱਗੇ। ਇਹ ਸਿਲਸਿਲਾ ਜਦ ਸਦੀਆਂ ਤਕ ਜਾਰੀ ਰਹਿੰਦਾ ਹੈ ਤਾਂ ਇਲਮ ਦਾ ਭੰਡਾਰ ਹਿਮਾਲੀਆ ਦੀਆਂ ਸਿਖ਼ਰਾਂ ਨੂੰ ਜਾ ਛੂੰਹਦਾ ਹੈ। ਇਨਸਾਨ ਨੇ ਕੁਝ ਸਦੀਆਂ ਵਿੱਚ ਬੇ-ਇੰਤਹਾ ਤਰੱਕੀ ਕੀਤੀ ਹੈ। ਕਿੱਥੇ ਖੁੰਦਰਾਂ ਵਿੱਚ ਰਹਿਣ ਵਾਲਾ ਅਤੇ ਕੰਦਮੂਲ ਖਾਣ ਵਾਲਾ ਬਣਮਾਹਣੂੰ ਅਤੇ ਕਿੱਥੇ ਪੰਜਾਹ ਮੰਜ਼ਲੇ ਮਕਾਨ ਵਿੱਚ ਰਹਿਣ ਵਾਲਾ, ਲਜ਼ੀਜ਼ ਤੋਂ ਲਜ਼ੀਜ਼ ਖਾਣੇ ਖਾਣ ਵਾਲਾ ਅਤੇ ਰੇਡੀਓ, ਟੈਲੀਵਿਜ਼ਨ ਅਤੇ ਟੈਲੀਫ਼ੋਨ ਦੁਆਰਾ ਸਾਰੇ ਸੰਸਾਰ ਦਾ ਦ੍ਰਿਸ਼ ਵੇਖਣ ਵਾਲਾ ਦੈਵੀ ਗੁਣਾਂ ਵਾਲਾ ਮਨੁੱਖ ! ਫੇਰ ਲੁੱਤਫ ਇਹ ਹੈ ਕਿ ਵਿਕਾਸ ਜਾਰੀ ਹੈ ਅਤੇ ਦਿਨੋ-ਦਿਨ ਗੱਡੀ ਤੇਜ਼ ਹੋ ਰਹੀ ਹੈ। ਪਰਮਾਤਮਾ ਹੀ ਜਾਣੇ ਕਿ ਇਨਸਾਨ ਨੇ ਕਿੱਥੇ ਦਾ ਕਿੱਥੇ ਪਹੁੰਚਣਾ ਹੈ।


ਪ੍ਰਸ਼ਨ. ਆਰਮ ਸਟਰਾਂਗ ਤੇ ਉਸ ਦੇ ਸਾਥੀਆਂ ਨੂੰ ਕਿਸ ਨੇ ਚੰਨ ‘ਤੇ ਪਹੁੰਚਾਇਆ ਸੀ?

(ੳ) ਨਿਊਟਨ ਨੇ

(ਅ) ਗਲੈਲੀਓ ਨੇ

(ੲ) ਕਿਸੇ ਸਾਇੰਸਦਾਨ ਨੇ

(ਸ) ਕਿਸੇ ਨੇ ਵੀ ਨਹੀਂ

ਪ੍ਰਸ਼ਨ. ਨਿਊਟਨ ਦੇ ਕਾਨੂੰਨ ਕਿਹੋ ਜਿਹੇ ਸਨ?

(ੳ) ਕੁਦਰਤੀ

(ਅ) ਪਹਾੜਾਂ ਬਾਰੇ

(ੲ) ਨਦੀਆਂ ਬਾਰੇ

(ਸ) ਮੈਡੀਕਲ ਬਾਰੇ

ਪ੍ਰਸ਼ਨ. ਇੱਕ ਆਦਮੀ ਕਿਸ ਤਰ੍ਹਾਂ ਗਿਆਨ ਪ੍ਰਾਪਤ ਕਰਦਾ ਹੈ?

(ੳ) ਸਿਰਫ਼ ਕਿਤਾਬਾਂ ਤੋਂ

(ਅ) ਤਜਰਬੇ ਅਤੇ ਵਿਚਾਰਾਂ ਕਰਕੇ

(ੲ) ਤਪੱਸਿਆ ਕਰਕੇ

(ਸ) ਗੁਰੂ ਤੋਂ

ਪ੍ਰਸ਼ਨ. ‘ਇਲਮ’ ਦਾ ਅਰਥ ਦੱਸੋ।

(ੳ) ਸਾਇੰਸ

(ਅ) ਭੰਡਾਰ

(ੲ) ਧਨ

(ਸ) ਗਿਆਨ

ਪ੍ਰਸ਼ਨ. ਬਣਮਾਹਣੂੰ ਕਿੱਥੇ ਰਹਿੰਦਾ ਸੀ?

(ੳ) ਪਹਾੜਾਂ ‘ਚ

(ਅ) ਖੁੰਦਰਾਂ ‘ਚ

(ੲ) ਬਹੁ-ਮੰਜਿਲੇ ਮਕਾਨਾਂ ‘ਚ

(ਸ) ਦਰਿਆਵਾਂ ‘ਚ

ਪ੍ਰਸ਼ਨ. ਸਾਰੇ ਸੰਸਾਰ ਦਾ ਦ੍ਰਿਸ਼ ਕਿਸ ਰਾਹੀਂ ਵੇਖਿਆ ਜਾ ਸਕਦਾ ਹੈ?

(ੳ) ਟੈਲੀਵਿਜ਼ਨ ਦੇ ਟੈਲੀਫੋਨ ਰਾਹੀਂ

(ਅ) ਸਿਰਫ਼ ਟੈਲੀਵਿਜ਼ਨ ਰਾਹੀਂ

(ੲ) ਵੀਡੀਓ ਰਾਹੀਂ

(ਸ) ਦੂਰਬੀਨ ਨਾਲ

ਪ੍ਰਸ਼ਨ. ਲੁਤਫ਼ ਵਾਲੀ ਕਿਹੜੀ ਗੱਲ ਹੈ?

(ੳ) ਬੇਇੰਤਹਾ ਤਰੱਕੀ

(ਅ) ਵਿਕਾਸ ਜਾਰੀ ਹੋਣਾ

(ੲ) ਬਹੁਮੰਜਿਲੇ ਮਕਾਨ

(ਸ) ਟੈਲੀਫੋਨ ਦੀ ਕਾਢ

ਪ੍ਰਸ਼ਨ. ਪੈਰੇ ਦਾ ਢੁਕਵਾਂ ਸਿਰਲੇਖ ਦੱਸੋ।

(ੳ) ਆਰਮ ਸਟਰਾਂਗ

(ਅ) ਵਿਗਿਆਨ ਦੀਆਂ ਕਾਢਾਂ

(ੲ) ਪ੍ਰਗਤੀਸ਼ੀਲ ਸੰਸਾਰ

(ਸ) ਚੰਨ ਦੀ ਯਾਤਰਾ